
ਪੁਲਿਸ ਨੇ ਮਾਮਲਾ ਦਰਜ ਕਰ ਕੇ ਕਿਸਾਨ ਆਗੂ ਦਬੋਚਿਆ
ਬਠਿੰਡਾ (ਦਿਹਾਤੀ) 10 ਅਪ੍ਰੈਲ (ਲੁਭਾਸ਼ ਸਿੰਗਲਾ/ਕੁਲਜੀਤ ਢੀਂਗਰਾ/ ਗੁਰਪ੍ਰੀਤ ਸਿੰਘ) : ਜ਼ਿਲ੍ਹੇ ਦੇ ਪਿੰਡ ਸੇਲਬਰਾਹ ਵਿਖੇ ਕੋਰੋਨਾ ਵਾਇਰਸ ਦੇ ਚਲਦਿਆਂ ਕਰਫ਼ਿਊ ਦੌਰਾਨ ਪਿੰਡ ਦੇ ਹੀ ਇਕ ਦੁਕਾਨਦਾਰ ਵਿਰੁਧ ਪਿਛਲੇ ਦਿਨੀਂ ਜ਼ਰੂਰੀ ਵਸਤਾਂ ਦੀ ਕਾਲਾਬਾਜ਼ਾਰੀ ਕਰਨ ਦੇ ਦੋਸ਼ ਤਹਿਤ ਦਰਜ ਹੋਏ ਮਾਮਲੇ ਦੀਆਂ ਨਵੀਆਂ ਖੁਲ੍ਹੀਆਂ ਪਰਤਾਂ ਵਿਚ ਭਾਕਿਯੂ ਦੇ ਇਕ ਸਿਰਕੱਢ ਆਗੂ ਵਲੋਂ ਦੁਕਾਨਦਾਰ ਵਿਰੁਧ ਦਰਜ ਮਾਮਲੇ ਨੂੰ ਨਿਬੇੜਣ ਲਈ ਦਬਾਅ ਬਣਾ ਕੇ ਲੱਖਾਂ ਦੀ ਮੰਗ ਕਰਨ 'ਤੇ ਹਜ਼ਾਰਾਂ ਲੈ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ 'ਤੇ ਥਾਣਾ ਫੂਲ ਦੀ ਪੁਲਿਸ ਵਲੋਂ ਦੁਕਾਨਦਾਰ ਦੇ ਬਿਆਨਾਂ 'ਤੇ ਜਥੇਬੰਦੀ ਦੇ ਆਗੂ ਵਿਰੁਧ ਮਾਮਲਾ ਦਰਜ ਕਰ ਕੇ ਉਸ ਨੂੰ ਦਬੋਚ ਲਿਆ ਗਿਆ ਹੈ।
ਥਾਣਾ ਫੂਲ ਦੇ ਮੁਖੀ ਸਬ ਇੰਸਪੈਕਟਰ ਮਨਿੰਦਰ ਸਿੰਘ ਨੇ ਦਸਿਆ ਕਿ ਮਾਮਲੇ ਵਿਚ ਮੁਦੱਈ ਜਗਸੀਰ ਸਿੰਘ ਪੁੱਤਰ ਕੇਵਲ ਸਿੰਘ ਵਾਸੀ ਸੇਲਬਰਾਹ ਨੇ ਪੁਲਿਸ ਕੋਲ ਬਿਆਨ ਦਰਜ ਕਰਵਾਏ ਹਨ ਕਿ ਪਿਛਲੇ ਦਿਨੀਂ ਕਰਫ਼ਿਊ ਦੌਰਾਨ ਉਸ ਦੇ ਘਰ ਲਵਪ੍ਰੀਤ ਸਿੰਘ ਪੁੱਤਰ ਮੱਖਣ ਸਿੰਘ ਵਾਸੀ ਸੇਲਬਰਾਹ ਜ਼ਰੂਰੀ ਵਸਤੂ ਲੈਣ ਲਈ ਆਇਆ। ਜਿਸ ਨੇ ਅਪਣੀ ਦੁਕਾਨ ਖੋਲ੍ਹ ਕੇ 390 ਰੁਪਏ ਦਾ ਸੌਦਾ ਪਰਚੀ 'ਤੇ ਲਿਖ ਕੇ ਦੇ ਦਿਤਾ। ਉਕਤ ਕਿਸਾਨ ਜਥੇਬੰਦੀ ਦਾ ਆਗੂ ਗਾਹਕ ਲਵਪ੍ਰੀਤ ਸਿੰਘ ਨੂੰ ਨਾਲ ਲੈ ਕੇ ਕਰਫ਼ਿਊ ਦੌਰਾਨ ਉਸ ਵਿਰੁਧ ਦੁਕਾਨ ਖੋਲ੍ਹਣ ਅਤੇ ਵੱਧ ਰੇਟ 'ਤੇ ਸਾਮਾਨ ਵੇਚਣ 'ਤੇ ਪਰਚਾ ਕਰਵਾ ਦਿਤਾ ਅਤੇ ਉਕਤ ਕਿਸਾਨ ਆਗੂ ਨੇ ਮੇਰੇ ਦੋਸਤ ਗੁਰਪ੍ਰੀਤ ਸਿੰਘ ਪਾਸੋ ਕੇਸ ਦਾ ਨਿਬੇੜਾ ਕਰਨ ਲਈ 2 ਲੱਖ ਰੁਪਏ ਦੀ ਮੰਗ ਕੀਤੀ ਅਤੇ ਬੀਤੇ ਕਲ ਉਸ ਪਾਸੋਂ 21,000 ਰੁਪਏ ਲੈ ਲਏ। ਉਧਰ ਥਾਣਾ ਮੁੱਖੀ ਮਨਿੰਦਰ ਸਿੰਘ ਨੇ ਦਸਿਆ ਕਿ ਦੁਕਾਨਦਾਰ ਦੇ ਬਿਆਨਾਂ 'ਤੇ ਕਿਸਾਨ ਆਗੂ ਸਰਮੁੱਖ ਸਿੰਘ ਸੇਲਬਰਾਹ ਵਿਰੁਧ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਉਸ ਨੂੰ ਹਿਰਾਸਤ ਵਿਚ ਲੈ ਲਿਆ ਹੈ।
ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਵਿਚ ਕਾਲਾਬਾਜ਼ਾਰੀ ਨੂੰ ਲੈ ਕੇ ਉਕਤ ਕਿਸਾਨ ਆਗੂ ਕਾਫ਼ੀ ਪ੍ਰੈੱਸ ਨੋਟ ਜਾਰੀ ਕਰਦਾ ਸੀ। ਉਧਰ ਪੁਲਿਸ ਕਿਸਾਨ ਆਗੂ ਵਲੋਂ ਇਨ੍ਹਾਂ ਦਿਨਾਂ ਵਿਚ ਕੀਤੀਆਂ ਹੋਰਨਾਂ ਕਾਰਵਾਈਆਂ ਦੀ ਵੀ ਘੋਖ ਵਿਚ ਜੁਟੀ ਹੋਈ ਹੈ, ਜਿਸ ਕਾਰਨ ਆਉਂਦੇ ਦਿਨਾਂ ਵਿਚ ਹੋਰ ਵੀ ਨਵੇਂ ਖੁਲਾਸੇ ਹੋਣ ਦੀ ਸੰਭਾਵਨਾ ਨੇ ਜਨਮ ਲੈ ਲਿਆ ਹੈ।