
ਦੋ ਸੂਬਿਆਂ ਦੀ ਰਾਜਧਾਨੀ ਚੰਡੀਗੜ੍ਹ ਦੇ ਪ੍ਰਸ਼ਾਸਨ ਟਰਾਂਸਪੋਰਟ ਦੀ ਦਿਸ਼ਾ ਤੇ ਦਸ਼ਾ ਸੁਧਾਰਨ ਲਈ ਓਲਾ ਕੰਪਨੀ ਮਗਰੋਂ ਹੁਣ ਉਬੇਰ ਕੰਪਨੀ ਵੀ ਆਪੋ-ਅਪਣੀਆਂ ਬਾਈਕ ਟੈਕਸੀ ਸੇਵਾਵਾਂ
ਚੰਡੀਗੜ੍ਹ, 28 ਜੁਲਾਈ (ਸਰਬਜੀਤ ਢਿੱਲੋਂ): ਦੋ ਸੂਬਿਆਂ ਦੀ ਰਾਜਧਾਨੀ ਚੰਡੀਗੜ੍ਹ ਦੇ ਪ੍ਰਸ਼ਾਸਨ ਟਰਾਂਸਪੋਰਟ ਦੀ ਦਿਸ਼ਾ ਤੇ ਦਸ਼ਾ ਸੁਧਾਰਨ ਲਈ ਓਲਾ ਕੰਪਨੀ ਮਗਰੋਂ ਹੁਣ ਉਬੇਰ ਕੰਪਨੀ ਵੀ ਆਪੋ-ਅਪਣੀਆਂ ਬਾਈਕ ਟੈਕਸੀ ਸੇਵਾਵਾਂ ਚੰਡੀਗੜ੍ਹ 'ਚ ਦੇਣ ਲਈ ਤਿਆਰ ਹੋ ਗਈ ਹੈ। ਸਟੇਟ ਟਰਾਂਸਪੋਰਟ ਅਥਾਰਟੀ ਚੰਡੀਗੜ੍ਹ ਛੇਤੀ ਨਵੀਂ ਨੀਤੀ ਨੂੰ ਪ੍ਰਵਾਨਗੀ ਦੇਵੇਗੀ
ਸੂਤਰਾਂ ਅਨੁਸਾਰ ਚੰਡੀਗੜ੍ਹ ਪ੍ਰਸ਼ਾਸਨ ਕੋਲ ਪਿਛਲੇ ਕਈ ਦਿਨਾਂ ਤੋਂ ਕਈ ਹੋਰ ਕੰਪਨੀਆਂ ਨੇ ਵੀ ਸ਼ਹਿਰ ਵਿਚ ਅਪਣੀਆਂ ਸੇਵਾਵਾਂ ਦੇਣ ਲਈ ਆਫ਼ਰ ਦਿਤੀ ਹੈ। ਪੰਜਾਬ ਸਰਕਾਰ ਵਲੋਂ ਬੀਤੇ ਸੋਮਵਾਰ ਨੂੰ ਮੋਹਾਲੀ 'ਚ ਬਾਈਕ ਟੈਕਸੀ ਸੇਵਾ ਸ਼ੁਰੂ ਕਰ ਦਿਤੀ ਪਰ ਚੰਡੀਗੜ੍ਹ ਪ੍ਰਸ਼ਾਸਨ ਕੋਲੋਂ ਪ੍ਰਮਿਟ ਨੂੰ ਚੰਡੀਗੜ੍ਹ 'ਚ ਵਿਸਥਾਰ ਲਈ ਜਾਂ ਕਾਊਂਟਰ ਸਾਈਨ ਕਰਨ ਲਈ ਪੰਜਾਬ ਸਰਕਾਰ ਨੇ ਪ੍ਰਵਾਨਗੀ ਨਹੀਂ ਲਈ ਜਿਸ ਦਾ ਪਹਿਲੇ ਹੀ ਕਈ ਨੌਜਵਾਨ ਅਪਰੇਟਰ 5 ਹਜ਼ਾਰ ਰੁਪਏ ਦੇ 3-4 ਚਲਾਨ ਕਰਵਾ ਬੈਠੇ ਜਦਕਿ ਸਟੇਟ ਅਥਾਰਟੀ ਕੋਲ ਕਾਊਂਟਰ ਸਾਈਨ ਕਰਵਾਉਣੇ ਜ਼ਰੂਰੀ ਸਨ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਮੋਹਾਲੀ ਤੋਂ ਚੱਲ ਕੇ ਉਬੇਰ ਟੈਕਸੀਆਂ ਚੰਡੀਗੜ੍ਹ ਦੀ ਹੱਦ ਅੰਦਰ ਜਦ ਦਾਖ਼ਲ ਹੋਣੀਆਂ ਸ਼ੁਰੂ ਹੋਈਆਂ ਸੀ ਤਾਂ ਚੰਡੀਗੜ੍ਹ ਸਟੇਟ ਟਰਾਂਸਪੋਰਟ ਅਥਾਰਟੀ ਨੇ ਟੈਕਸੀ ਡਰਾਈਵਰਾਂ ਦੇ ਕਈ-ਕਈ ਗੁਣਾ ਜੁਰਮਾਨਾ ਲਾ ਕੇ ਚਲਾਨ ਕੀਤੇ ਸਨ ਜਾਂ ਗੱਡੀਆਂ ਜਬਤ ਕਰ ਲਈਆਂ ਸਨ। ਬਾਅਦ ਵਿਚ ਪੰਜਾਬ ਸਰਕਾਰਨੇ ਚੰਡੀਗੜ੍ਹ ਲਈ ਵੀ ਨੀਤੀ ਨੂੰ ਵਧਾਉਣ ਲਈ ਪੱਤਰ ਲਿਖਿਆ ਸੀ।
ਬਾਈਕ ਟੈਕਸੀ ਦਾ ਲਾਭ ਕਿਸ ਨੂੰ ਮਿਲੇਗਾ?
ਚੰਡੀਗੜ੍ਹ ਪ੍ਰਸ਼ਾਸਨ ਪੰਜਾਬ ਸਰਕਾਰ ਦੀ ਤਰ੍ਹਾਂ ਅਪਣੀ ਬਾਈਕ ਟੈਕਸੀ ਦੀ ਜਿਹੜੀ ਨੀਤੀ ਤਿਆਰ ਕਰ ਰਿਹਾ ਹੈ, ਉਸ ਦੀ ਬੁਕਿੰਗ ਮੋਬਾਈਲ ਐਪ ਨਾਲ ਹੋਵੇਗੀ। ਇਸ ਦਾ ਲਾਭ ਉਨ੍ਹਾਂ ਲੋਕਾਂ ਨੂੰ ਹੋਵੇਗਾ ਜੋ ਇਕੱਲੇ-ਇਕੱਲੇ ਇਕ ਥਾਂ ਤੋਂ ਦੂਜੀ ਥਾਂ ਤਕ ਘੱਟ ਕਿਰਾਏ 'ਚ ਜਾਣਾ ਚਾਹੁੰਦੇ ਹਨ। ਇਸ ਤੋਂ ਪਹਿਲਾਂ ਚੰਡੀਗੜ੍ਹ ਵਿਚ ਵੀ ਕਈ ਲੋਕਾਂ ਨੇ ਦੋ ਪਹੀਆ ਵਾਹਨਾਂ ਨੂੰ ਸ਼ੇਅਰ ਦੇ ਆਧਾਰ 'ਤੇ ਚਲਾਉਣਾ ਸ਼ੁਰੂ ਕੀਤਾ ਸੀ, ਜਿਸ ਨੂੰ ਟਰਾਂਸਪੋਰਟ ਅਥਾਰਟੀ ਨੇ ਨਾ ਮਨਜ਼ੂਰ ਕਰ ਦਿਤਾ ਸੀ।
ਟੈਕਸੀ ਸੇਵਾ ਪੈਂਦੀ ਹੈ ਮਹਿੰਗੀ
ਚੰਡੀਗੜ੍ਹ ਪ੍ਰਸ਼ਾਸਨ ਤੋਂ ਇਲਾਵਾ ਟਰਾਈ ਸਿਟੀ ਚੰਡੀਗੜ੍ਹ ਮੋਹਾਲੀ ਤੇ ਪੰਚਕੂਲਾ 'ਚ 30 ਹਜ਼ਾਰ ਦੇ ਕਰੀਬ ਓਲਾ ਤੇ ਉਬੇਰ ਕੰਪਨੀ ਦੀਆਂ ਟੈਕਸੀਆਂ ਅਤੇ ਨਿਜੀ ਰੇਡੀਉ ਟੈਕਸੀਆਂ ਚਲ ਰਹੀਆਂ ਹਨ ਜਿਨ੍ਹਾਂ ਦਾ ਕਿਰਾਇਆ ਪ੍ਰਤੀ ਕਿਲੋਮੀਟਰ ਦੇ ਹਿਸਾਬ ਨਾਲ ਇਕੱਲੇ ਬੰਦੇ ਨੂੰ ਬਹੁਤ ਮਹਿੰਗਾ ਪੈਂਦਾ ਹੈ।
ਗੋਆ ਦੀ ਤਰਜ਼ 'ਤੇ ਬਾਈਕ ਟੈਕਸੀ
ਦੱਸਣਯੋਗ ਹੈ ਕਿ ਚੰਡੀਗੜ੍ਹ ਸਮੇਤ ਟਰਾਈ ਸਿਟੀ 'ਚ ਇਹ ਬਾਈਕ ਟੈਕਸੀਆਂ ਗੋਆ ਸਿਟੀ 'ਚ ਸੱਭ ਤੋਂ ਪਹਿਲਾਂ ਸ਼ੁਰੂ ਹੋਈਆਂ ਸਨ। ਇਨ੍ਹਾਂ ਦੇ ਰੇਟ ਟੈਕਸੀਆਂ ਦੇ ਮੁਕਾਬਲੇ ਕਿਤੇ ਅੱਧੇ ਨਾਲੋਂ ਵੀ ਘੱਟ ਹਨ। ਗੋਆ 'ਚ ਅਜਿਹੀਆਂ ਸੇਵਾਵਾਂ ਦੀ ਵਰਤੋਂ ਭੀੜ-ਭੜੱਕੇ ਅਤੇ ਸਵੇਰੇ-ਸ਼ਾਮ ਸੜਕਾਂ 'ਤੇ ਲੱਗਣ ਵਾਲੇ ਭਾਰੀ ਜਾਮਾਂ ਤੋਂ ਬਚਣ ਲਈ ਕੀਤੀ ਜਾਂਦੀ ਹੈ।
ਚੰਡੀਗੜ੍ਹ ਸਟੇਟ ਟਰਾਂਸਪੋਰਟ ਅਥਾਰਟੀ ਦੇ ਐਡੀਸ਼ਨਲ ਸੈਕਟਰੀ ਰਾਜੀਵ ਤਿਵਾੜੀ ਨੇ ਕਿਹਾ ਕਿ ਪੰਜਾਬ ਸਰਕਾਰ ਚੰਡੀਗੜ੍ਹ 'ਚ ਬਾਈਕ ਟੈਕਸੀ ਸੇਵਾ ਨੂੰ ਚਲਾਉਣ ਲਈ ਪਹਿਲਾਂ ਕਾਊਂਟਰ ਸਾਈਨ ਕਰਵਾ ਕੇ ਸਕੀਮ ਦੀ ਪ੍ਰਵਾਨਗੀ ਲਵੇ, ਨਹੀਂ ਤਾਂ ਬਿਨਾਂ ਪ੍ਰਮਿਟ ਚੰਡੀਗੜ੍ਹ 'ਚ ਆਉਣ ਵਾਲੇ ਅਜਿਹੇ ਵਾਹਨਾਂ ਨੂੰ 5 ਹਜ਼ਾਰ ਤਕ ਦਾ ਜੁਰਮਾਨਾ ਹੋਵੇਗਾ। ਉਨ੍ਹਾਂ ਕਿਹਾ ਕਿ ਕਾਊਂਟਰ ਸਾਈਨ ਲਈ ਮਾਮੂਲੀ ਸਾਲਾਨਾ ਫ਼ੀਸ ਹੈ। ਉਨ੍ਹਾਂ ਕਿਹਾ ਕਿ ਚੰਡੀਗੜ੍ਹ 'ਚ ਬਾਈਕ ਟੈਕਸੀਆਂ ਲਈ ਛੇਤੀ ਹੀ ਨੀਤੀ ਤਿਆਰ ਹੋ ਜਾਵੇਗੀ, ਇਸ ਲਈ ਡਰਾਫ਼ਟ ਨੀਤੀ ਪ੍ਰਸ਼ਾਸਨ ਨੂੰ ਭੇਜੀ ਜਾ ਚੁਕੀ ਹੈ।