
ਜੇਕਰ ਸੂਬਾ ਸਰਕਾਰ ਨੇ ਸਮੇਂ ਸਿਰ ਸਹੀ ਕਦਮ ਚੁੱਕੇ ਹੁੰਦੇ ਤਾਂ ਇਹ ਦੰਗੇ ਨਹੀਂ ਹੁੰਦੇ
ਕਰਨਾਲ - ਹਰਿਆਣਾ ਦੇ ਨੂਹ 'ਚ ਹਿੰਸਾ ਨੂੰ ਦੇਖਦੇ ਹੋਏ ਵਿਰੋਧੀ ਧਿਰ ਦੇ ਆਗੂ ਅਤੇ ਕਾਂਗਰਸ ਦੇ ਸੀਨੀਅਰ ਨੇਤਾ ਭੁਪਿੰਦਰ ਸਿੰਘ ਹੁੱਡਾ ਸੀਐੱਮ ਮਨੋਹਰ ਲਾਲ ਖੱਟਰ 'ਤੇ ਵਰੇ। ਉਨ੍ਹਾਂ ਦਿੱਲੀ ਵਿਚ ਪ੍ਰੈੱਸ ਕਾਨਫਰੰਸ ਕਰਕੇ ਸਰਕਾਰ ਨੂੰ ਘੇਰਿਆ ਹੈ। ਹੁੱਡਾ ਨੇ ਕਿਹਾ ਕਿ ਨੂਹ 'ਚ ਜੋ ਹੋਇਆ ਉਹ ਮੰਦਭਾਗਾ ਹੈ। 1947 ਵਿਚ ਮੇਵਾਤ ਵਿਚ ਕੋਈ ਦੰਗਾ ਨਹੀਂ ਹੋਇਆ ਸੀ।
ਜੇਕਰ ਸੂਬਾ ਸਰਕਾਰ ਨੇ ਸਮੇਂ ਸਿਰ ਸਹੀ ਕਦਮ ਚੁੱਕੇ ਹੁੰਦੇ ਤਾਂ ਇਹ ਦੰਗੇ ਨਹੀਂ ਹੁੰਦੇ। ਸਰਕਾਰ ਨੇ ਪੁਲਿਸ ਦੀ ਥਾਂ ਹੋਮ ਗਾਰਡ ਤਾਇਨਾਤ ਕਰ ਦਿੱਤੇ ਸਨ। ਪ੍ਰਸ਼ਾਸਨ ਨੂੰ ਪਹਿਲਾਂ ਹੀ ਪੁਲਿਸ ਤਾਇਨਾਤ ਕਰਨੀ ਚਾਹੀਦੀ ਸੀ। ਇਹ ਸਰਕਾਰ ਦੀ ਨਾਕਾਮੀ ਹੈ। ਸੀਆਈਡੀ ਨੂੰ ਪਹਿਲਾਂ ਹੀ ਪਤਾ ਸੀ। ਸਰਕਾਰ ਨੂੰ ਪੂਰੀ ਤਿਆਰੀ ਕਰਨੀ ਚਾਹੀਦੀ ਸੀ।
ਖੱਟਰ ਸਰਕਾਰ ਦੇ ਅਸਤੀਫ਼ੇ ਦੇ ਸਵਾਲ 'ਤੇ ਭੁਪਿੰਦਰ ਹੁੱਡਾ ਨੇ ਕਿਹਾ ਕਿ ਜੇਕਰ ਖੱਟਰ ਜ਼ਿੰਮੇਵਾਰੀ ਕਬੂਲ ਕਰਦੇ ਹਨ ਤਾਂ ਉਨ੍ਹਾਂ ਨੂੰ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ, ਪਰ ਇਸ ਲਈ ਇੱਕ ਆਦਮੀ ਜ਼ਿੰਮੇਵਾਰ ਨਹੀਂ, ਪੂਰੀ ਸਰਕਾਰ ਫੇਲ੍ਹ ਹੈ। ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਦੇ ਜਵਾਬ 'ਤੇ ਹੁੱਡਾ ਨੇ ਕਿਹਾ ਕਿ ਜੇ ਸਰਕਾਰ ਨੂੰ ਪਤਾ ਸੀ ਕਿ ਹਿੰਸਾ ਦੀ ਯੋਜਨਾ ਬਣਾਈ ਗਈ ਸੀ ਤਾਂ ਉਸ ਨੂੰ ਤਿਆਰ ਰਹਿਣਾ ਚਾਹੀਦਾ ਸੀ। ਹੁੱਡਾ ਨੇ ਕਿਹਾ ਕਿ ਸਰਕਾਰ ਹੁਣ ਅਜਿਹੀ ਚੌਕਸੀ ਦਿਖਾ ਰਹੀ ਹੈ, ਜੇਕਰ ਇਹ ਪਹਿਲਾਂ ਦਿਖਾਈ ਜਾਂਦੀ ਤਾਂ ਹਿੰਸਾ ਨਾ ਹੁੰਦੀ।
ਹੁੱਡਾ ਨੇ ਹਰਿਆਣਾ ਵਿਚ ਚੋਣ ਤੋਂ ਪਹਿਲਾਂ ਭਾਜਪਾ ਦੇ ਦੰਗੇ ਭੜਕਾਉਣ ਵਾਲੇ ਸਵਾਲ 'ਤੇ ਕਿਹਾ ਕਿ ਚੋਣਾਂ ਪੂਰੇ ਦੇਸ਼ ਵਿਚ ਹੋਣ ਵਾਲੀਆਂ ਹਨ ਅਜਿਹੇ ਮਾਹੌਲ ਦੇਸ਼ ਦੇ ਹਿੱਤ ਵਿਚ ਨਹੀਂ ਹਨ। ਭਾਜਪਾ-ਜਜਪਾ ਸਰਕਾਰ ਪੂਰੀ ਤਰ੍ਹਾਂ ਨਾਲ ਕਾਨੂੰਨ ਵਿਵਸਥਾ ਨੂੰ ਕਾਇਮ ਕਰਨ ਵਿਚ ਅਸਫ਼ਲ ਹੋਈ ਹੈ। ਹੁੱਡਾ ਨੇ ਕਿਹਾ ਕਿ ਨੂਹ 'ਚ ਹਿੰਸਾ ਸਰਕਾਰ ਦੀ ਨਾਕਾਮੀ ਦਾ ਨਤੀਜਾ ਹੈ। ਸਰਕਾਰ ਨੂੰ ਆਪਣੀ ਜ਼ਿੰਮੇਵਾਰੀ ਨੂੰ ਸਮਝਣਾ ਚਾਹੀਦਾ ਹੈ ਅਤੇ ਸ਼ਾਂਤੀ ਬਣਾਈ ਰੱਖਣ ਲਈ ਸੰਵੇਦਨਸ਼ੀਲਤਾ ਨਾਲ ਹਰ ਸੰਭਵ ਕੋਸ਼ਿਸ਼ ਕਰਨੀ ਚਾਹੀਦੀ ਹੈ।