
ਗੁਰੂ ਘਰਾਂ ਦੇ ਪਾਠੀਆਂ ਨੂੰ ਸੰਕਟ ਦੀ ਘੜੀ 'ਚ ਗੁਜ਼ਾਰਾ ਭੱਤਾ ਦੇਵੇ ਸ਼੍ਰੋਮਣੀ ਕਮੇਟੀ : ਟਿਵਾਣਾ
ਫ਼ਤਹਿਗੜ੍ਹ ਸਾਹਿਬ, 24 ਅਪ੍ਰੈਲ (ਗੁਰਉਪਦੇਸ਼ ਭੁੱਲਰ) : ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਇਹ ਮਹਿਸੂਸ ਕਰਦਾ ਹੈ ਕਿ ਕਰੋਨਾ ਮਹਾਂਮਾਰੀ ਦੇ ਸੰਕਟ ਸਮੇਂ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹੋਰ ਸਿੱਖੀ ਸੰਸਥਾਵਾਂ ਅਪਣੇ ਕੌਮੀ ਖ਼ਜ਼ਾਨੇ ਵਿਚੋਂ ਗੁਰੂ ਸਾਹਿਬ ਦੀ 'ਸਰਬੱਤ ਦੇ ਭਲੇ' ਦੀ ਸੋਚ ਅਤੇ 'ਨਾ ਕੋ ਵੈਰੀ ਨਹਿ ਬੈਗਾਨਾ, ਸਗਲਿ ਸੰਗੁ ਹਮਕੋ ਬਨਿ ਆਇ' ਦੇ ਮਹਾਵਾਕ ਅਨੁਸਾਰ ਹਰ ਤਰ੍ਹਾਂ ਦੇ ਦੁਨਿਆਵੀ ਵਿਤਕਰਿਆ ਤੇ ਵਖਰੇਵਿਆਂ ਤੋਂ ਉਪਰ ਉੱਠਕੇ ਲੋੜਵੰਦਾਂ, ਮਜਲੂਮਾਂ, ਮਜ਼ਦੂਰਾਂ, ਗਰੀਬਾਂ ਲਈ ਲੰਗਰ-ਪ੍ਰਸਾਦੇ, ਮਾਸਕ, ਸਿਹਤ ਸੁਰੱਖਿਆ ਕਿੱਟਾਂ, ਦਵਾਈਆਂ ਅਤੇ ਹੋਰ ਲੋੜੀਦੀਆਂ ਵਸਤਾਂ ਲਈ ਅਪਣੇ ਦਸਵੰਧ ਦੀ ਸਹੀ ਵਰਤੋਂ ਕਰ ਰਹੀ ਹੈ। ਉਸ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਨਾਲੋ ਨਾਲ ਇਕ ਹੋਰ ਵੀ ਵੱਡਾ ਅਹਿਮ ਅਤੇ ਕੌਮੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਉਹ ਵੱਡੀ ਗਿਣਤੀ ਵਿਚ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਅਤੇ ਹੋਰਨਾਂ ਇਤਿਹਾਸਿਕ ਗੁਰੂਘਰਾਂ ਵਿਚ ਗੁਰੂਘਰਾਂ ਦੇ ਪਾਠੀਆਂ ਦੀ ਸਾਰ ਲਵੇ। image
ਅਕਾਲੀ ਦਲ ਅੰਮ੍ਰਿਤਸਰ ਦੇ ਮੁੱਖ ਬੁਲਾਰੇ ਇਕਬਾਲ ਸਿੰਘ ਟਿਵਾਣਾ ਨੇ ਪਾਰਟੀ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਨਾਲ ਹੋਏ ਵਿਚਾਰ-ਵਟਾਂਦਰੇ ਤੋਂ ਬਾਅਦ ਜਾਰੀ ਬਿਆਨ 'ਚ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਅਤੇ ਡਾ. ਰੂਪ ਸਿੰਘ ਮੁੱਖ ਸਕੱਤਰ ਐਸ.ਜੀ.ਪੀ.ਸੀ. ਨੂੰ ਲਿਖੇ ਗਏ ਖੁੱਲ੍ਹੇ ਪੱਤਰ ਵਿਚ ਕਿਹਾ ਕਿ ਕਰੋਨਾ ਮਹਾਂਮਾਰੀ ਦੀ ਬਦੌਲਤ ਸਮੁੱਚੇ ਗੁਰੂਘਰ ਸਾਹਿਬਾਨਾਂ ਵਿਚ ਸਵਾ ਡੇਢ ਮਹੀਨੇ ਤੋਂ ਇਹ ਸ੍ਰੀ ਆਖੰਡ ਪਾਠ ਸਾਹਿਬ ਦੀਆਂ ਲੜੀਆ ਬੰਦ ਹੋ ਚੁੱਕੀਆ ਹਨ ਅਤੇ ਇਨ੍ਹਾਂ ਪਾਠੀ ਸਿੰਘਾਂ ਜਿਨ੍ਹਾਂ ਨੂੰ ਸਿੱਖ ਕੌਮ ਸਤਿਕਾਰ ਵਜੋਂ ਗੁਰੂਘਰ ਦੇ ਵਜ਼ੀਰ ਕਹਿ ਕੇ ਵੀ ਸਨਮਾਨ ਬਖ਼ਸਦੀ ਆ ਰਹੀ ਹੈ, ਉਹ ਅੱਜ ਮਹਾਮਾਰੀ ਦੀ ਬਦੌਲਤ ਅਪਣੇ ਬੱਚਿਆਂ ਦੀ ਦੋ ਸਮੇਂ ਦੀ ਰੋਟੀ ਲਈ ਵੀ ਮੁਥਾਜ ਹਨ। ਉਨ੍ਹਾਂ ਅੱਗੇ ਕਿਹਾ ਕਿ ਸੰਕਟ ਦੀ ਘੜੀ ਵਿਚੋਂ ਗੁਜਰ ਰਹੇ ਹਨ। ਉਨ੍ਹਾਂ ਸ਼੍ਰੋਮਣੀ ਕਮੇਟੀ ਤੋਂ ਸੰਕਟ 'ਚੋਂ ਗੁਜਰ ਰਹੇ ਪਾਠੀਆਂ ਨੂੰ ਗੁਜ਼ਾਰਾ ਭੱਤਾ ਮੁਹਈਆ ਕਰਾਉਣ ਦੀ ਮੰਗ ਕੀਤੀ ਹੈ।