ਪਟਨਾ 'ਚ ਅੱਖੀਂ ਡਿੱਠੇ 350 ਸਾਲਾ ਸਮਾਗਮ (2)
Published : Oct 6, 2019, 11:01 am IST
Updated : Apr 9, 2020, 10:48 pm IST
SHARE ARTICLE
350th Anniversary Ceremony in Patna (2)
350th Anniversary Ceremony in Patna (2)

ਤਕਸ਼-ਸ਼ਿਲਾ ਅਤੇ ਨਾਲੰਦਾ ਇਸ ਰਾਜ ਦੀਆਂ ਪ੍ਰਸਿੱਧ ਯੂਨੀਵਰਸਟੀਆਂ ਸਨ ਅਤੇ ਦੂਰੋਂ-ਦੂਰੋਂ ਵਿਦਿਆਰਥੀ ਇਥੇ ਵਿਦਿਆ ਪ੍ਰਾਪਤ ਕਰਨ ਲਈ ਆਉਂਦੇ ਸਨ

ਅੱਜ ਪਟਨਾ ਸ਼ਹਿਰ ਪਹਿਲੀ ਵਾਰ ਵੇਖ ਰਿਹਾ ਸਾਂ। ਇਹ ਬਿਹਾਰ ਦੀ ਰਾਜਧਾਨੀ ਹੋਣ ਕਰ ਕੇ ਵੱਡਾ ਸ਼ਹਿਰ ਹੈ ਤੇ ਭਾਰਤ ਦੇ ਇਤਿਹਾਸ ਵਿਚ ਇਸ ਦਾ ਇਤਿਹਾਸਿਕ ਮਹੱਤਵ ਰਿਹਾ ਹੈ। ਗੁਰੂ ਜੀ ਦੇ ਪ੍ਰਕਾਸ਼ ਦਿਵਸ ਤੋਂ 2000 ਸਾਲ ਪਹਿਲਾਂ ਇਹ ਮਗਧ ਦੇਸ਼ ਦੀ ਰਾਜਧਾਨੀ ਸੀ ਤੇ ਇਸ ਦਾ ਨਾਂ ਪਾਟਲੀ-ਪੁੱਤਰ ਸੀ। ਇਥੋਂ ਦੇ ਰਾਜਾ ਬਿਕਰਮਜੀਤ ਦੇ ਨਾਂ 'ਤੇ ਬਿਕ੍ਰਮੀ ਸੰਮਤ ਦੀ ਸ਼ੁਰੂਆਤ ਹੋਈ। ਇਥੇ ਨੰਦ ਖ਼ਾਨਦਾਨ ਅਤੇ ਗੁਪਤ ਰਾਜਿਆਂ ਦਾ ਸਾਮਰਾਜ ਪੂਰੇ ਜਲੌਅ 'ਤੇ ਰਿਹਾ।

ਤਕਸ਼-ਸ਼ਿਲਾ ਅਤੇ ਨਾਲੰਦਾ ਇਸ ਰਾਜ ਦੀਆਂ ਪ੍ਰਸਿੱਧ ਯੂਨੀਵਰਸਟੀਆਂ ਸਨ ਅਤੇ ਦੂਰੋਂ-ਦੂਰੋਂ ਵਿਦਿਆਰਥੀ ਇਥੇ ਵਿਦਿਆ ਪ੍ਰਾਪਤ ਕਰਨ ਲਈ ਆਉਂਦੇ ਸਨ। ਅੱਜ ਤਕਸ਼-ਸ਼ਿਲਾ ਦਾ ਇਲਾਕਾ ਪਾਕਿਸਤਾਨ ਵਿਚ ਹੈ। ਉਸ ਵੇਲੇ ਇਹ ਰਾਜ ਬਹੁਤ ਵਿਸ਼ਾਲ ਸੀ। ਮਹਾਰਾਜਾ ਅਸ਼ੋਕ ਨੇ ਕਾਲਿੰਗਾ ਦੀ ਜੰਗ ਦੌਰਾਨ ਹੋਏ ਭਿਆਨਕ ਨਰ-ਸੰਘਾਰ ਤੋਂ ਬਾਅਦ ਸਦਾ ਲਈ ਜੰਗ ਤੋਂ ਕਿਨਾਰਾਕਸ਼ੀ ਕਰ ਲਈ ਅਤੇ ਅਪਣੀ ਵਿਚਾਰਧਾਰਾ ਨੂੰ ਬਦਲ ਕੇ ਬੁੱਧ ਧਰਮ ਅਪਣਾ ਲਿਆ।

ਵਿਆਕਰਣ ਦੇ ਪਿਤਾਮਾ ਮਹਾਂਰਿਸ਼ੀ ਪਾਣਿਨੀ ਨੇ ਅਪਣੀ ਪੁਸਤਕ 'ਅਸ਼ਟਾਧਿਆਏ' ਅਤੇ ਸੰਸਾਰ ਪ੍ਰਸਿੱਧ ਅਰਥਸ਼ਾਸਤਰੀ ਕੌਟਿਲਿਆ ਨੇ ਅਪਣੇ ਅਰਥ-ਸ਼ਾਸਤਰ ਦੀ ਰਚਨਾ ਇਸੇ ਧਰਤੀ ਉਤੇ ਕੀਤੀ। ਉਸ ਦੀ ਲਿਖੀ ਚਾਣਕਿਆ ਨੀਤੀ ਅੱਜ ਵੀ ਬਹੁਤ ਮਕਬੂਲ ਹੈ। ਇਸ ਧਰਤੀ ਨੂੰ ਮਹਾਤਮਾ ਬੁੱਧ, ਗੁਰੂ ਨਾਨਕ ਸਾਹਿਬ, ਗੁਰੂ ਤੇਗ ਬਹਾਦਰ ਸਾਹਿਬ ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਅਪਣੀ ਚਰਨਛੋਹ ਨਾਲ ਪਵਿੱਤਰ ਕੀਤਾ।

ਮੁੱਖ ਰਸਤਾ ਛੱਡ ਕੇ ਗਲੀਆਂ ਵਿਚ ਜਾਈਏ ਤਾਂ ਛੋਟੀ-ਇੱਟ ਦੀਆਂ ਬਣੀਆਂ ਪੁਰਾਣੀਆਂ ਇਮਾਰਤਾਂ ਅਜੇ ਵੀ ਮੌਜੂਦ ਹਨ। ਤਖ਼ਤ ਸਾਹਿਬ ਵਲ ਜਾਣ ਲਈ ਗਲੀਆਂ ਵਿਚੋਂ ਕਿੰਨੀ ਵਾਰ ਲੰਘਣਾ ਪਿਆ ਕਿਉਂਕਿ ਮੁੱਖ ਸੜਕ ਤੋਂ ਨਗਰ-ਕੀਰਤਨ ਵਾਪਸ ਆ ਰਿਹਾ ਸੀ, ਇਸ ਲਈ ਕਾਫ਼ੀ ਦੇਰ  ਰੁਕਣਾ ਪਿਆ। ਇਥੇ ਪੁੱਛ-ਪੜਤਾਲ ਦਫ਼ਤਰ ਅਤੇ ਇਕ ਪੁਲਿਸ ਮੁਲਾਜ਼ਮ ਕੋਲ ਪ੍ਰੋ. ਹਰਬੰਸ ਸਿੰਘ ਦੀ ਲਿਖੀ ਹੋਈ ਅਤੇ ਭਾਈ ਵੀਰ ਸਿੰਘ ਸਾਹਿਤ-ਸਦਨ, ਦਿੱਲੀ ਵਲੋਂ ਛਾਪ ਕੇ ਵੰਡੀ ਗਈ ਕਿਤਾਬ 'ਗੁਰੂ ਗੋਬਿੰਦ ਸਿੰਘ' ਹਿੰਦੀ ਵਿਚ ਵੇਖੀ।

ਮੈਂ ਤਖ਼ਤ ਸਾਹਿਬ ਦੇ ਦਫ਼ਤਰ ਪਤਾ ਕਰਨ ਲਈ ਗਿਆ ਪਰ ਉਥੇ ਚੇਅਰਮੈਨ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਸੀ। ਲੋਕਲ ਗੁਰਦਵਾਰਿਆਂ ਬਾਰੇ ਜਾਣਕਾਰੀ ਵਾਲੀ ਇਕ ਕਿਤਾਬ ਲੈ ਕੇ ਮੈਂ ਰੈਣ-ਬਸੇਰੇ ਲਈ ਵਾਪਸ ਸਰਾਂ ਵਿਚ ਆ ਗਿਆ। ਤਖ਼ਤ ਹਰਿਮੰਦਰ ਸਾਹਿਬ: ਸਵੇਰ ਹੋਈ, ਰਾਤ ਦੀ ਧੁੰਦ ਲੱਥ ਚੁੱਕੀ ਸੀ। ਸਾਹਮਣੇ ਤਖ਼ਤ ਸਾਹਿਬ ਦੀ ਦੁੱਧ ਚਿੱਟੀ ਇਮਾਰਤ ਬਹੁਤ ਸੋਹਣੀ ਦਿਸ ਰਹੀ ਸੀ। ਸਰਾਂ ਦੇ ਨਾਲ ਹੀ ਹੋਣ ਕਰ ਕੇ ਵੇਖਣ ਲਈ ਦਿਨੇ ਸੰਗਮਰਮਰੀ ਇਮਾਰਤ ਦੀ ਚਮਕ, ਰਾਤ ਨੂੰ ਬਿਜਲੀ ਰੌਸ਼ਨੀਆਂ ਦੀ ਸਜਾਵਟ ਅਤੇ ਸੁਣਨ ਲਈ ਕਥਾ-ਕੀਰਤਨ ਦੇ ਚਲ ਰਹੇ ਪ੍ਰਵਾਹ ਦਾ ਅਨੰਦ ਮਾਣਨ ਦੀ ਸਹੂਲਤ ਪ੍ਰਾਪਤ ਸੀ।

ਨਹਾ ਧੋ ਕੇ, ਤਿਆਰ ਹੋ ਕੇ ਤਖ਼ਤ ਸਾਹਿਬ ਮੱਥਾ ਟੇਕਣ ਚਲਾ ਗਿਆ। ਅੱਜ ਤੋਂ 350 ਸਾਲ ਪਹਿਲਾਂ ਇਸ ਅਸਥਾਨ 'ਤੇ ਦਸਮ ਪਾਤਸ਼ਾਹ ਨੇ ਹਿੰਦੁਸਤਾਨ ਦਾ ਇਤਿਹਾਸ ਬਦਲਣ ਅਤੇ ਗੁਰੂ ਨਾਨਕ ਪਾਤਿਸ਼ਾਹ ਦੇ ਨਿਰਮਲ ਪੰਥ ਦੇ ਰਾਹੀਆਂ ਨੂੰ ਜ਼ਾਬਤਾਬੱਧ ਕਰ ਕੇ ਸੰਸਾਰ ਦਾ ਸੱਭ ਤੋਂ ਨਿਆਰੀ ਦਿੱਖ ਵਾਲਾ ਆਦਰਸ਼ ਮਨੁੱਖ ਬਣਾ ਕੇ ਪੇਸ਼ ਕਰਨ ਲਈ ਗੁਰੂ ਤੇਗ ਬਹਾਦਰ ਜੀ ਅਤੇ ਮਾਤਾ ਗੁਜਰੀ ਜੀ ਦੇ ਘਰ ਜਨਮ ਲਿਆ, ਪਰ ਇਸ ਅਸਥਾਨ ਦਾ ਇਤਿਹਾਸ ਉਸ ਤੋਂ ਵੀ ਪਹਿਲਾਂ ਦਾ ਹੈ। ਤਖ਼ਤ ਸਾਹਿਬ ਦੇ ਇਸ ਇਤਿਹਾਸਕ ਸਥਾਨ 'ਤੇ ਗੁਰੂ ਨਾਨਕ ਸਾਹਿਬ ਨੇ ਪਹਿਲੀ ਉਦਾਸੀ ਸਮੇਂ ਸੰਮਤ ਬਿ. 1563 ਨੂੰ ਅਪਣੇ ਚਰਨ ਪਾਏ ਸਨ।

ਇਥੇ ਸਾਲਸ ਰਾਇ ਜੌਹਰੀ ਦਾ ਮਕਾਨ ਸੀ, ਜੋ ਗੁਰੂ ਜੀ ਦਾ ਸਿੱਖ ਬਣਿਆ। ਗੁਰੂ ਜੀ ਨੇ ਸਾਲਸ ਰਾਇ ਨੂੰ ਮੰਜੀ ਦਿਤੀ ਅਤੇ ਵੱਡਾ ਪ੍ਰਚਾਰ ਕੇਂਦਰ ਸਥਾਪਤ ਕੀਤਾ। ਇਹ ਘਰ ਬਾਅਦ ਵਿਚ ਜੌਹਰੀ ਕੀ ਸੰਗਤ ਦੇ ਨਾਂ ਨਾਲ ਪ੍ਰਸਿੱਧ ਹੋਇਆ। ਸਾਲਸ ਰਾਇ ਨੇ ਸੰਗਤ ਦੀ ਸਹੂਲਤ ਵਾਸਤੇ ਅਪਣੇ ਮਕਾਨ ਨੂੰ ਧਰਮਸ਼ਾਲਾ ਦੇ ਰੂਪ ਵਿਚ ਬਦਲ ਦਿਤਾ। ਛੇਵੇਂ ਪਾਤਿਸ਼ਾਹ ਵੇਲੇ ਇਹ ਅਸਥਾਨ ਪੂਰਬ ਕੀ ਸੰਗਤ ਦੇ ਨਾਂ ਨਾਲ ਜਾਣਿਆ ਜਾਂਦਾ ਸੀ। 1666 ਵਿਚ ਅਪਣੇ ਪ੍ਰਚਾਰ ਦੌਰੋ ਦੌਰਾਨ ਨੌਵੇਂ ਪਾਤਸ਼ਾਹ ਗੁਰੂ ਤੇਗ਼ ਬਹਾਦਰ ਜੀ, ਮਾਤਾ ਨਾਨਕੀ ਜੀ, ਧਰਮ ਪਤਨੀ ਗੁਜਰੀ ਜੀ, ਭਾਈ ਕ੍ਰਿਪਾਲ ਚੰਦ ਜੀ ਅਤੇ ਦਰਬਾਰੀ ਸਿੱਖਾਂ ਨਾਲ ਪਟਨਾ ਆਏ।

ਕੁੱਝ ਦਿਨ ਤਕ ਗਊਘਾਟ ਸਥਿਤ ਗੁ. ਬੜੀ ਸੰਗਤ ਦੇ ਸਥਾਨ 'ਤੇ ਠਹਿਰਨ ਤੋਂ ਬਾਅਦ ਧਰਮ-ਪ੍ਰਚਾਰ ਦੇ ਸਿਲਸਿਲੇ ਵਿਚ ਬੰਗਾਲ ਅਤੇ ਉੜੀਸਾ ਲਈ ਰਵਾਨਾ ਹੋਏ। ਇਧਰ ਪਟਨਾ ਵਿਚ ਗੁਰੂ-ਘਰ ਨਾਲ ਫ਼ਤਹਿ ਚੰਦ ਮੈਣੀ ਸੀ। ਰਾਜਾ ਮੈਣੀ ਨੇ ਗੁਰੂ ਜੀ ਦੇ ਪਰਿਵਾਰ ਨੂੰ (ਉਨ੍ਹਾਂ ਦੇ ਹੁਕਮ ਮੁਤਾਬਕ) ਸਾਲਸ ਰਾਇ ਦੀ ਹਵੇਲੀ ਵਾਲੀ ਥਾਂ ਨਵੀਂ ਇਮਾਰਤ ਬਣਾ ਕੇ ਠਹਿਰਾਇਆ। ਇਥੇ 22 ਦਸੰਬਰ 1666 (ਜਦੋਂ ਅੰਗਰੇਜ਼ਾਂ ਨੇ ਅੰਗਰੇਜ਼ੀ ਕੈਲੰਡਰ ਵਿਚ ਸੋਧ ਕੀਤੀ ਤਾਂ ਇਹ ਦਿਨ 1 ਜਨਵਰੀ 1667 ਹੋ ਗਿਆ) ਮੁਤਾਬਕ ਪੋਹ ਸੁਦੀ ਸਤਵੀਂ ਸੰਮਤ 1723 ਨੂੰ ਅੰਮ੍ਰਿਤ ਵੇਲੇ ਬਾਲ ਗੋਬਿੰਦ ਰਾਇ ਜੀ ਦਾ ਜਨਮ ਹੋਇਆ।

ਬਾਲ ਅਵਸਥਾ ਤੋਂ ਬਾਅਦ ਉਹ ਪੰਜਾਬ ਚਲੇ ਗਏ। ਬਾਅਦ ਵਿਚ ਇਸ ਅਸਥਾਨ ਤੇ ਸੁੰਦਰ ਗੁਰਦਵਾਰਾ ਬਣਿਆ ਜੋ ਅੱਜ ਸਿੱਖ ਪੰਥ ਦਾ ਦੂਜਾ ਤਖ਼ਤ ਹੈ। ਇਸ ਪਵਿੱਤਰ ਅਸਥਾਨ ਦੀ ਪੁਰਾਣੀ ਹੋ ਚੁੱਕੀ ਇਮਾਰਤ ਦੀ ਸੇਵਾ ਸੱਭ ਤੋਂ ਪਹਿਲਾਂ ਰਾਜਾ ਫ਼ਤਹਿ ਚੰਦ ਮੈਣੀ ਨੇ ਸੰਮਤ 1722 ਵਿਚ ਕਰਵਾਈ। ਇਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਨੇ 1837 ਵਿਚ ਇਮਾਰਤ ਦਾ ਨਿਰਮਾਣ ਸ਼ੁਰੂ ਕਰਵਾਇਆ ਜੋ 1839 ਵਿਚ ਮੁਕੰਮਲ ਹੋਇਆ। ਪਰ ਇਮਾਰਤ ਪੂਰੀ ਹੋਣ ਤੋਂ ਪਹਿਲਾਂ ਹੀ ਮਹਾਰਾਜਾ ਦੀ ਮੌਤ ਹੋ ਗਈ।

1934 ਵਿਚ ਬਿਹਾਰ ਵਿਚ ਆਏ ਭਿਆਨਕ ਭੂਚਾਲ ਕਾਰਨ ਇਸ ਇਮਾਰਤ ਵਿਚ ਤਰੇੜ ਆ ਗਈ। ਇਸ ਤੋਂ ਬਾਅਦ ਸ਼ਰਧਾਲੂਆਂ ਨੇ ਇਥੇ ਇਮਾਰਤਸਾਜ਼ੀ ਦੀ ਕਲਾ ਦਾ ਉੱਤਮ ਨਮੂਨਾ ਦਿਸਣ ਵਾਲਾ ਇਕ ਸੁੰਦਰ ਗੁਰਦੁਆਰਾ ਉਸਾਰਨ ਦਾ ਫ਼ੈਸਲਾ ਕੀਤਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ 10 ਨਵੰਬਰ 1954 ਨੂੰ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਮੌਕੇ ਪੰਜ ਮੰਜ਼ਿਲਾ ਇਮਾਰਤ ਦੀ ਨੀਂਹ ਰੱਖੀ ਗਈ ਅਤੇ ਤਿੰਨ ਸਾਲ ਬਾਅਦ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ (ਪੋਹ ਸੁਦੀ ਸਤਵੀਂ) ਮੌਕੇ ਇਸ ਇਮਾਰਤ ਦਾ ਨਿਰਮਾਣ ਪੂਰਾ ਹੋਇਆ।

ਉਸ ਸਮੇਂ ਇਮਾਰਤ 'ਤੇ ਲਗਭਗ 20 ਲੱਖ ਰੁਪਏ ਖ਼ਰਚ ਹੋਇਆ। ਉਦਘਾਟਨ ਸਮੇਂ ਮਹਾਰਾਜਾ ਪਟਿਆਲਾ ਸ. ਯਾਦਵਿੰਦਰ ਸਿੰਘ ਨੇ ਇਕ ਲੱਖ ਰੁਪਏ ਭੇਟ ਕੀਤਾ ਸੀ। ਪੰਜ ਮੰਜ਼ਿਲਾ ਇਮਾਰਤ ਹੇਠਾਂ ਤਹਿਖ਼ਾਨਾ ਹੈ। ਪਹਿਲੀ ਮੰਜ਼ਿਲ ਉਤੇ ਜਨਮ ਸਥਾਨ ਅਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼, ਦਸਮ ਗ੍ਰੰਥ ਦਾ ਪ੍ਰਕਾਸ਼, ਗੁਰੂ ਗੋਬਿੰਦ ਸਿੰਘ ਜੀ ਦੇ ਸ਼ਸਤਰ-ਖੜਾਵਾਂ ਅਤੇ ਸੁਨਹਿਰੀ ਰੰਗ ਦਾ (ਪਾਕਿਸਤਾਨ ਤੋਂ ਮੰਗਵਾਇਆ ਗਿਆ) ਚੋਲਾ ਜਿਹੜਾ ਉਨ੍ਹਾਂ ਨੇ 15 ਸਾਲ ਦੀ ਉਮਰ ਵਿਚ ਧਾਰਨ ਕੀਤਾ ਸੀ, ਦਰਸ਼ਨਾਂ ਵਾਸਤੇ ਰੱਖੇ ਗਏ ਹਨ। ਦੂਜੀ ਮੰਜ਼ਿਲ ਉਤੇ ਸੰਗਤ ਵਲੋਂ ਰਖਵਾਏ ਗਏ ਅਖੰਡ ਪਾਠਾਂ ਦੇ ਪ੍ਰਵਾਹ ਚਲਦੇ ਹਨ।

ਤੀਜੀ ਮੰਜ਼ਿਲ ਉਤੇ ਗੁਰੂ ਗ੍ਰੰਥ ਸਾਹਿਬ ਦੇ ਸੁਖ-ਆਸਨ ਕੀਤੇ ਜਾਂਦੇ ਹਨ। ਚੌਥੀ ਮੰਜ਼ਿਲ ਉਤੇ ਅੰਮ੍ਰਿਤ ਸੰਚਾਰ ਹੁੰਦਾ ਹੈ ਅਤੇ ਪੰਜਵੀਂ ਮੰਜ਼ਿਲ ਉਤੇ ਪੁਰਾਤਨ ਹੱਥ-ਲਿਖਤ ਬੀੜਾਂ ਨੂੰ ਸੁਰੱਖਿਅਤ ਰਖਿਆ ਗਿਆ ਹੈ। 350 ਸਾਲਾ ਸ਼ਤਾਬਦੀ ਦੇ ਸ਼ੁਰੂਆਤੀ ਪ੍ਰੋਗਰਾਮਾਂ ਵਿਚ ਸਾਰੇ ਭਾਰਤ ਵਿਚ ਕੱਢੀ ਗਈ ਜਾਗ੍ਰਿਤੀ ਯਾਤਰਾ 29 ਨਵੰਬਰ, 2016 ਦੀ ਰਾਤ ਨੂੰ ਘੁਮਾਣ ਪੁੱਜੀ ਅਤੇ 30 ਨਵੰਬਰ ਦੀ ਸਵੇਰ ਨੂੰ ਇਕ ਪੁਰਾਤਨ ਹੱਥ ਲਿਖਤ ਬੀੜ ਦੇ ਦਰਸ਼ਨ ਵੀ ਕਰਵਾਏ ਗਏ ਸਨ (ਜੋ ਬਾਬਾ ਦੀਪ ਸਿੰਘ ਦੀ ਹੱਥ-ਲਿਖਤ ਦੱਸੀ ਜਾਂਦੀ ਸੀ)। ਸਿੱਖ ਧਰਮ ਵਿਚ ਗੁਰੂ ਸਾਹਿਬ ਦੇ ਗੁਰਪੁਰਬਾਂ ਦੀਆਂ ਸ਼ਤਾਬਦੀਆਂ ਮਨਾਉਣ ਦੀ ਪਰੰਪਰਾ 17 ਜਨਵਰੀ 1967 ਨੂੰ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ 300ਵਾਂ ਪਾਵਨ-ਪ੍ਰਕਾਸ਼ ਗੁਰਪੁਰਬ ਸਾਰੇ ਸੰਸਾਰ ਵਿਚ ਮਨਾਉਣ ਨਾਲ ਸ਼ੁਰੂ ਹੋਈ।

ਇੱਥੇ ਕੰਪਲੈਕਸ ਵਿਚ ਪੁਰਾਣੀਆਂ ਇਮਾਰਤਾਂ ਨੂੰ ਤੋੜ ਕੇ ਨਵੀਂ ਬਿਲਡਿੰਗ ਅਤੇ ਅੰਡਰ-ਗਰਾਊਂਡ ਪਾਰਕਿੰਗ ਬਣਾਈ ਗਈ ਹੈ। ਇਹ ਉਸ ਸਮੇਂ ਦਾ ਸਾਲਸ ਰਾਇ ਜੌਹਰੀ ਦਾ ਮਕਾਨ ਗੁਰੂ ਨਾਨਕ ਸਾਹਿਬ ਦੀ ਚਰਨ-ਛੋਹ ਪ੍ਰਾਪਤ ਕਰ ਕੇ ਅਤੇ ਬਾਅਦ ਵਿਚ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ-ਸਥਾਨ ਹੋਣ ਕਰ ਕੇ ਸਾਰੀ ਦੁਨੀਆਂ ਵਿਚ ਅਪਣੀ ਵਖਰੀ ਪਛਾਣ ਧਾਰਨ ਕਰ ਗਿਆ ਅਤੇ ਅੱਜ ਤਖ਼ਤ ਹਰਿਮੰਦਰ ਸਾਹਿਬ ਦੇ ਰੂਪ ਵਿਚ ਸਾਡੇ ਸਾਹਮਣੇ ਹੈ ਜਿਥੇ ਹਰ ਰੋਜ਼ ਅਣਗਿਣਤ ਸੰਗਤ ਨਤਮਸਤਕ ਹੋ ਕੇ ਅਪਣੇ ਧੰਨ-ਭਾਗ ਸਮਝਦੀ ਹੈ।

ਗੁਰਦਵਾਰਾ ਬਾਲ ਲੀਲਾ: ਇਹ ਗੁਰਦਵਾਰਾ ਤਖ਼ਤ ਸਾਹਿਬ ਤੋਂ ਕਿਲੋਮੀਟਰ ਦੇ ਲਗਭਗ ਦੂਰੀ 'ਤੇ ਹੈ। ਇਥੇ ਰਾਜਾ ਫ਼ਤਹਿ ਚੰਦ ਮੈਣੀ ਦਾ ਮਹਿਲ ਸੀ। ਬਾਲ ਗੋਬਿੰਦ ਰਾਇ ਜੀ ਉਥੇ ਖੇਡਣ ਜਾਂਦੇ ਸਨ। ਰਾਜਾ ਫ਼ਤਹਿ ਚੰਦ ਦੀ ਰਾਣੀ ਮਨ ਹੀ ਮਨ ਅਰਦਾਸ ਕਰਦੀ ਸੀ ਕਿ ਉਨ੍ਹਾਂ ਵਰਗਾ ਲਾਲ ਉਸ ਦੇ ਘਰ ਜਨਮ ਲਵੇ। ਇਕ ਦਿਨ ਰਾਣੀ ਪ੍ਰਮਾਤਮਾ ਦੇ ਧਿਆਨ ਵਿਚ ਜੁੜੀ ਹੋਈ ਸੀ ਕਿ ਗੋਬਿੰਦ ਰਾਇ ਉਸ ਦੀ ਗੋਦ ਵਿਚ ਜਾ ਬੈਠੇ ਅਤੇ ਉਸ ਦੀ ਮਨ ਦੀ ਭਾਵਨਾ ਮੁਤਾਬਕ 'ਮਾਂ' ਕਹਿ ਕੇ ਪੁਕਾਰਿਆ। ਇਹ ਸੁਣ ਕੇ ਹੈਰਾਨ ਹੋਈ ਰਾਣੀ ਗਦ-ਗਦ ਹੋ ਉੱਠੀ, ਉਸ ਨੂੰ ਅਥਾਹ ਮਾਨਸਿਕ ਤ੍ਰਿਪਤੀ ਜੁ ਮਿਲੀ ਸੀ।

ਉਸ ਨੇ ਖ਼ੁਸ਼ ਹੋ ਕੇ ਗੋਬਿੰਦ ਰਾਇ ਅਤੇ ਉਨ੍ਹਾਂ ਦੇ ਸਾਥੀ ਬੱਚਿਆਂ ਨੂੰ ਘੁੰਗਣੀਆਂ (ਉਬਲੇ ਹੋਏ ਕਾਲੇ ਛੋਲੇ) ਖੁਆਈਆਂ ਅਤੇ ਕਿਹਾ ਕਿ ਜੇ ਮੈਨੂੰ ਮਾਂ ਕਿਹਾ ਹੈ ਤਾਂ ਪੁੱਤਰਾਂ ਵਾਂਗ ਜਦੋਂ ਮਰਜ਼ੀ ਆ ਜਾਇਆ ਕਰੋ। ਅੱਜ ਇਕ ਮਹਿਲ ਵਾਂਗ ਪ੍ਰਤੀਤ ਹੁੰਦਾ ਇਹ ਗੁਰਦੁਆਰਾ ਉਸ ਮੈਣੀ ਰਾਣੀ ਦੇ ਨਾਂ 'ਤੇ ਹੈ ਅਤੇ ਉਸ ਵਲੋਂ ਖੁਆਏ ਗਏ ਪ੍ਰਸ਼ਾਦ ਦੀ ਯਾਦ ਵਿਚ ਇਥੇ ਕੜਾਹ ਪ੍ਰਸ਼ਾਦਿ ਅਤੇ ਘੁੰਗਣੀਆਂ ਦਾ ਪ੍ਰਸ਼ਾਦਿ ਮਿਲਦਾ ਹੈ। ਇਹ ਗੁਰਦੁਆਰਾ ਇਤਿਹਾਸਕ ਹੁੰਦਾ ਹੋਇਆ ਵੀ ਤਖ਼ਤ ਸਾਹਿਬ ਦੀ ਮੈਨੇਜਮੈਂਟ ਕਮੇਟੀ ਦੀ ਬਜਾਏ ਨਿਰਮਲੇ ਸੰਤ ਬਾਬਾ ਕਸ਼ਮੀਰਾ ਸਿੰਘ ਭੂਰੀ ਵਾਲਿਆਂ ਦੇ ਅਧੀਨ ਹੈ।

ਇਥੇ ਮੱਥਾ ਟੇਕ ਕੇ ਸੱਜੇ ਪਾਸੇ ਵੇਖਦਿਆਂ ਸਾਹਮਣੇ ਗੁਰੂ ਗ੍ਰੰਥ ਸਾਹਿਬ ਦੇ ਇਕ ਪੰਨੇ ਦੀ ਕੈਮਰਾ ਫ਼ੋਟੋ ਲੈਮੀਨੇਸ਼ਨ ਕਰ ਕੇ ਲਾਈ ਨਜ਼ਰ ਆਉਂਦੀ ਹੈ ਜਿਸ ਦੇ ਹੇਠਾਂ ਇਬਾਰਤ ਲਿਖੀ ਹੋਈ ਹੈ ਕਿ ਇਸ ਸਰੂਪ ਉਤੇ ਗੁਰੂ ਗੋਬਿੰਦ ਜੀ ਦੇ ਹਸਤਾਖਰ ਹਨ। ਗੁਰਦੁਆਰਾ ਗੋਬਿੰਦ ਘਾਟ: ਇਥੋਂ ਅਸੀਂ ਗੁਰਦੁਆਰਾ ਗੋਬਿੰਦ ਘਾਟ ਦੇ ਦਰਸ਼ਨਾਂ ਨੂੰ ਚੱਲ ਪਏ। ਰਸਤੇ ਵਿਚ ਸਿੱਖ ਸੰਗਤ ਲਗਾਤਾਰ ਆ-ਜਾ ਰਹੀ ਸੀ। ਗੁਰਦਵਾਰਾ ਗੋਬਿੰਦ ਘਾਟ ਵਿਖੇ ਬਾਲ ਗੋਬਿੰਦ ਰਾਏ ਜੀ ਦੀਆਂ ਅਮਿੱਟ ਯਾਦਾਂ ਹਨ। ਇਥੇ ਰਚਾਏ ਕੌਤਕਾਂ ਵਿਚ ਉਹ ਅਪਣੇ ਬਚਪਨ ਦੇ ਸਾਥੀਆਂ ਦੀਆਂ ਦੋ ਫ਼ੌਜੀ ਟੁਕੜੀਆਂ ਬਣਾ ਕੇ ਦਿਖਾਵੇ ਦੀ (ਬਨਾਉਟੀ) ਲੜਾਈ ਲੜਦੇ, ਕਿਲ੍ਹੇ ਬਣਾਉਂਦੇ, ਉਨ੍ਹਾਂ ਨੂੰ ਫ਼ਤਹਿ ਕਰਨ ਦੇ ਤਰੀਕੇ ਦਸਦੇ ਅਤੇ ਜੇਤੂ ਫ਼ੌਜੀ ਟੁਕੜੀ ਨੂੰ ਇਨਾਮ ਵੀ ਦਿੰਦੇ।

ਇਸ ਉਮਰ ਵਿਚ ਬੱਚੇ ਬਾਹਰਲੀ ਦੁਨੀਆਂ ਤੋਂ ਅਭਿੱਜ ਅਪਣੀਆਂ ਹੀ ਖੇਡਾਂ ਵਿਚ ਮਸਤ ਹੁੰਦੇ ਹਨ ਅਤੇ ਮਹਾਰਾਜ ਬਚਪਨ ਵਿਚ ਹੀ ਇਕ ਨਿਪੁੰਨ ਫ਼ੌਜੀ ਜਰਨੈਲ ਦੀ ਤਰ੍ਹਾਂ ਅਗਵਾਈ ਦੇ ਰਹੇ ਸਨ। ਇਹ ਉਨ੍ਹਾਂ ਦੀ 42 ਸਾਲ ਦੀ ਸੀਮਿਤ ਜਿਹੀ ਉਮਰ ਵਿਚਲੇ ਜ਼ਿੰਦਗੀ ਦੇ ਸੰਘਰਸ਼ਮਈ ਬਿਖੜੇ ਪੈਂਡੇ ਵਿਚਲੀਆਂ ਅਸਾਵੀਆਂ ਜੰਗਾਂ ਦੀ ਝਲਕ ਮਾਤਰ ਸੀ ਅਤੇ ਖੇਡ-ਖੇਡ ਵਿਚ ਹੀ ਉਨ੍ਹਾਂ ਨੇ ਇਸ ਦੀ ਸ਼ੁਰੂਆਤ ਵੀ ਕਰ ਦਿਤੀ ਸੀ। ਇਥੇ ਹੀ ਪੰਡਿਤ ਸ਼ਿਵ-ਦੱਤ ਨੂੰ ਆਤਮਿਕ ਅਡੋਲਤਾ ਅਤੇ ਸਦੀਵੀਂ ਸ਼ਾਂਤੀ ਬਖ਼ਸ਼ੀ। ਮੂਰਤੀ ਪੂਜਾ ਤੋਂ ਹਟਾ ਕੇ ਇਕ ਅਕਾਲ-ਪੁਰਖ ਦੀ ਪੂਜਾ ਵਲ ਪ੍ਰੇਰਿਤ ਕੀਤਾ।

ਸੋਨੇ ਦੇ ਕੀਮਤੀ ਕੰਗਣ ਗੰਗਾ ਨਦੀ ਵਿਚ ਸੁੱਟ ਕੇ ਮਾਇਆ ਦਾ ਤਿਆਗ ਦਸਿਆ ਇਸ ਕਰ ਕੇ ਇਸ ਗੁਰਦੁਆਰੇ ਨੂੰ ਕੰਗਣ-ਘਾਟ ਵੀ ਕਿਹਾ ਜਾਂਦਾ ਹੈ। ਇਥੇ ਗੁਰਦੁਆਰੇ ਦੀ ਇਮਾਰਤ ਛੋਟੀ ਹੈ ਪਰ ਨਵੀਂ ਸਕੀਮ ਮੁਤਾਬਕ ਇਸ ਨੂੰ ਪਾਊਂਟਾ ਸਾਹਿਬ ਦੇ ਨਮੂਨੇ 'ਤੇ ਬਣਾਉਣ ਦਾ ਵਿਚਾਰ ਹੈ। ਪਹਿਲਾਂ ਗੰਗਾ ਬਿਲਕੁਲ ਗੁਰਦੁਆਰੇ ਦੇ ਨਾਲ ਵਗਦੀ ਸੀ ਕਿਉਂਕਿ ਗੁਰਦੁਆਰੇ ਵਾਲੇ ਯਾਦਗਾਰੀ ਸਥਾਨ ਤੋਂ ਗੋਬਿੰਦ ਰਾਇ ਜੀ ਨੇ ਕੰਗਣ ਨਦੀ ਵਿਚ ਸੁੱਟੇ ਸਨ ਪਰ ਹੁਣ ਨਦੀ ਨੇ ਰੁਖ਼ ਬਦਲ ਲਿਆ ਹੈ, ਇਹ ਅਸੀਂ ਅੱਗੇ ਵੇਖਣ ਚਲ ਪਏ। ਉਥੇ ਇਕ ਛੋਟੇ ਜਹਾਜ਼ (ਫ਼ੈਰੀ ਸਰਵਿਸ) ਵਿਚ ਕਾਫ਼ੀ ਲੋਕ ਚੜ੍ਹ ਰਹੇ ਸਨ। ਅਸੀਂ ਵੀ ਵੇਖਣ ਲਈ ਚੜ੍ਹ ਗਏ।

ਇਥੇ ਸੰਗਤ ਵਲੋਂ ਸਤਿਨਾਮ ਵਾਹਿਗੁਰੂ ਦੇ ਜਾਪ ਪਿਛੋਂ ਇਕ ਨੌਜੁਆਨ ਨੇ 'ਰਾਜ ਕਰੇਗਾ ਖ਼ਾਲਸਾ' ਦੇ ਜੈਕਾਰੇ ਛੱਡ ਦਿਤੇ। ਇਸ ਤੋਂ ਬਾਅਦ ਜਲ-ਸੈਨਾ ਦੇ ਕਰਮਚਾਰੀਆਂ ਵਲੋਂ ਵੀ ਸੰਗਤ ਵਿਚ ਘੁਲ-ਮਿਲ ਕੇ ਕਾਰਡਲੈੱਸ ਮਾਈਕ 'ਤੇ ਵੱਧ-ਚੜ੍ਹ ਦੇ ਇਹ ਜੈਕਾਰੇ ਲਾਏ ਗਏ। ਜਹਾਜ਼ ਚੱਲਣ 'ਤੇ ਅਸੀਂ ਸੋਚਿਆ ਕਿ ਛੋਟਾ ਜਿਹਾ ਝੂਟਾ ਦੇ ਕੇ ਉਤਾਰ ਦੇਣਗੇ ਪਰ ਅੱਗੇ ਜਾ ਕੇ ਪਤਾ ਲੱਗਾ ਕਿ ਇਹ ਗਊ ਘਾਟ ਵਲ ਜਾ ਰਿਹਾ ਹੈ, ਜੋ ਉਥੋਂ 9-10 ਕਿਲੋਮੀਟਰ ਦੂਰ ਹੈ। ਸਬੱਬ ਨਾਲ ਹੀ ਉਧਰ ਦੇ ਦਰਸ਼ਨ ਦਾ ਵੀ ਮੌਕਾ ਬਣ ਗਿਆ ਸੀ।  (ਬਾਕੀ ਅਗਲੇ ਹਫ਼ਤੇ)

-ਗਿਆਨੀ ਜਨਰਲ ਸਟੋਰ, ਘੁਮਾਣ (ਗੁਰਦਾਸਪੁਰ), ਸੰਪਰਕ : 94179-96797

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

"ਜੇ ਮੈਂ ਪ੍ਰੋਡਿਊਸਰ ਹੁੰਦਾ ਮੈਂ 'PUNJAB 95' ਚਲਾ ਦੇਣੀ ਸੀ', ਦਿਲਜੀਤ ਦੋਸਾਂਝ ਦੇ ਦਿਲ ਦੇ ਫੁੱਟੇ ਜਜ਼ਬਾਤ "

19 Oct 2025 3:06 PM

ਜਿਗਰੀ ਯਾਰ ਰਾਜਵੀਰ ਜਵੰਦਾ ਦੀ ਅੰਤਮ ਅਰਦਾਸ 'ਚ ਰੋ ਪਿਆ ਰੇਸ਼ਮ ਅਨਮੋਲ

18 Oct 2025 3:17 PM

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM

Rajvir Jawanda daughter very emotional & touching speech on antim ardaas of Rajvir Jawanda

17 Oct 2025 3:17 PM

2 ਭੈਣਾਂ ਨੂੰ ਕੁਚਲਿਆ Thar ਨੇ, ਇਕ ਦੀ ਹੋਈ ਮੌਤ | Chd Thar News

16 Oct 2025 3:10 PM
Advertisement