ਘੁਮੱਕੜ ਪੰਜਾਬੀਆਂ ਵਾਂਗ ਦੇਸ਼ਾਂ, ਵਿਦੇਸ਼ਾਂ ਵਿਚ ਹੋਰਾਂ ਵਾਂਗ ਮੈਨੂੰ ਵੀ ਘੁੰਮਣ ਫਿਰਨ ਦਾ ਬਹੁਤ ਸ਼ੌਕ ਹੈ।
ਘੁਮੱਕੜ ਪੰਜਾਬੀਆਂ ਵਾਂਗ ਦੇਸ਼ਾਂ, ਵਿਦੇਸ਼ਾਂ ਵਿਚ ਹੋਰਾਂ ਵਾਂਗ ਮੈਨੂੰ ਵੀ ਘੁੰਮਣ ਫਿਰਨ ਦਾ ਬਹੁਤ ਸ਼ੌਕ ਹੈ। ਮੈਂ ਸੋਚਦਾ ਹਾਂ ਕਿ ਜੇਕਰ ਰੱਬ ਨੇ ਜ਼ਿੰਦਗੀ ਦਿਤੀ ਹੈ ਤਾਂ ਧਰਤੀ ਦੀ ਸੈਰ ਜ਼ਰੂਰ ਕਰਨੀ ਚਾਹੀਦੀ ਹੈ। ਇਹ ਰੰਗ ਬਿਰੰਗੀ ਦੁਨੀਆਂ, ਤਰ੍ਹਾਂ-ਤਰ੍ਹਾਂ ਦੇ ਦੇਸ਼, ਵੱਖ-ਵੱਖ ਧਰਮਾਂ ਦੇ ਲੋਕ ਘੁੰਮ ਫਿਰ ਕੇ ਹੀ ਵੇਖੇ ਜਾ ਸਕਦੇ ਹਨ। ਇਹ ਦੁਨੀਆਂ ਵੇਖਣ ਨੂੰ ਬਹੁਤ ਹੀ ਵਿਸ਼ਾਲ ਤੇ ਸੋਹਣੀ ਹੈ ਪਰ ਸਾਡੇ ਕੋਲ ਸਾਧਨ ਸੀਮਿਤ ਅਤੇ ਜਿੰਮੇਦਾਰੀਆਂ ਕਰ ਕੇ ਸਾਰੀ ਦੁਨੀਆਂ ਵੇਖੀ ਨਹੀਂ ਜਾ ਸਕਦੀ ਪਰ ਫਿਰ ਵੀ ਮੈਂ ਕੋਸ਼ਿਸ਼ ਬਹੁਤ ਕਰਦਾ ਹਾਂ। ਦੁਬਈ ਦੀ ਯਾਤਰਾ ਕਰਨ ਦਾ ਸੁਪਨਾ ਮੈਂ ਕਈ ਸਾਲਾਂ ਤੋਂ ਦੇਖ ਰਿਹਾ ਸੀ। ਮੈਂ ਸੋਚਦਾ ਸੀ ਜਿਸ ਦੁਬਈ ਦੀ ਲੋਕ ਇੰਨੀ ਤਾਰੀਫ਼ ਕਰਦੇ ਹਨ ਉਹ ਜ਼ਰੂਰ ਵੇਖਣੀ ਚਾਹੀਦੀ ਹੈ। ਸਾਡੇ ਪੰਜਾਬ ਵਿਚ ਜੇਕਰ ਕਿਸੇ ਬੰਦੇ ਨੂੰ ਕੋਈ ਚੰਗੀ ਚੀਜ਼ ਮਿਲ ਜਾਵੇ ਤਾਂ ਲੋਕ ਅਕਸਰ ਕਹਿੰਦੇ ਹਨ ਕਿ ਤੇਰੀ ਤਾਂ ਦੁਬਈ ਲੱਗ ਗਈ।
ਖ਼ੈਰ ਮੇਰਾ ਇਹ ਸੁਪਨਾ ਜਲਦੀ ਪੂਰਾ ਹੋ ਗਿਆ ਅਤੇ ਮੇਰਾ ਵੀਜ਼ਾ, ਟਿਕਟ ਅਤੇ ਹੋਟਲ ਬੁਕਿੰਗ ਮੇਰੀ ਬੇਟੀ ਨੇ ਬੁੱਕ ਕਰਵਾ ਕੇ ਦੇ ਦਿਤਾ। ਮੈਂ ਲੁਧਿਆਣੇ ਅਪਣੇ ਘਰ ਤੋਂ ਅਪਣਾ ਜ਼ਰੂਰੀ ਸਾਮਾਨ ਅਤੇ ਕਪੜਿਆਂ ਦਾ ਅਟੈਚੀ ਤਿਆਰ ਕਰ ਕੇ ਚਲ ਪਿਆ। 27 ਅਪ੍ਰੈਲ 2022 ਦੀ ਸ਼ਾਮ 5.40 ਦੀ ਚੰਡੀਗੜ੍ਹ ਤੋਂ ਫ਼ਲਾਈਟ ਸੀ। ਦੋ ਘੰਟੇ ਏਅਰਪੋਰਟ ’ਤੇ ਪਹਿਲੇ ਪਹੁੰਚ ਕੇ ਕਾਗ਼ਜ਼ ਅਤੇ ਸਾਮਾਨ ਚੈੱਕ ਹੋ ਗਿਆ ਅਤੇ 5 ਵਜ ਕੇ 40 ਮਿਨਟ ’ਤੇ ਮੈਂ ਇੰਡੀਗੋ ਏਅਰਲਾਈਨ ਦੀ ਫ਼ਲਾਈਟ ਵਿਚ ਬੈਠ ਗਿਆ। ਸਾਢੇ ਤਿੰਨ ਘੰਟਿਆਂ ਦੀ ਹਵਾਈ ਯਾਤਰਾ ਤੋਂ ਬਾਅਦ ਤਕਰੀਬਨ ਰਾਤ ਦੇ 9 ਵਜੇ ਭਾਰਤੀ ਸਮੇਂ ਅਨੁਸਾਰ ਜਹਾਜ਼ ਦੁਬਈ ਪਹੁੰਚ ਗਿਆ। ਜਦੋਂ ਜਹਾਜ਼ ਉਤਰ ਰਿਹਾ ਸੀ ਤਾਂ ਸੱਭ ਪਾਸੇ ਤੇਜ਼ ਲਾਈਟਾਂ ਦੀਆਂ ਰੌਸ਼ਨੀਆਂ ਦਾ ਇਕ ਵਖਰਾ ਨਜ਼ਾਰਾ ਵੇਖਣ ਨੂੰ ਮਿਲ ਰਿਹਾ ਸੀ। ਇਸ ਤਰ੍ਹਾਂ ਜਾਪਦਾ ਸੀ ਜਿਵੇਂ ਕਿਸੇ ਹੋਰ ਹੀ ਦੁਨੀਆਂ ਵਿਚ ਆ ਗਏ ਹੋਈਏ।
ਜਹਾਜ਼ ਤੋਂ ਉਤਰ ਕੇ ਸਵਾਰੀਆਂ ਨੂੰ ਇਕ ਮੈਟਰੋ ਟਰੇਨ ਰਾਹੀਂ ਅੱਗੇ ਲਿਜਾਇਆ ਗਿਆ। ਉਥੇ ਕਾਗ਼ਜ਼ਾਤ ਚੈੱਕ ਹੋਣੇ ਸੀ ਬਾਹਰ ਜਾਣ ਲਈ। ਜਦੋਂ ਮੈਂ ਸਾਮਾਨ ਅਤੇ ਕਾਗ਼ਜ਼ ਚੈੱਕ ਕਰਵਾਉਣ ਲਈ ਲਾਈਨ ਵਿਚ ਲਗਿਆ ਤਾਂ ਇਕ ਸਕਿਉਰਟੀ ਵਾਲਾ ਮੈਨੂੰ ਕਹਿੰਦਾ ਭਾਅ ਜੀ ਤੁਸੀਂ ਇਸ ਲਾਈਨ ਵਿਚ ਆ ਜਾਉ। ਮੈਂ ਜਿਹੜਾ ਓਪਰਾ ਓਪਰਾ ਮਹਿਸੂਸ ਕਰ ਰਿਹਾ ਸੀ, ਅਪਣੇ ਆਪ ਨੂੰ ਭਾਅ ਜੀ ਸੁਣ ਕੇ ਬੜਾ ਹੈਰਾਨ ਹੋਇਆ। ਮੈਂ ਸੋਚਿਆ ਇਥੇ ਭਾਅ ਜੀ ਕਿਥੋਂ ਆ ਗਿਆ? ਅਸਲ ਵਿਚ ਉਹ ਸਕਿਊਰਟੀ ਵਾਲਾ ਮੁੰਡਾ ਪਾਕਿਸਤਾਨ ਦਾ ਸੀ। ਖ਼ੈਰ ਜਿਧਰ ਨੂੰ ਨਜ਼ਰ ਜਾਵੇ ਬੜਾ ਹੀ ਸਾਫ਼ ਸੁਥਰਾ ਤੇ ਸਾਰੇ ਪਾਸੇ ਸ਼ੇਖ ਹੀ ਸ਼ੇਖ ਨਜ਼ਰ ਆਉਂਦੇ ਸਨ। ਏਅਰਪੋਰਟ ਦਾ ਸਟਾਫ਼ ਬਹੁਤ ਸਹਿਯੋਗੀ ਸੀ, ਬਹੁਤ ਮਿੱਠਾ ਬੋਲਦੇ ਸਨ।
ਖ਼ੈਰ ਅਪਣੇ ਕਾਗ਼ਜ਼ ਅਤੇ ਸਾਮਾਨ ਦੀ ਚੈਕਿੰਗ ਕਰਵਾ ਕੇ ਜਦੋਂ ਏਅਰਪੋਰਟ ਤੋਂ ਬਾਹਰ ਨਿਕਲਿਆ ਤਾਂ ਵੇਖਿਆ ਸੜਕਾਂ ਤੇ ਬਹੁਤ ਹੀ ਸ਼ਾਨਦਾਰ ਲੰਮੀਆਂ ਲੰਮੀਆਂ ਕਾਰਾਂ ਬਹੁਤ ਤੇਜ਼ੀ ਨਾਲ ਦੌੜ ਰਹੀਆਂ ਸਨ। ਸੜਕਾਂ ਸਾਫ਼ ਸੁਥਰੀਆਂ ਸਨ। ਏਅਰਪੋਰਟ ’ਤੇ ਹੀ ਮੈਂ ਥੋੜੀ ਜਹੀ ਕਰੰਸੀ ਬਦਲੀ ਕੀਤੀ ਅਤੇ ਟੈਕਸੀ ਲੈਣ ਦੀ ਕੋਸ਼ਿਸ਼ ਕਰਨ ਲਗਿਆ। ਟੈਕਸੀਆਂ ਬਹੁਤ ਸਨ ਪਰ ਮਹਿੰਗੀਆਂ ਵੀ ਬਹੁਤ ਸਨ। ਆਖ਼ਰ ਇਕ ਟੈਕਸੀ ਵਾਲੇ ਨੂੰ ਪੁਛਿਆ ਤਾਂ ਉਹ 75 ਦਿਰਹਮ (ਕੁਵੈਤੀ ਕਰੰਸੀ) ਵਿਚ ਜਾਣ ਲਈ ਤਿਆਰ ਹੋ ਗਿਆ। ਏਅਰਪੋਰਟ ਤੋਂ ਮੇਰੇ ਹੋਟਲ ਦਾ ਰਸਤਾ ਤਕਰੀਬਨ 8-10 ਕਿਲੋਮੀਟਰ ਸੀ ਅਤੇ 35-40 ਮਿਨਟ ਬਾਅਦ ਟੈਕਸੀ ਵਾਲੇ ਨੇ ਮੇਰੇ ਹੋਟਲ ਮੈਨੂੰ ਛੱਡ ਦਿਤਾ। ਉਹ ਟੈਕਸੀ ਵਾਲਾ ਪਾਕਿਸਤਾਨੀ ਗੁਜਰਾਂਵਾਲਾ ਦਾ ਸੀ। ਬੜੀ ਇਜ਼ਤ ਨਾਲ ਬੋਲਦਾ ਸੀ। ਮੈਂ ਪਹਿਲੀ ਵਾਰ ਦੁਬਈ ਵੇਖੀ ਸੀ। ਉਥੇ ਰਸਤੇ ਵਿਚ ਸੱਭ ਰੈਸਟੋਰੈਂਟ ਅਤੇ ਢਾਬੇ ਖੁਲ੍ਹੇ ਸਨ ਅਤੇ ਪੂਰੀ ਦੁਨੀਆਂ ਦੇ ਲੋਕ ਅੰਗਰੇਜ਼, ਸ਼ੇਖ਼, ਅਫ਼ਰੀਕਨ, ਚੀਨੀ ਸੱਭ ਦੁਬਈ ਵੇਖਣ ਨੂੰ ਆਏ ਸੀ ਅਤੇ ਖਾਣ ਪੀਣ ਦੇ ਨਜ਼ਾਰੇ ਲੈ ਰਹੇ ਸੀ। ਮੈਂ ਵੀ ਹੋਟਲ ਪਹੁੰਚ ਕੇ ਰੂਮ ਚੈੱਕ ਕੀਤਾ। ਅਲਰੀਗਾ ਏਰੀਏ ਦੇ ਵਿਚ ਮੇਰਾ 4 ਸਟਾਰ ਹੋਟਲ ਸੀ। ਵਿਚੇ ਸਵਿਮਿੰਗ ਪੂਲ, ਬਾਰ, ਜਿੰਮ ਸੱਭ ਕੁੱਝ ਸੀ। ਕੋਈ ਤਕਰੀਬਨ 300-400 ਕਮਰਿਆਂ ਦਾ ਹੋਟਲ ਸੀ। ਮੈਂ ਜਦ ਟੀ.ਵੀ. ਔਨ ਕੀਤਾ ਤਾਂ ਸੱਭ ਚੈਨਲ ਅਰਬੀ ਭਾਸ਼ਾ ਵਿਚ ਚਲ ਰਹੇ ਸਨ। ਇਹੋ ਜਿਹਾ ਵਖਰਾ ਸਭਿਆਚਾਰ ਵੇਖਣ ਨੂੰ ਪਹਿਲੀ ਵਾਰ ਮਿਲਿਆ। ਮੈਂ ਖਾਣਾ ਖਾ ਕੇ ਤਕਰੀਬਨ 12 ਵਜੇ ਸੌਂ ਗਿਆ ਅਤੇ ਸਵੇਰੇ ਉੱਠ ਕੇ ਬੈਡ ਟੀ ਪੀ ਕੇ ਜਿੰਮ ਚਲਾ ਗਿਆ। ਜਿੰਮ ਬਹੁਤ ਵਧੀਆ ਸੀ। ਵਾਪਸ ਆ ਕੇ ਨਹਾ ਧੋ ਕੇ ਨਾਸ਼ਤਾ ਕੀਤਾ ਤੇ ਘੁੰਮਣ ਲਈ ਨੇੜੇ ਦੀ ਮਾਰਕੀਟ ਤੇ ਬਾਜ਼ਾਰ ਵੇਖਣ ਚਲਾ ਗਿਆ। ਬੁਰਜ ਖ਼ਲੀਫ਼ਾ ਸ਼ਾਮ ਨੂੰ ਵੇਖਣ ਦਾ ਪ੍ਰੋਗਰਾਮ ਬਣਾਇਆ। ਬਾਹਰ ਨਿਕਲ ਕੇ ਹੋਟਲ ਤੋਂ ਪੈਦਲ ਹੀ ਚਲ ਪਿਆ। ਸੱਭ ਪਾਸੇ ਵੱਡੇ ਵੱਡੇ ਸ਼ੌ-ਰੂਮ, ਲਿਸ਼ ਲਿਸ਼ ਕਰਦੀਆਂ ਸਾਫ਼ ਸੜਕਾਂ ਅਤੇ ਸੱਭ ਦੇਸ਼ਾਂ ਦੇ ਲੋਕ ਵੇਖਣ ਨੂੰ ਮਿਲ ਰਹੇ ਸੀ। ਸਾਰੀਆਂ ਬਿਲਡਿੰਗਾਂ ਸੱਤ ਮੰਜ਼ਲੀਆਂ ਹਨ, ਨਾ ਕੋਈ ਛੇ ਮੰਜ਼ਲੀ ਨਾ ਕੋਈ ਅੱਠ ਮੰਜ਼ਲੀ। ਸੱਭ ਇਕ ਬਰਾਬਰ ਉਚਾਈ ਦੀਆਂ ਸਨ। ਉਥੇ ਦੀ ਇਕ ਹੋਰ ਗੱਲ ਬੜੀ ਚੰਗੀ ਲੱਗੀ ਕਿ ਸੱਭ ਸ਼ੋ-ਰੂਮਾਂ ਅਤੇ ਆਫ਼ਿਸ ਦੇ ਬਾਹਰ ਅਰਬੀ ਭਾਸ਼ਾ ਅੰਗਰੇਜ਼ੀ ਨਾਲ ਜ਼ਰੂਰ ਲਿਖੀ ਹੋਈ ਸੀ। ਅਰਬੀ ਭਾਸ਼ਾ ਤਕਰੀਬਨ ਦੁਨੀਆਂ ਦੇ 25 ਦੇਸ਼ਾਂ ਵਿਚ ਬੋਲੀ ਜਾਂਦੀ ਹੈ। ਅੰਗਰੇਜ਼ੀ ਤੋਂ ਬਾਅਦ ਸ਼ਾਇਦ ਅਰਬੀ ਭਾਸ਼ਾ ਹੀ ਹੈ ਜਿਹੜੀ ਦੁਨੀਆਂ ਵਿਚ ਸੱਭ ਤੋਂ ਵੱਧ ਬੋਲੀ ਜਾਂਦੀ ਹੈ। ਸ਼ੋ-ਰੂਮ ਬਹੁਤ ਹੀ ਵੱਡੇ ਵੱਡੇ ਅਤੇ ਵਿਦੇਸ਼ੀ ਤੇ ਹਰ ਤਰ੍ਹਾਂ ਦੀਆਂ ਨਵੀਆਂ ਨਵੀਆਂ ਚੀਜ਼ਾਂ ਨਾਲ ਭਰੇ ਪਏ ਸਨ।
ਵਾਪਸ ਹੋਟਲ ਆ ਕੇ ਸ਼ਾਮ ਨੂੰ ਦੁਨੀਆਂ ਦੀ ਸੱਭ ਤੋਂ ਉੱਚੀ ਬਿਲਡਿੰਗ ਬੁਰਜ ਖ਼ਲੀਫ਼ਾ ਵੇਖਣ ਚਲ ਪਿਆ। ਅਲਗੀਰਾ ਦਾ ਮੈਟਰੋ ਸਟੇਸ਼ਨ ਉਥੋਂ ਨੇੜੇ ਸੀ। ਮੈਂ ਟਰੇਨ ਦਾ ਪਾਸ ਬਣਵਾ ਲਿਆ ਕਿਉਂਕਿ ਮੈਨੂੰ ਪਤਾ ਸੀ ਮੈਂ ਇਥੇ ਸੱਤ ਦਿਨ ਘੁੰਮਣਾ ਹੈ। ਮੈਟਰੋ ਟਰੇਨ ਸਾਡੇ ਭਾਰਤ ਵਰਗੀ ਸੀ ਪਰ ਸਟੇਸ਼ਨਾਂ ’ਤੇ ਚੀਨੀ, ਜਾਪਾਨੀ ਕੁੜੀਆਂ-ਮੁੰਡੇ ਜਿਆਦਾ ਲੱਗੇ ਹੋਏ ਸੀ। ਤਕਰੀਬਨ 30-35 ਮਿਨਟ ਬਾਅਦ ਅੱਠ ਦੱਸ ਸਟੇਸ਼ਨਾਂ ਮਗਰੋਂ ਬੁਰਜ ਖ਼ਲੀਫ਼ਾ ਸਟੇਸ਼ਨ ਆ ਗਿਆ। ਕਾਫ਼ੀ ਵੱਡਾ ਸਟੇਸ਼ਨ ਸੀ। ਬਾਹਰ ਨਿਕਲ ਕੇ ਸੱਭ ਤੋਂ ਪਹਿਲਾਂ ਇਕ ਵੱਡਾ ‘ਸ਼ਾਪਿੰਗ ਮਾਲ’ ਸੀ। ਮਾਲ ਵਿਚ ਸੱਭ ਵਿਦੇਸ਼ੀ ਕੰਪਨੀਆਂ ਦੇ ਸ਼ੌ-ਰੂਮ ਹਰ ਤਰ੍ਹਾਂ ਦੀਆਂ ਸੱਭ ਮਹਿੰਗੀਆਂ ਅਤੇ ਬਰਾਂਡਿਡ ਚੀਜ਼ਾਂ ਮਾਲ ਵਿਚ ਸਨ। ਮਾਲ ਲੰਘ ਕੇ ਨਾਲ ਹੀ ਬਹੁਤ ਉੱਚੀ ਰਾਕੇਟ ਟਾਈਪ ਬਹੁਤ ਹੀ ਸੋਹਣੀ ਬਿਲਡਿੰਗ ਬੁਰਜ ਖ਼ਲੀਫ਼ਾ ਸੀ। ਬੁਰਜ ਖ਼ਲੀਫ਼ਾ ਦੇ ਆਸ-ਪਾਸ ਬਹੁਤ ਹੀ ਰੰਗ ਬਿਰੰਗੇ, ਦੂਧਿਆ ਰੰਗ ਦੇ ਫੁਆਰੇ ਲਗੇ ਹੋਏ ਸਨ ਜਿਨ੍ਹਾਂ ਵਿਚ ਸੰਗੀਤ ਵਜਦਾ ਸੀ। ਹਰ 15 ਮਿੰਟ ਮਗਰੋਂ ਉਹ ਫੁਆਰੇ ਚਲਦੇ ਸਨ ਨਾਲ ਹੀ ਸੰਗੀਤ। ਬੜੀ ਹੀ ਉੱਚੀ ਉਠਦੇ ਸਨ। ਤਕਰੀਬਨ 25-30 ਫੁੱਟ ਉੱਚੇ ਤੇ ਫਿਰ ਥੋੜੀ ਦੇਰ ਪੰਜ ਮਿੰਟ ਬਾਅਦ ਬੰਦ ਹੋ ਜਾਂਦੇ ਸਨ। ਉਹ ਫੁਹਾਰੇ ਇਨੇ ਸੋਹਣੇ ਸਨ ਕਿ ਇਕ ਵਾਰ ਇੰਜ ਲਗਦਾ ਸੀ ਜਿਵੇਂ ਕਿਸੇ ਹੋਰ ਦੁਨੀਆਂ ਵਿਚ ਘੁੰਮ ਰਹੇ ਹਾਂ। ਉੱਥੇ ਇਹ ਬੜੀ ਦਿਲਚਸਪ ਗੱਲ ਸੀ ਕਿ ਉਥੇ ਸੱਭ ਤੋਂ ਜਿਆਦਾ ਅੰਗਰੇਜ਼ ਸੈਲਾਨੀ ਸਨ ਜਿਹੜੇ ਅਪਣੇ ਪ੍ਰਵਾਰਾਂ ਤੇ ਦੋਸਤਾਂ ਨਾਲ ਆਏ ਸਨ। ਪਰ ਮੈਂ ਇਕੱਲਾ ਹੀ ਘੁੰਮਣ ਗਿਆ ਸੀ। ਬੁਰਜ ਖ਼ਲੀਫ਼ਾ ਦੇ ਆਸ-ਪਾਸ ਹੋਰ ਵੀ ਉੱਚੇ ਉੱਚੇ ਟਾਵਰ ਬਣੇ ਹੋਏ ਸਨ। ਬੁਰਜ ਖ਼ਲੀਫ਼ਾ ਦੁਨੀਆਂ ਦੀ ਸੱਭ ਤੋਂ ਉੱਚੀ ਬਿਲਡਿੰਗ ਹੈ ਜਿਸ ਦੀ ਉੱਚਾਈ 828 ਮੀਟਰ ਹੈ। ਇਸ ਨੂੰ ਅੰਦਰ ਤੋਂ ਚੰਗੀ ਤਰ੍ਹਾਂ ਵੇਖਣ ਤੇ ਉਪਰ ਜਾਣ ਲਈ 200 ਦਿਰਹਮ ਟਿਕਟ ਲਗਦੀ ਹੈ ਜਿਹੜੀ ਭਾਰਤ ਦੇ 400 ਰੁਪਏ ਬਣਦੇ ਹਨ। ਮੈਂ ਤਕਰੀਬਨ 11 ਵਜੇ ਡਿਨਰ ਕਰ ਕੇ ਅਪਣੇ ਹੋਟਲ ਵਾਪਸ ਆ ਗਿਆ।
ਅਗਲੇ ਦਿਨ ਫਿਰ ਸਵੇਰੇ ਉੱਠ ਕੇ ਚਾਹ-ਕਾਫ਼ੀ ਪੀ ਕੇ ਪਹਿਲੇ ਜਿੰਮ ਤੇ ਫਿਰ ਨਹਾ ਧੋ ਕੇ ਹਲਕਾ ਨਾਸ਼ਤਾ ਕਰ ਕੇ ਅੱਜ ਦੇ ਘੁੰਮਣ ਦੀ ਤਿਆਰੀ ਵਿਚ ਲੱਗ ਗਿਆ। ਅੱਜ ਮੈਂ ਡੈਜ਼ਰਟ ਸਫ਼ਾਰੀ ਦੀ ਸੈਰ ਕਰਨੀ ਸੀ। ਦੁਬਈ ਤੋਂ ਬਾਹਰ ਉੱਚੇ ਉੱਚੇ ਕੱਕੇ ਗਰਮ ਰੇਤ ਦੇ ਟਿੱਬੇ। ਸਵੇਰੇ ਟੈਕਸੀ ਬੁੱਕ ਕਰਵਾ ਦਿਤੀ ਤੇ ਦੁਪਹਿਰ ਨੂੰ ਉਹ ਆ ਗਿਆ। ਟੈਕਸੀਵਾਲਾ ਪਾਕਿਸਤਾਨੀ ਪੰਜਾਬ ਦੇ ਪੇਸ਼ਾਵਰ ਦਾ ਸੀ। 150 ਦਿਰਹਮ ਵਿਚ ਡੈਜ਼ਰਟ ਸਫ਼ਾਰੀ ਦੀ ਸੈਰ ਤੇ ਸ਼ਾਮ ਦਾ ਡਿਨਰ ਅਤੇ ਬੈਲੇ ਡਾਂਸ ਸੀ। ਡੈਜ਼ਰਟ ਸਫ਼ਾਰੀ ਦਾ ਬਹੁਤ ਹੀ ਆਨੰਦ ਲਿਆ। ਕਦੇ ਗੱਡੀ ਨੂੰ ਰੇਤ ਦੇ ਉੱਚੇ ਟਿੱਬਿਆਂ ਤੇ ਉਪਰ ਸਿੱਧੀ ਚੜ੍ਹਾਈ 8-10 ਫੁਟ ਦੀ, ਫਿਰ ਇਕਦਮ ਥੱਲੇ ਸਫ਼ਾਰੀ ਲੈ ਕੇ ਆਉਣੀ। ਇਕ ਵਾਰ ਤਾਂ ਇੰਜ ਲਗਦਾ ਕਿ ਸਫ਼ਾਰੀ ਹੁਣ ਪਲਟੀ ਕਿ ਹੁਣ ਪਲਟੀ ਪਰ ਬੜੇ ਮਾਹਰ ਹੁੰਦੇ ਹਨ ਉਹ, ਪੂਰੇ ਤਜਰਬੇਕਾਰ। ਪਰ ਆਮ ਟੂਰਿਸਟਾਂ ਨੂੰ ਡਰ ਲਗਦਾ ਹੈ। ਸਾਡੇ ਨਾਲ ਸਫ਼ਾਰੀ ਵਿਚ ਅਫ਼ਰੀਕਨ 4-5 ਮੁੰਡੇ ਕੁੜੀਆਂ ਸਨ ਜਿਹੜੇ ਨਾਇਜੀਰੀਆ ਤੋਂ ਘੁੰਮਣ ਆਏ ਸਨ। ਸ਼ਾਮ ਬੈਲੇ ਡਾਂਸ ਵੇਖ ਕੇ ਤੇ ਡਿਨਰ ਕਰ ਕੇ ਵਾਪਸ ਮੈਂ ਹਟਲ ਆ ਗਿਆ। ਬੈਲੇ ਡਾਂਸ ਵੀ ਬਹੁਤ ਸੋਹਣਾ ਸੀ ਪਰ ਖਾਣਾ ਸਵਾਦ ਨਹੀਂ ਸੀ। ਇਸ ਦਾ ਪ੍ਰਬੰਧ ਉਥੋਂ ਦੇ ਸ਼ੇਖ਼ ਕਰ ਰਹੇ ਸਨ ਜਿਹੜੇ ਉੱਚੇ ਲੰਮੇ ਦੋ ਭਰਾ ਸਨ। ਉਦੋਂ ਰੋਜ਼ੇ ਵੀ ਚਲ ਰਹੇ ਸਨ ਤੇ ਉਸ ਦਿਨ ਆਖ਼ਰੀ ਰੋਜ਼ਾ ਸੀ।
ਅਗਲੇ ਦਿਨ ਮੈਂ ਕਿਧਰੇ ਵੀ ਨਾ ਗਿਆ ਹੋਟਲ ਵਿਚ ਰਿਹਾ। ਨੇੜੇ ਦੀ ਰੋਣਕ ਵੇਖੀ ਤੇ ਸ਼ਾਪਿੰਗ ਕੀਤੀ। ਅਗਲੇ ਦਿਨ ਮੈਂ ਫਿਰ ਸਵੇਰੇ ਨਾਸ਼ਤਾ ਕਰ ਕੇ ਤੇ ਤਿਆਰ ਹੋ ਕੇ ਆਬੂਧਾਬੀ ਵੇਖਣ ਜਾਣਾ ਸੀ। ਉਥੇ ਮੇਰਾ ਇਕ ਦੋਸਤ ਰਹਿੰਦਾ ਸੀ ਜਿਹੜਾ ਮੈਨੂੰ ਲੈਣ ਲਈ ਅਪਣੀ ਗੱਡੀ ਲੈ ਕੇ ਆਇਆ ਸੀ। ਬਹੁਤ ਸੋਹਣੀ ਲੰਮੀ ਕਾਲੇ ਰੰਗ ਦੀ ਕਾਰ ਸੀ। ਆਬੂ ਧਾਬੀ ਉਥੋਂ ਤਕਰੀਬਨ 140-150 ਕਿਲੋਮੀਟਰ ਹੈ। ਤਿੰਨ ਘੰਟਿਆਂ ਦਾ ਸਮਾਂ ਲਗਦਾ ਹੈ। ਬੜੀ ਸਾਫ਼ ਸੁਥਰੀਆਂ ਚੌੜੀਆਂ ਖ਼ੂਬਸੂਰਤ ਸੜਕਾਂ। ਰਸਤੇ ਵਿਚ ਇਕ ਰੈਸਟੋਰੈਂਟ ਵਿਚ ਹਲਕਾ ਖਾਧਾ ਪੀਤਾ। ਆਬੂਧਾਬੀ ਵੀ ਬਹੁਤ ਸਾਫ਼ ਸੁਥਰਾ ਤੇ ਖ਼ੂਬਸੂਰਤ ਸੀ। ਉਥੇ ਵੀ ਵੱਡੇ ਵੱਡੇ ਮਾਲ ਤੇ ਹਰ ਤਰ੍ਹਾਂ ਦੇ ਲੋਕ। ਇਥੇ ਵੀ ਜਿਆਦਾਤਰ ਸੈਲਾਨੀ ਅੰਗਰੇਜ਼ ਹੀ ਸਨ। ਆਬੂਧਾਬੀ ਯੂ.ਏ.ਈ ਦੀ ਰਾਜਧਾਨੀ ਹੈ। ਇਥੋਂ ਤੇਲ ਨਿਰਯਾਤ ਹੁੰਦਾ ਹੈ। ਆਬੂਧਾਬੀ ਦੁਬਈ ਤੋਂ ਜ਼ਿਆਦਾ ਅਮੀਰ ਹੈ। ਆਬੂਧਾਬੀ ਇਕ ਆਈਸਲੈਂਡ ਹੈ ਜਿਥੇ ਬਹੁਤ ਹੀ ਸੋਹਣੇ ਪਾਰਕ ਹਨ। ਆਬੂਧਾਬੀ ਦੀ ਸ਼ੇਖ਼ ਜ਼ਾਇਦ ਗ੍ਰਾਂਡ ਮਸਜਿਦ ਬਹੁਤ ਹੀ ਮਸ਼ਹੂਰ ਹੈ। ਉਥੋਂ ਦੇ ਕਿੰਗਜ਼ਗੇਟ ਹੋਟਲ ਨੋਵੋਟਲ ਹੋਟਲ, ਹੋਟਲ ਇਮੀਰਾਤ ਪੈਲਸੇ ਬਹੁਤ ਹੀ ਮਸ਼ਹੂਰ ਹਨ। ਇਮੀਰਾਤ ਪੈਲਸ ਵਿਚ ਇਕ ਰਾਤ ਦਾ ਕਿਰਾਇਆ 40,000 ਰੁਪਏ ਹੈ। ਸ਼ੇਖ਼ ਸਈਅਦ ਗ੍ਰਾਂਡ ਮਸਜਿਦ ਨੂੰ ਬਣਾਉਣ ਦੀ ਕੀਮਤ 2 ਬਿਲੀਅਨ ਦਰਹਿਮ ਆਈ ਸੀ। ਇਹ 20 ਦਸੰਬਰ 2007 ਨੂੰ ਨਮਾਜ਼ ਲਈ ਖੋਲ੍ਹੀ ਗਈ ਸੀ। ਇਸ ਦੀ ਦੇਖ-ਰੇਖ ਸਰਕਾਰ ਕੋਲ ਹੈ। ਇਸ ਦੀ ਚੌੜਾਈ 290 ਮੀਟਰ ਤੇ ਲੰਮਾਈ 420 ਮੀਟਰ, ਤਕਰੀਬਨ ਅੱਧਾ ਕਿਲੋਮੀਟਰ ਹੈ। ਇਸ ਦੀ ਛੱਤ 12 ਹੈਕਟੇਅਰ ਹੈ, ਤਕਰੀਬਨ 30 ਏਕੜ।
ਅਗਲੇ ਦਿਨ ਮੈਂ ਤੇ ਮੇਰੇ ਦੋਸਤ ਨੇ ਯਮ ਮਾਲ ਵੇਖਿਆ। ਇਸ ਵਿਚ ਯੂ.ਏ.ਈ ਐਕਸਚੈਂਜ, ਏ.ਡੀ.ਸੀ.ਬੀ ਤੇ ਹੋਰ ਕਈ ਬੈਂਕਾਂ ਦੇ ਵੱਡੇ ਵੱਡੇ ਦਫ਼ਤਰ ਹਨ। ਅਗਲੇ ਦਿਨ ਰਾਤ ਨੂੰ ਮੇਰਾ ਦੋਸਤ ਮੈਨੂੰ ਦੁਬਈ ਵਾਪਸ ਹੋਟਲ ਛੱਡ ਗਿਆ।
ਅਗਲੇ ਦਿਨ ਮੇਰਾ ਗਲਾ ਖ਼ਰਾਬ ਸੀ ਤੇ ਮੈਂ ਹੋਟਲ ਵਿਚ ਰਿਹਾ ਤੇ ਅਗਲੇ ਦਿਨ ਘੁੰਮਣ ਦੀ ਤਿਆਰੀ ਕੀਤੀ।
ਅਗਲੇ ਦਿਨ ਸਵੇਰੇ ਤਿਆਰ ਹੋਣ ਤੋਂ ਪਹਿਲਾਂ ਜਿੰਮ ਕੀਤਾ। ਜਿੰਮ ਕਰ ਕੇ ਪੂਰੀ ਐਨਰਜੀ ਆ ਜਾਂਦੀ ਹੈ। ਉਸ ਤੋਂ ਬਾਅਦ ਤਿਆਰ ਹੋ ਕੇ ਸਵੇਰ ਦਾ ਨਾਸ਼ਤਾ ਕੀਤਾ। ਹੋਟਲ ਦਾ ਨਾਸ਼ਤਾ ਬਹੁਤ ਹੀ ਵਧੀਆ ਹੁੰਦਾ ਜਿਸ ਵਿਚ ਸੱਭ ਚੀਜ਼ਾਂ ਫਰੂਟ, ਜੂਸ, ਦੁੱਧ, ਅੰਡੇ, ਬਰੈੱਡ ਹੁੰਦੇ। ਤਕਰੀਬਨ 45-50 ਦਿਰਹਮ ਭਾਰਤ ਦੇ 900-1000 ਰੁਪਏ ਬਣਦੇ। ਨਾਸ਼ਤਾ ਕਰ ਕੇ ਟੈਕਸੀਵਾਲਾ ਬੁਲਾਇਆ। ਤਕਰੀਬਨ 11.30 ਵਜੇ ਟੈਕਸੀ ਆ ਗਈ। ਮੈਂ ਅੱਜ ਦੁਬਈ ਦਾ ਸਮੁੰਦਰ ਵੇਖਣਾ ਚਾਹੁੰਦਾ ਸੀ। ਦੁਬਈ ਦੇ ਸਮੁੰਦਰ ਦਾ ਜੁਮੈਗ ਬੀਚ ਸੱਭ ਤੋਂ ਸੋਹਣੀ ਥਾਂ ਹੈ। ਇਸ ਦਾ ਨਾਂ ਦੁਬਈ ਦਾ ਇਕ ਜ਼ਿਲ੍ਹਾ ਹੈ ਜ਼ੁਮੈਗ, ਜਿਸ ਦੇ ਨਾਂ ’ਤੇ ਇਸ ਦਾ ਨਾਂ ਰਖਿਆ ਹੋਇਆ ਹੈ। ਇਸ ਦੇ ਦੱਖਣ ਵਾਲੇ ਪਾਸੇ ਜੁਮੈਗਰ ਬੀਚ ਹੈ। ਇਸ ਦੇ ਨਾਲ ਬਹੁਤ ਆਲੀਸ਼ਾਨ ਹੋਟਲ ਅਤੇ ਰਿਜ਼ੋਰਟ ਬਣੇ ਹੋਏ ਹਨ। ਸਾਹਮਣੇ 7 ਸਟਾਰ ਹੋਟਲ ਬੁਰਜ ਅਲ ਅਰਬ ਹੈ। ਸਾਥ ਹੀ ਬਹੁਤ ਖ਼ੂਬਸੂਰਤ ਵਾਟਰ ਪਾਰਕ ਹੈ। ਬਹੁਤ ਹੀ ਨਜ਼ਾਰੇ ਵਾਲੀ ਬੀਚ ਸੀ ਜਿਥੇ ਦੁਨੀਆਂ ਦੇ ਹਰ ਕੋਨੇ ਤੋਂ ਲੋਕ ਘੁੰਮਣ ਆਏ ਹੋਏ ਸਨ। ਨਾਲ ਹੀ ਦੁਬਈ ਮੈਰੀਨਾ ਨਗਰ ਹੈ। ਇਹ ਤਿੰਨ ਕਿਲੋਮੀਟਰ ਦੇ ਘੇਰੇ ਵਿਚ ਹੈ। ਇਸ ਦੀ ਆਬਾਦੀ 50,000 ਦੇ ਕਰੀਬ ਹੈ। ਇਥੇ ਬਹੁਤ ਸੋਹਣੀ ਅਮਰੀਕਨ ਯੂਨੀਵਰਸਟੀ ਵੀ ਹੈ।
ਮੈਰੀਨਾ ਬੀਚ ਦੀ ਸੈਰ ਕਰ ਕੇ ਸ਼ਾਮ ਨੂੰ ਟੈਕਸੀ ਵਾਲਾ ਹੋਟਲ ਛੱਡ ਗਿਆ। ਕਲ ਮੇਰੀ ਵਾਪਸੀ ਸੀ। 11.30 ਵਜੇ ਮੇਰੀ ਫ਼ਲਾਈਟ ਸੀ ਚੰਡੀਗੜ੍ਹ ਦੀ। ਅਗਲੇ ਦਿਨ ਸਵੇਰੇ ਉੱਠ ਕੇ ਮੈਂ ਤਿਆਰ ਹੋ ਕੇ ਸਾਮਾਨ ਪੈਕ ਕੀਤਾ ਤੇ ਜਲਦੀ ਜਲਦੀ ਮੈਟਰੋ ਟਰੇਨ ਪਕੜੀ ਸਿਧੀ ਏਅਰਪੋਰਟ ਲਈ। ਏਅਰਪੋਰਟ ਵਿਚ ਕਾਗ਼ਜ਼ ਚੈੱਕ ਕਰਨ ਵਾਲੀ ਕੁੜੀ ਕੋਲ ਮੇਰਾ ਫ਼ੋਨ ਰਹਿ ਗਿਆ ਜਿਸ ਨੇ ਬਾਅਦ ਵਿਚ ਅਪਣੇ ਸਟਾਫ਼ ਹੱਥੀਂ ਭੇਜ ਦਿਤਾ। ਕਾਫ਼ੀ ਪਰੇਸ਼ਾਨੀ ਹੋਈ। ਪੂਰੇ 11.30 ਵਜੇ ਜਹਾਜ਼ ਉਡਿਆ ਅਤੇ 3.15 ਵਜੇ ਚੰਡੀਗੜ੍ਹ ਏਅਰਪੋਰਟ ਤੇ ਸੁੱਖ ਸ਼ਾਂਤੀ ਨਾਲ ਵਾਪਸ ਆ ਗਿਆ। ਇਥੇ ਆ ਕੇ ਜਦ ਸੜਕਾਂ ਤੇ ਟ੍ਰੈਫ਼ਿਕ ਵੇਖੀ ਤਾਂ ਇਕ ਵਾਰ ਮਨ ਸੋਚਣ ਲੱਗਾ ਕਿ ਇਹ ਕਦੋਂ ਤੇ ਕਿਵੇਂ ਘਟ ਸਕਦਾ ਹੈ? ਦੁਬਈ ਵਰਗੀ ਸਫ਼ਾਈ ਭਾਰਤ ਵਿਚ ਕਿਉਂ ਨਹੀਂ? ਖ਼ੈਰ ਸੱਤ ਦਿਨ ਦੁਬਈ ਕਿਸ ਤਰ੍ਹਾਂ ਬੀਤੇ ਪਤਾ ਹੀ ਨਾ ਚਲਿਆ।
- ਲੇਖਕ ਸਹਾਇਕ ਸ਼ਾਖ਼ਾ ਪ੍ਰਬੰਧਕ
ਨੈਸ਼ਨਲ ਇੰਸੋਰੇਂਸ ਕੰਪਨੀ ਲਿਮ.