ਕੋਰੋਨਾ ਕਾਰਨ ਮਾਰੇ ਗਏ ਲੋਕਾਂ ਦੀ ਗਿਣਤੀ ਨੂੰ ਲੈ ਕੇ ਰਾਹੁਲ ਨੇ ਪ੍ਰਧਾਨ ਮੰਤਰੀ 'ਤੇ ਸਾਧਿਆ ਨਿਸ਼ਾਨਾ
ਕਿਹਾ, ਮੋਦੀ ਝੂਠ ਬੋਲ ਸਕਦੇ ਹਨ, ਵਿਗਿਆਨ ਝੂਠ ਨਹੀਂ ਬੋਲ ਸਕਦਾ
ਨਵੀਂ ਦਿੱਲੀ, 6 ਮਈ : ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕੋਰੋਨਾ ਨਾਲ ਮਾਰੇ ਗਏ ਲੋਕਾਂ ਦੀ ਗਿਣਤੀ ਨੂੰ ਲੈ ਕੇ ਸਰਕਾਰ ਦੇ ਅੰਕੜਿਆਂ 'ਤੇ ਸਵਾਲ ਚੁਕਦੇ ਹੋਏ ਕਿਹਾ ਕਿ ਵਿਗਿਆਨ ਝੂਠ ਨਹੀਂ ਬੋਲਦਾ, ਇਸ ਲਈ ਸਰਕਾਰ ਨੂੰ ਸੀ ਅੰਕੜੇ ਦੇਣੇ ਚਾਹੀਦੇ ਹਨ | ਰਾਹੁਲ ਨੇ ਸ਼ੁਕਰਵਾਰ ਨੂੰ ਟਵੀਟ ਕਰ ਕੇ ਕਿਹਾ, ''ਭਾਰਤ 'ਚ ਕੋਰੋਨਾ ਨਾਲ 47 ਲੱਖ ਲੋਕਾਂ ਦੀ ਮੌਤ ਹੋਈ, ਨਾ ਕਿ 4.8 ਲੱਖ ਲੋਕਾਂ ਦੀ, ਜਿਵੇਂ ਭਾਰਤ ਸਰਕਾਰ ਦਾਅਵਾ ਕਰਦੀ ਹੈ | ਸਾਇੰਸਦਾਨ ਝੂਠ ਨਹੀਂ ਬੋਲਦਾ, ਮੋਦੀ ਬੋਲ ਸਕਦੇ ਹਨ | ਕੋਰੋਨਾ ਨਾਲ ਜਾਨ ਗੁਆਉਣ ਵਾਲੇ ਮਿ੍ਤਕਾਂ ਦੇ ਪ੍ਰਵਾਰਾਂ ਦਾ ਸਨਮਾਨ ਕਰੋ ਅਤੇ 4 ਲੱਖ ਰੁਪਏ ਦੀ ਆਰਥਕ ਮਦਦ ਦੇ ਕੇ ਉਨ੍ਹਾਂ ਦੀ ਮਦਦ ਕਰੋ |'' ਇਸ ਦੇ ਨਾਲ ਹੀ ਉਨ੍ਹਾਂ ਨੇ ਵਿਸ਼ਵ ਸਿਹਤ ਸੰਗਠਨ- ਡਬਲਿਊ.ਐਚ.ਓ. ਦਾ ਇਕ ਅੰਕੜਾ ਵੀ ਪੋਸਟ ਕੀਤਾ ਹੈ, ਜਿਸ 'ਚ ਕਿਹਾ ਗਿਆ ਹੈ ਕਿ ਕੋਰੋਨਾ ਕਾਰਨ ਭਾਰਤ 'ਚ ਸਭ ਤੋਂ ਜ਼ਿਆਦਾ ਲੋਕਾਂ ਨੇ ਜਾਨ ਗੁਆਈ ਹੈ | ਸੰਗਠਨ ਦੀ ਰਿਪੋਰਟ 'ਤੇ ਭਾਰਤ ਸਰਕਾਰ ਨੇ ਇਤਰਾਜ਼ ਦਰਜ ਕੀਤਾ ਹੈ | (ਪੀਟੀਆਈ)