
ਐਸਜੀਪੀਸੀ ਹੈਡਕੁਆਟਰ ਸਾਹਮਣੇ ਸਿੱਖ ਸੰਗਤ ਵਲੋਂ ਰੋਸ ਪ੍ਰਦਰਸ਼ਨ
ਕਰਨਾਲ 02 ਅਕਤੂਬਰ (ਪਲਵਿੰਦਰ ਸਿੰਘ ਸੱਗੂ) : ਕੱਲ੍ਹ ਇਕ ਅਕਤੂਬਰ ਨੂੰ ਹਰਿਆਣਾ ਸਿੱਖ ਸੰਗਤ ਵਲੋਂ ਐਸਜੀਪੀਸੀ ਅੰਮ੍ਰਿਤਸਰ ਦੇ ਸੱਭ ਦਫ਼ਤਰ ਹਰਿਆਣਾ ਦੇ ਹੈੱਡਕੁਆਟਰ ਕੁਰੂਕਸ਼ੇਤਰ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ। ਹਰਿਆਣਾ ਸਿੱਖ ਸੰਗਤ ਦੀ ਅਗਵਾਈ ਨੌਜਵਾਨ ਸਿੱਖ ਨੇਤਾ ਅਤੇ ਬੁੱਧੀਜੀਵੀ ਐਡਵੋਕੇਟ ਅੰਗਰੇਜ਼ ਸਿੰਘ ਪੰਨੂ ਨੇ ਕੀਤੀ ਪ੍ਰਦਰਸ਼ਨ ਦੀ ਸ਼ੁਰੂਆਤ ਹਰਿਆਣਾ ਸਿੱਖ ਸੰਗਤ ਨੇ ਸਤਿਨਾਮ ਵਾਹਿਗੁਰੂ ਦਾ ਜਾਪ ਕਰ ਕੇ ਸ਼ੁਰੂ ਕੀਤਾ ਜਿਸ ਤੋਂ ਬਾਅਦ ਪ੍ਰਦਰਸ਼ਨ ਕਰ ਰਹੇ ਹਰਿਆਣਾ ਸਿੱਖ ਸੰਗਤ ਨੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵਿਰੁਧ ਜਮ ਕੇ ਨਾਅਰੇਬਾਜ਼ੀ ਕੀਤੀ ਜਿਸ ਤੋਂ ਬਾਅਦ ਹਰਿਆਣਾ ਦੀ ਸਿੱਖ ਸੰਗਤ ਐਡਵੋਕੇਟ ਅੰਗਰੇਜ਼ ਸਿੰਘ ਪਨੂੰ ਦੀ ਅਗਵਾਈ ਹੇਠ ਐਸਜੀਪੀਸੀ ਅੰਮ੍ਰਿਤਸਰ ਹਰਿਆਣਾ ਦੇ ਸੱਭ ਦਫ਼ਤਰ ਕੁਰਕਸ਼ੇਤਰ ਦੇ ਵੱਲ ਵਧਣ ਲੱਗੇ ਤਾਂ ਉਸੇ ਵਕਤ ਐਸਜੀਪੀਸੀ ਦੀ ਟਾਸਕ ਫ਼ੋਰਸ ਨੇ ਸਬ ਦਫ਼ਤਰ ਦੇ ਗੇਟ ਬੰਦ ਕਰ ਦਿਤੇ ਤੇ ਆਪ ਅੰਦਰ ਚਲੇ ਗਏ। ਹਰਿਆਣਾ ਸਿੱਖ ਸੰਗਤ ਨੇ ਗੇਟ ਦੇ ਅੱਗੇ ਖੜੇ ਹੋ ਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਕੁਰੂਕਸ਼ੇਤਰ ਪ੍ਰਸ਼ਾਸਨ ਵਲੋਂ ਕਾਨੂੰਨ ਕਾਇਮ ਰਖਣ ਲਈ ਐਸ.ਐਚ.ਓ. ਜਸਪਾਲ ਸਿੰਘ ਢਿਲੋਂ ਨੂੰ ਭਾਰੀ ਪੁਲਿਸ ਫੋਰਸ ਨਾਲ ਮੌਕੇ 'ਤੇ ਮੌਜੂਦ ਸਨ। ਜਿਨ੍ਹਾਂ ਨੇ ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤ ਰਹਿ ਕੇ ਪ੍ਰਦਰਸ਼ਨ ਕਰਨ ਦੀ ਅਪੀਲ ਕੀਤੀ ਤਾਂ ਸਿੱਖ ਸੰਗਤ ਨੇ ਗੇਟ ਦੇ ਸਾਹਮਣੇ ਹੀ ਦਰੀਆਂ ਵਿਛਾ ਕੇ ਅਪਣਾ ਧਰਨਾ ਲਗਾਇਆ ਅਤੇ ਰੋਸ ਜ਼ਾਹਰ ਕੀਤਾ। ਇਸ ਮੌਕੇ ਸਿੱਖ ਸੰਗਤ ਦੀ ਅਗਵਾਈ ਕਰ ਰਹੇ ਹਨ ਅੰਗਰੇਜ਼ ਸਿੰਘ ਪਨੂੰ ਨੇ ਕਿਹਾ ਕਿ ਅਸੀ ਅੱਜ ਦੇ ਪ੍ਰਦਰਸ਼ਨ ਨਾਲ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਚੇਤਾਵਨੀ ਦਿਤੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਲਾਪਤਾ ਸਰੂਪਾਂ ਦੀ ਬਰਾਮਦਗੀ ਕੀਤੀ ਜਾਵੇ ਅਤੇ ਦੋਸ਼ੀਆਂ ਵਿਰੁਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਨੇ ਕਿਹਾ ਕਿ ਲਾਪਤਾ ਸਰੂਪ ਸਬੰਧੀ ਜੋ ਰੀਪੋਰਟ ਆਈ ਹੈ, ਉਸ ਨੂੰ ਸਾਰੀ ਸੰਗਤ ਦੇ ਸਾਹਮਣੇ ਰਖਿਆ ਜਾਵੇ।
ਐਡਵੋਕੇਟ ਪੰਨੂ ਨੇ ਕਿਹਾ ਕਿ 1920 'ਚ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਨੀਂਹ ਰੱਖੀ ਗਈ ਸੀ ਅਤੇ ਅੱਜ ਇਕ ਸਦੀ ਬੀਤਣ ਤੋਂ ਬਾਅਦ ਇਸ ਦਾ ਇਤਿਹਾਸ ਵਿਚ 2020 ਸੱਭ ਤੋਂ ਸ਼ਰਮਨਾਕ ਰਿਹਾ ਹੈਂ ਕੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਸਰੂਪ ਲਾਪਤਾ ਹੋਏ ਹਨ। ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਸਿੱਖਾਂ ਦੇ ਨੁਮਾਇੰਦਗੀ ਕਰਨ ਵਾਲੀ ਜਥੇਬੰਦੀ ਕਹਾਉਣ ਦਾ ਹੱਕ ਗੁਆ ਚੁਕੀ ਹੈ।
ਇਸ ਮੌਕੇ ਅਪਾਰ ਸਿੰਘ ਕਿਸ਼ਨਗੜ੍ਹ ਨੇ ਕਿਹਾ ਕਿ ਜਦੋਂ ਤਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲਾਪਤਾ ਹੋਏ ਸਰੂਪ ਬਰਾਮਦ ਨਹੀਂ ਕੀਤੇ ਜਾਂਦੇ ਅਤੇ ਦੋਸ਼ੀਆਂ ਵਿਰੁਧ ਜਾਂਚ ਨਹੀਂ ਕੀਤੀ ਜਾਂਦੀ ਉਦੋਂ ਤਕ ਹਰਿਆਣਾ ਦੀ ਸੰਗਤ ਸੰਘਰਸ਼ ਜਾਰੀ ਰੱਖੇਗੀ। ਉਨ੍ਹਾਂ ਕਿਹਾ ਕਿ ਅੱਜ ਤਾਂ ਅਸੀ ਸਿਰਫ਼ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਚੁਣੌਤੀ ਦਿੰਦੇ ਹੋਏ ਸੰਕੇਤਕ ਧਰਨਾ ਦਿਤਾ ਹੈ ਪਰ ਜੇਕਰ ਅਗਾਮੀ ਦਿਨਾਂ ਵਿਚ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਅਪਣੀ ਜ਼ਿੰਮੇਵਾਰੀ ਸਹੀ ਢੰਗ ਨਾਲ ਨਾ ਨਿਭਾਈ ਤਾਂ ਛੇਤੀ ਹੀ ਹਰਿਆਣਾ ਦੀ ਸਿੱਖ ਸੰਗਤ ਵੱਡੀ ਗਿਣਤੀ ਵਿਚ ਇਕੱਠੇ ਹੋ ਕੇ ਇਕ ਵੱਡਾ ਅੰਦੋਲਨ ਕਰੇਗੀ। ਇਸ ਮੌਕੇ ਹਰਿਆਣਾ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਸਿੱਖ ਸੰਗਤਾਂ ਦੇ ਨੁਮਾਇੰਦੇ ਹਾਜ਼ਰ ਸਨ ਜਿਨ੍ਹਾਂ ਵਿਚ ਯਮੁਨਾਨਗਰ ਤੋਂ ਪਰਮਜੀਤ ਸਿੰਘ ਬੱਬੂ, ਗੁਰਬਖਸ਼ ਸਿੰਘ, ਕੁਲਦੀਪ ਸਿੰਘ ਕੈਥਲ, ਸੰਗਰਾਮ ਸਿੰਘ ਪਿਉਂਦ, ਪਰਤਾਪ ਸਿੰਘ ਬਾਸ਼ਾ, ਗੁਰਨਾਮ ਸਿੰਘ, ਕੰਵਲਜੀਤ ਸਿੰਘ, ਹਰਜਿੰਦਰ ਸਿੰਘ, ਗੁਰਵਿੰਦਰ ਸਿੰਘ ਚੀਮਾ, ਅਰਸ਼ਦੀਪ ਸਿੰਘ ਪਿਹੋਵਾ, ਕਲਵੰਤ ਸਿੰਘ ਸਤਿਕਾਰ ਸਭਾ, ਨਵਾਬ ਸਿੰਘ, ਅੰਮ੍ਰਿਤ ਸਿੰਘ, ਬਘੇਲ ਸਿੰਘ, ਕੁਰੂਕਸ਼ੇਤਰ ਤੋਂ ਹਰਮਨਜੀਤ ਸਿੰਘ, ਸਵਰਨ ਸਿੰਘ, ਅਜੈਬ ਸਿੰਘ ਅਤੇ ਹੋਰ ਸਿੱਖ ਸੰਗਤਾਂ ਮੌਜੂਦ ਸਨ।