ਮੇਰੀ ਦੁਬਈ ਯਾਤਰਾ
Published : Nov 8, 2022, 12:46 pm IST
Updated : Nov 8, 2022, 12:46 pm IST
SHARE ARTICLE
Dubai
Dubai

ਮਿਤੀ 13/08/2022 ਦਿਨ ਸ਼ਨੀਵਾਰ,  ਬੱਚਿਆਂ ਲਈ ਮਸਾਂ ਆਇਆ। ਇਸ ਦਿਨ ਮੇਰੇ ਬੱਚੇ ਪਹਿਲੀ ਵਾਰੀ ਜਹਾਜ਼ ਵਿਚ ਸਫ਼ਰ ਕਰਨ ਜਾ ਰਹੇ ਸੀ।

 

ਮਿਤੀ 13/08/2022 ਦਿਨ ਸ਼ਨੀਵਾਰ,  ਬੱਚਿਆਂ ਲਈ ਮਸਾਂ ਆਇਆ। ਇਸ ਦਿਨ ਮੇਰੇ ਬੱਚੇ ਪਹਿਲੀ ਵਾਰੀ ਜਹਾਜ਼ ਵਿਚ ਸਫ਼ਰ ਕਰਨ ਜਾ ਰਹੇ ਸੀ। ਮਿਤੀ 14/08/2022 ਨੂੰ ਸਾਡੀ ਅੰਮ੍ਰਿਤਸਰ ਸਾਹਿਬ ਰਾਜਾ ਸਾਂਸੀ ਏਅਰਪੋਰਟ ਤੋਂ ਦੁਬਈ ਦੀ ਉੜਾਨ ਤਕਰੀਬਨ 2 ਵਜੇ ਸੀ। ਰਖੜੀ ਦਾ ਤਿਉਹਾਰ ਹੋਣ ਕਰ ਕੇ ਘਰ ਵਿਚ ਪਹਿਲਾਂ ਹੀ ਬੜੀ ਰੌਣਕ ਸੀ। ਭੈਣਾਂ ਆਈਆਂ ਹੋਈਆਂ ਸਨ ਅਤੇ ਮੇਰੀ ਇਕ ਭਣੇਵੀਂ ਅਮਰੀਕਾ ਤੋਂ ਵੀ ਆਈ ਹੋਈ ਸੀ। ਇਨ੍ਹਾਂ ਸਾਰਿਆਂ ਤੋਂ ਵਿਦਾ ਲੈ ਕੇ ਮੇਰੇ ਬੱਚੇ, ਮੈਂ ਅਤੇ ਮੇਰੇ ਪਤੀ  ਚਾਈਂ ਚਾਈਂ ਏਅਰਪੋਰਟ ਪਹੁੰਚੇ। ਪਰੰਤੂ ਉਥੇ ਜਾ ਕੇ ਸਾਨੂੰ ਪਤਾ ਚਲਿਆ ਕਿ ਫ਼ਲਾਈਟ 9 ਘੰਟੇ ਲੇਟ ਹੋ ਗਈ ਸੀ। ਸਾਰਾ ਦਿਨ ਏਅਰਪੋਰਟ ’ਤੇ ਬੈਠ ਕੇ ਇੰਤਜ਼ਾਰ ਕੀਤਾ।

ਆਖ਼ਰ ਉਹ ਸਮਾਂ ਆ ਗਿਆ ਜਿਸ ਦਾ ਮੇਰੇ ਬੱਚਿਆਂ ਨੂੰ ਬੜੀ ਬੇਸਬਰੀ ਨਾਲ ਇੰਤਜ਼ਾਰ ਸੀ। ਅਸੀਂ ਸਮਾਨ ਜਮ੍ਹਾਂ ਕਰਾ ਕੇ ਅਤੇ ਬਾਕੀ ਦੀ ਫ਼ਾਰਮੈਲਟੀ ਕਰਾ ਕੇ ਜਹਾਜ਼ ਵਿਚ ਸਵਾਰ ਹੋ ਗਏ। ਮੇਰੇ ਬੱਚੇ ਬੜੇ ਖ਼ੁਸ਼ ਸਨ। ਬੱਚਿਆਂ ਨੂੰ ਖੁਸ਼ ਵੇਖ ਕੇ ਅਸੀਂ ਵੀ ਬਹੁਤ ਖ਼ੁਸ਼ ਸੀ। ਉਨ੍ਹਾਂ ਦਾ ਹਵਾਈ ਜਹਾਜ਼ ਦਾ ਇਹ ਪਹਿਲਾ ਸਫ਼ਰ ਸੀ। ਜਹਾਜ਼ ਵਿਚ ਲੋਕ ਆਪੋ ਅਪਣੀਆਂ ਸੀਟਾਂ ਲੱਭ ਰਹੇ ਸੀ। ਏਅਰਹੋਸਟੈੱਸ ਲੋਕਾਂ ਨੂੰ ਉਨ੍ਹਾਂ ਦੀਆਂ ਸੀਟਾਂ ’ਤੇ ਬਿਠਾਉਣ ਵਿਚ ਮਦਦ ਕਰ ਰਹੀਆਂ ਸਨ। 
ਤਿੰਨ ਘੰਟੇ ਬਾਅਦ ਅਸੀਂ ਦੁਬਈ ਏਅਰਪੋਰਟ ’ਤੇ ਪਹੁੰਚ ਗਏ। ਸਾਡਾ ਹੋਟਲ ਡਰਾਈਵਰ ਮੇਰੇ ਘਰਵਾਲੇ ਤਰਸੇਮ ਸਿੰਘ ਦੇ ਨਾਮ ਦੀ ਤਖ਼ਤੀ ਫੜੀ ਏਅਰਪੋਰਟ ਦੇ ਬਾਹਰ ਸਾਡਾ ਇੰਤਜ਼ਾਰ ਕਰ ਰਿਹਾ ਸੀ।

ਅਸੀਂ ਉਸ ਦੇ ਕੋਲ ਗਏ ਅਤੇ ਅਪਣੀ ਆਈ. ਡੀ. ਵਿਖਾ ਕੇ ਉਸ ਦੇ ਨਾਲ ਹੋਟਲ ਜਾਣ ਲਈ ਗੱਡੀ ਵਿਚ ਬੈਠ ਗਏ। ਵੀਹ ਕੁ ਮਿੰਟਾਂ ਬਾਅਦ ਅਸੀ ਹੋਟਲ ‘ਸਿਟੀ ਮੈਕਸ’ ਪਹੁੰਚ ਗਏ। ਥੋੜ੍ਹਾ ਸਮਾਂ ਕਮਰੇ ਵਿਚ ਆਰਾਮ ਕਰ ਕੇ ਅਸੀ ਰਾਤ ਦੀ ਰੋਟੀ ਖਾਣ ਲਈ ਹੋਟਲ ਵਿਚ ਬਣੇ ਰੈਸਟੋਰੈਂਟ ਵਿਚ ਚਲੇ ਗਏ ਅਤੇ ਰੋਟੀ ਖਾ ਕੇ  ਵਾਪਸ ਅਪਣੇ ਕਮਰੇ ਵਿਚ ਸੌਣ ਲਈ ਆ ਗਏ।

ਦੂਜੇ ਦਿਨ ਮਿਤੀ 15/8/2022 ਨੂੰ ਅਸੀ ਸਿਟੀ ਟੂਰ ਤੇ ਜਾਣਾ ਸੀ। ਸਾਨੂੰ ਸਾਡਾ ਡਰਾਈਵਰ ਹੋਟਲ ਅੰਦਰ ਲੈਣ ਆ ਗਿਆ ਅਤੇ ਅਸੀ ਉਸ  ਨਾਲ ਗੱਡੀ ਵਿਚ ਬੈਠ ਕੇ ਸਿਟੀ ਟੂਰ ਲਈ ਚਲ ਪਏ। ਸਾਡੇ ਤੋਂ ਇਲਾਵਾ ਗੱਡੀ ਵਿਚ ਕੁੱਝ ਹੋਰ ਪ੍ਰਵਾਰ ਵੀ ਸਨ ਜਿਨ੍ਹਾਂ ਵਿਚ ਇਕ ਪ੍ਰਵਾਰ ਯੁਗਾਂਡਾ ਦਾ ਵੀ ਸੀ ਅਤੇ ਸਾਡੇ ਗਾਈਡ ਪਾਕਿਸਤਾਨ ਤੋਂ ਸਨ ਜਿਨ੍ਹਾਂ ਨੇ ਸਾਨੂੰ ਬਹੁਤ ਹੀ ਬਰੀਕੀ ਨਾਲ ਸ਼ਹਿਰ ਬਾਰੇ ਦਸਿਆ ਅਤੇ ਬਹੁਤ ਹੀ ਵਧੀਆ ਥਾਵਾਂ ਵੀ ਵਿਖਾਈਆਂ ਤੇ ਬਾਅਦ ਵਿਚ ਗੱਡੀ ਵਾਲੇ ਸਾਨੂੰ ਸਾਡੇ ਬਣੇ ਹੋਏ ਪੈਕੇਜ ਮੁਤਾਬਕ ਚੁੰਬਈ ਮਾਲ ਛੱਡ ਗਏ ਜਿਥੇ ਅਸੀ ਸ਼ਾਮੀਂ 7 ਵਜੇ ਬੁਰਜ ਖ਼ਲੀਫਾ ਅੰਦਰ ਜਾਣ ਦੀਆਂ ਟਿਕਟਾਂ ਲਈਆ ਹੋਈਆ ਸਨ। ਅਸੀ ਤਕਰੀਬਨ 7 ਵਜੇ ਬੁਰਜ ਖ਼ਲੀਫਾ ਵੇਖਣ ਲਈ ਪਹੁੰਚ ਗਏ।

ਉਸ ਦਿਨ ਮੌਸਮ ਸਾਫ਼ ਨਾ ਹੋਣ ਕਰ ਕੇ ਕੋਈ ਵੀ ਬਿਲਡਿੰਗ ਸਾਫ਼ ਦਿਖਾਈ ਨਹੀਂ ਦੇ ਰਹੀ ਸੀ। ਅਸੀ ਅਪਣੀਆ ਟਿਕਟਾਂ ਦਿਖਾ ਕੇ ਅੰਦਰ ਚਲੇ ਗਏ। ਉੱਥੇ ਜਾ ਕੇ ਅਸੀ ਕੁੱਝ ਯਾਦਗਾਰੀ ਤਸਵੀਰਾਂ ਖਿੱਚੀਆਂ ਅਤੇ ਵਾਪਸ ਆ ਗਏ ਵਾਪਸ ਆ ਕੇ ਅਸੀ ਅਪਣੇ ਡਰਾਈਵਰ ਨੂੰ ਫ਼ੋਨ ਕਰ ਕੇ ਸੱਦਿਆ ਅਤੇ ਹੋਟਲ ਵਿਚ ਵਾਪਸ ਆ ਗਏ।

ਤੀਜੇ ਦਿਨ 16/08/2022 ਨੂੰ ਅਸੀ ਪੈਕੇਜ ਮੁਤਾਬਕ ਡੈਜ਼ਰਟ ਸਫ਼ਾਰੀ ਜਾਣਾ ਸੀ। ਸਹੀ ਸਮੇਂ ਤੇ ਸਾਡਾ ਡਰਾਈਵਰ ਜਿਸ ਦਾ ਨਾਮ ਅਮਜਦ ਖ਼ਾਨ  ਸੀ ਜੋ ਕਿ ਪਾਕਿਸਤਾਨੀ ਸੀ, ਸਾਨੂੰ ਲੈਣ ਲਈ ਹੋਟਲ ਆ ਗਿਆ। ਉਸ ਨੇ ਸਾਨੂੰ ਦਸਿਆ ਕਿ ਡੈਜ਼ਰਟ ਸਫ਼ਾਰੀ ਜਾਣ ਤੋਂ ਪਹਿਲਾਂ ਗੱਡੀ ਦੇ ਟਾਇਰਾਂ ਵਿਚ ਹਵਾ ਥੋੜ੍ਹੀ ਜਿਹੀ ਘੱਟ ਕਰਨੀ ਪੈਂਦੀ ਹੈ ਤਾਂ ਜੋ ਰੇਤੇ ’ਤੇ  ਗੱਡੀ ਸਹੀ ਤਰੀਕੇ ਨਾਲ ਚਲ ਸਕੇ।  ਜਦ ਅਸੀਂ ਡੈਜ਼ਰਟ ਸਫ਼ਾਰੀ  ਪਹੁੰਚੇ ਤਾਂ ਉਹ ਦਿਨ ਸਾਡੇ ਲਈ ਸਭ ਤੋਂ ਵੱਧ ਖ਼ੁਸ਼ੀ ਵਾਲਾ ਸੀ ਕਿਉਂਕਿ  ਸਭ ਤੋਂ  ਵੱਧ ਅਨੰਦ ਇਸੇ ਦਿਨ ਰੇਤੇ ’ਤੇ ਆਇਆ। ਸਾਡੇ ਡਰਾਈਵਰ ਨੇ ਸਾਨੂੰ ਸੀਟ ਬੈਲਟ ਲਗਾਉਣ ਲਈ ਕਿਹਾ ਅਤੇ ਗੱਡੀ ਰੇਤੇ ਦੇ ਬਣੇ ਪਹਾੜਾਂ ਤੇ ਚੜ੍ਹਾ ਦਿਤੀ। ਬੱਚੇ ਬਹੁਤ ਜ਼ਿਆਦਾ ਆਨੰਦ ਮਾਣ ਰਹੇ ਸੀ।

ਸਾਨੂੰ ਵੀ ਬਹੁਤ ਮਜ਼ਾ ਆਇਆ ਪਰ ਕੁੱਝ ਸਮੇਂ ਬਾਅਦ ਹੀ ਸਾਡੇ ਪਿੱਛੇ ਆਉਂਦੀ ਇਕ ਗੱਡੀ ਰੇਤੇ ਵਿਚ ਫਸ ਗਈ। ਸਾਡੇ ਡਰਾਈਵਰ ਨੇ ਗੱਡੀ ਰੋਕ ਕੇ ਉਨ੍ਹਾਂ ਦੀ ਮਦਦ ਕੀਤੀ।  ਰਾਤ ਨੂੰ ਅਸੀ ਪੈਕੇਜ ਮੁਤਾਬਕ ਅਪਣੇ ਕੈਂਪ ਵਿਚ ਚਲੇ ਗਏ। ਉੱਥੇ ਅਸੀਂ ਊਠਾਂ ਦੀ ਸਵਾਰੀ ਕੀਤੀ ਅਤੇ ਚਾਹ ਪਾਣੀ ਪੀਤਾ ਤੇ ਰਾਤ ਦੀ ਰੋਟੀ ਵੀ ਉੱਥੋਂ ਹੀ ਖਾਧੀ। ਬਾਅਦ ਵਿਚ ਅਮਜਦ ਖ਼ਾਨ ਰਾਤ ਨੂੰ 10 ਵਜੇ ਸਾਨੂੰ ਸਾਡੇ ਹੋਟਲ ਛੱਡ ਆਇਆ।

ਚੌਥੇ ਦਿਨ ਮਿਤੀ 17/08/2022 ਨੂੰ ਅਸੀ ਦੁਬਈ ਫ਼ਰੇਮ ਵੇਖਣ ਜਾਣਾ ਸੀ ਜੋ ਕਿ ਸਾਡੇ ਪੈਕੇਜ ਵਿਚ ਨਹੀਂ ਸੀ। ਅਸੀ ਅਪਣੀ ਪਰਸਨਲ ਟੈਕਸੀ ਕਰ ਕੇ ਦੁਬਈ ਫ਼ਰੇਮ ਦੇਖਣ ਪਹੁੰਚੇ ਜੋ ਕਿ ਸਾਡੇ ਹੋਟਲ ਤੋਂ ਤਕਰੀਬਨ 3 ਕਿਲੋਮੀਟਰ ਦੂਰ ਸੀ। ਉੱਥੇ ਜਾ ਕੇ ਅਸੀ ਟਿਕਟਾਂ ਲਈਆਂ ਅਤੇ ਲਿਫ਼ਟ ਰਾਹੀਂ ਉੱਪਰ ਚਲੇ ਗਏ ਜਿਥੇ ਸ਼ੀਸ਼ਾ ਲਗਿਆ ਹੋਇਆ ਸੀ। ਉੱਥੇ ਜਾ ਕੇ ਜ਼ਿਆਦਾ ਉਚਾਈ ਹੋਣ ਕਰ ਕੇ ਸ਼ੀਸ਼ੇ ’ਤੇ ਤੁਰਨ ਲਗਿਆਂ ਸਾਨੂੰ ਬਹੁਤ ਜ਼ਿਆਦਾ ਡਰ ਲੱਗ ਰਿਹਾ ਸੀ। ਸਾਰੇ ਸ਼ੀਸ਼ੇ ਤੇ ’ਤੁਰ ਰਹੇ ਸਨ ਅਤੇ ਥੱਲੇ ਦੇਖ ਕੇ ਡਰ ਵੀ ਰਹੇ ਸਨ।

ਕਾਫ਼ੀ ਸਮਾਂ ਉੱਥੇ ਅਨੰਦ ਮਾਣ ਕੇ ਅਸੀਂ ਵਾਪਸ ਹੋਟਲ ਆ ਗਏ। ਸ਼ਾਮ ਨੂੰ ਅਸੀ ਕਰੂਜ਼ ਤੇ ਜਾਣਾ ਸੀ ਜੋ ਕਿ ਸਾਡੇ ਪੈਕੇਜ ਵਿਚ ਹੀ ਸੀ। ਅਸੀ ਸ਼ਾਮ ਨੂੰ ਤਕਰੀਬਨ 6 ਵਜੇ ਤਿਆਰ ਹੋ ਗਏ। ਅਮਜਦ ਗੱਡੀ ਲੈ ਕੇ ਆਇਆ ਅਤੇ ਅਸੀ ਗੱਡੀ ਵਿਚ ਬੈਠ ਕੇ ਕਰੂਜ਼ ’ਤੇ ਚਲੇ ਗਏ। ਕਰੂਜ਼ ਬਹੁਤ ਹੀ ਜ਼ਿਆਦਾ ਸੋਹਣਾ ਸੀ ਅਤੇ ਲਾਈਟਾਂ ਲਾ ਕੇ ਉਸ ਨੂੰ ਹੋਰ ਵੀ ਸੋਹਣਾ ਬਣਾਇਆ ਹੋਇਆ ਸੀ। ਅਸੀ ਉਪਰ ਛੱਤ ’ਤੇ ਜਾ ਕੇ ਸਮੁੰਦਰ ਦਾ ਨਜ਼ਾਰਾ ਵੇਖਿਆ। ਗਰਮੀ ਜ਼ਿਆਦਾ ਹੋਣ ਕਰ ਕੇ ਛੇਤੀ ਹੀ ਥੱਲੇ ਆ ਗਏ ਤੇ ਫਿਰ ਉਨ੍ਹਾਂ ਦੇ ਕਲਾਕਾਰਾਂ ਨੇ  ਡੀ.ਜੇ. ’ਤੇ ਨੱਚ ਗਾ ਕੇ ਸਾਡਾ ਮਨੋਰੰਜਨ ਕੀਤਾ। ਸਾਨੂੰ ਰਾਤ ਦੀ ਰੋਟੀ ਖਵਾਈ। ਰਾਤ ਦਾ ਖਾਣਾ ਖਾਣ ਤੋਂ ਬਾਅਦ ਅਸੀ ਵਾਪਸ ਅਪਣੇ ਹੋਟਲ ਆ ਗਏ। 

ਪੰਜਵੇਂ ਦਿਨ ਮਿਤੀ 18-08-2022 ਨੂੰ ਅਸੀਂ ਸਵੇਰ ਦਾ ਨਾਸ਼ਤਾ ਕਰਨ ਤੋਂ ਬਾਅਦ ਤਿਆਰ ਹੋ ਕੇ ਸ਼ੌਪਿੰਗ ਕਰਨ ਲਈ ਮਾਰਕੀਟ ਚਲੇ ਗਏ। ਉੱਥੇ ਕੱੁਝ ਚੀਜ਼ਾਂ ਇੰਡੀਆ ਨਾਲੋਂ ਸਸਤੀਆਂ ਸਨ ਤੇ ਕੁੱਝ ਮਹਿੰਗੀਆਂ ਸਨ। ਅਸੀ ਸ਼ੌਪਿੰਗ ਕੀਤੀ ਤੇ ਵਾਪਸ ਹੋਟਲ ਆ ਗਏ। ਉਸ ਤੋਂ ਬਾਅਦ ਸਾਡੇ ਕੋਲ ਥੋੜਾ ਹੋਰ ਸਮਾਂ ਸੀ ਕਿਉਂਕਿ ਸਾਡੀ ਵਾਪਸੀ ਦੀ ਫ਼ਲਾਈਟ ਰਾਤ 10 ਵਜੇ ਸੀ। ਅਸੀ ਗੋਲਡ ਮਾਰਕੀਟ ਦੇਖਣ ਦਾ ਮਨ ਬਣਾਇਆ ਜੋ ਕਿ ਸਾਡੇ ਪੈਕੇਜ ਤੋਂ ਬਾਹਰ ਸੀ। ਅਸੀ ਅਪਣੀ ਟੈਕਸੀ ਕਰ ਕੇ ਗੋਲਡ ਮਾਰਕੀਟ ਪੁੱਜੇ। ਇੰਨਾ ਸੋਨਾ ਮੈਂ ਅਤੇ ਮੇਰੇ ਪ੍ਰਵਾਰ ਨੇ ਪਹਿਲੀ ਵਾਰ ਵੇਖਿਆ ਸੀ। ਬਹੁਤ ਜ਼ਿਆਦਾ ਗਹਿਣੇ ਤਿਆਰ ਕਰ ਕੇ ਦੁਕਾਨਦਾਰਾਂ ਵਲੋਂ ਕਾਊਂਟਰ ’ਤੇ ਸਜਾ ਕੇ ਰੱਖੇ ਹੋਏ ਸਨ। ਟੂਰਿਸਟ ਸੋਨਾ ਵੇਖ ਅਤੇ ਖ਼ਰੀਦ ਰਹੇ ਸਨ।

ਇਥੇ ਸੋਨਾ ਭਾਰਤ ਨਾਲੋਂ ਸਸਤਾ ਸੀ। ਸਾਨੂੰ ਸੋਨਾ ਲਿਆਉਣ ਦੇ ਨਿਯਮਾਂ ਬਾਰੇ ਜਾਣਕਾਰੀ ਨਹੀਂ ਸੀ, ਇਸ ਲਈ ਅਸੀਂ ਸੋਨਾ ਨਾ ਖ਼ਰੀਦਿਆ ਤੇ ਵਾਪਸ ਅਪਣੇ ਹੋਟਲ ਆ ਗਏ। ਇਹ ਦੁਬਈ ਪੈਕੇਜ ਦਾ ਸਾਡਾ ਆਖ਼ਰੀ ਦਿਨ ਸੀ। ਅਸੀ ਅਪਣਾ ਸਮਾਨ ਇੱਕਠਾ ਕੀਤਾ। ਖ਼ਰੀਦਿਆ ਹੋਇਆ ਪੈਕ ਕੀਤਾ ਅਤੇ ਪੂਰੀ ਤਰ੍ਹਾਂ ਤਿਆਰੀ ਕਰ ਲਈ। ਸ਼ਾਮ ਨੂੰ 7 ਕੁ ਵਜੇ ਅਮਜਦ ਖ਼ਾਨ ਵੀ ਆ ਗਿਆ। ਉਹ ਸਾਨੂੰ ਦੁਬਈ ਏਅਰਪੋਰਟ ’ਤੇ ਛੱਡ ਆਇਆ। ਅਮਜਦ ਖ਼ਾਨ ਸਾਨੂੰ ਅਪਣੇ ਪ੍ਰਵਾਰ ਦਾ ਮੈਂਬਰ ਹੀ ਲਗਣ ਲੱਗ ਪਿਆ ਸੀ। ਏਅਰਪੋਰਟ ਜਾ ਕੇ ਸਾਨੂੰ ਪਤਾ ਲੱਗਾ ਕਿ ਫ਼ਲਾਈਟ 4 ਘੰਟੇ ਲੇਟ ਹੈ।

ਅਸੀ ਦੂਜੇ ਯਾਤਰੀਆਂ ਨਾਲ ਬੈਠ ਕੇ ਇੰਤਜ਼ਾਰ ਕਰਨ ਲੱਗੇ। ਉਥੇ ਸਾਨੂੰ ਸਾਡੇ ਨਾਲ ਭਾਰਤ ਤੋਂ ਆਏ ਕੁੱਝ ਹੋਰ ਲੋਕ ਵੀ ਮਿਲੇ ਜੋ ਆਉਣ ਸਮੇਂ ਸਾਡੇ ਨਾਲ ਹੀ ਜਹਾਜ਼ ਵਿਚ ਆਏ ਸਨ। ਉਨਾਂ ਨੂੰ ਵੇਖ ਕੇ ਸਾਨੂੰ ਬਹੁਤ ਖ਼ੁਸ਼ੀ ਹੋਈ। ਉਨਾਂ ਨਾਲ ਗੱਲਬਾਤ ਕਰਦਿਆਂ ਸਾਨੂੰ ਪਤਾ ਹੀ ਨਾ ਲੱਗਾ ਕਿ ਕਦ ਸਮਾਂ ਬੀਤ ਗਿਆ ਤੇ ਫ਼ਲਾਈਟ ਦਾ ਸਮਾਂ ਹੋ ਗਿਆ। ਅਸੀ ਅਪਣੇ ਕਾਗ਼ਜ਼ ਪੱਤਰ ਕੰਪਲੀਟ ਕਰਾ ਕੇ ਸਾਰੀ ਫਾਰਮੈਲਟੀ ਕਰ ਕੇ ਸਮਾਨ ਵਗ਼ੈਰਾ ਜਮ੍ਹਾਂ ਕਰਾ ਕੇ ਜਹਾਜ਼ ਵਿਚ ਬੈਠ ਗਏ। ਤਕਰੀਬਨ 4 ਘੰਟੇ ਬਾਅਦ ਅਸੀ ਵਾਪਸ ਅਪਣੇ ਵਤਨ ਭਾਰਤ, ਦੁਬਈ ਦੀਆਂ ਕੁੱਝ ਖੱਟੀਆਂ ਮਿੱਠੀਆਂ ਯਾਦਾਂ ਲੈ ਕੇ ਆ ਗਏ। 
- ਮੰਡੀ ਮੁੱਲਾਂਪੁਰ ਜ਼ਿਲ੍ਹਾ ਲੁਧਿਆਣਾ

- ਪਰਮਜੀਤ ਕੌਰ
ਮੋ. 9417449390

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Big Breaking: ਕਾਂਗਰਸ ਦੇ ਸਾਬਕਾ ਵਿਧਾਇਕ ਦਾ ਭਿਆਨ.ਕ ਸੜਕ ਹਾਦਸਾ, Fortuner ਬਣ ਗਈ ਕਬਾੜ, ਹਸਪਤਾਲ ਰੈਫਰ ਕੀਤੇ ਅੰਗਦ

23 Apr 2024 2:46 PM

ਸਿੱਖ ਮਾਰਸ਼ਲ ਕੌਮ ਨੂੰ ਲੈ ਕੇ ਹੰਸ ਰਾਜ ਹੰਸ ਦਾ ਵੱਡਾ ਬਿਆਨ "ਕਾਹਦੀ ਮਾਰਸ਼ਲ ਕੌਮ, ਲੱਖਾਂ ਮੁੰਡੇ ਮਰਵਾ ਲਏ"

23 Apr 2024 12:49 PM

BREAKING NEWS: ਵਿਆਹ ਵਾਲਾ ਦਿਨ ਲਾੜੀ ਲਈ ਬਣਿਆ ਕਾਲ, ਡੋਲੀ ਦੀ ਥਾਂ ਲਾੜੀ ਦੀ ਉੱਠੀ ਅਰਥੀ

23 Apr 2024 12:26 PM

Chandigarh 'ਚ Golf Tournament ਕਰਵਾਉਣ ਵਾਲੀ EVA-Ex Vivekite Association ਬਾਰੇ ਖੁੱਲ੍ਹ ਕੇ ਦਿੱਤੀ ਜਾਣਕਾਰੀ

23 Apr 2024 12:16 PM

Mohali News: ਪੰਜਾਬ ਪੁਲਿਸ ਨੇ ਕਮਾਲ ਕਰਤੀ.. ਬਿਨਾ ਰੁਕੇ ਕਿਡਨੀ ਗਈ ਇਕ ਹਸਪਤਾਲ ਤੋਂ ਦੂਜੇ ਹਸਪਤਾਲ!

23 Apr 2024 10:10 AM
Advertisement