ਕਰਫਿਊ ਦੀ ਉਲੰਘਣਾ ਕਰਨ ਵਾਲਿਆਂ ਪ੍ਰਤੀ ਮਾਨਵੀ ਅਤੇ ਸੰਵੇਦਨਸ਼ੀਲ ਪਹੁੰਚ ਅਪਣਾਵੇ ਪੁਲਿਸ- ਕੈਪਟਨ
Published : Mar 27, 2020, 9:12 am IST
Updated : Mar 30, 2020, 11:45 am IST
SHARE ARTICLE
File photo
File photo

ਪੰਜਾਬ 'ਚ ਕਰਫਿਊ ਅਧੀਨ ਲਾਈਆਂ ਪਾਬੰਧੀਆਂ ਨੂੰ ਅਮਲ ਵਿਚ ਲਿਆਉਣ ਲਈ ਨਾਗਰਿਕ ਵਿਰੁੱਧ ਵਧੀਕੀਆਂ ਦੀਆਂ ਰਿਪੋਰਟਾਂ ਦਾ ਨੋਟਿਸ ਲੈਂਦਿਆਂ ਪੰਜਾਬ ਦੇ

ਚੰਡੀਗੜ੍ਹ - ਪੰਜਾਬ 'ਚ ਕਰਫਿਊ ਅਧੀਨ ਲਾਈਆਂ ਪਾਬੰਦੀਆਂ ਨੂੰ ਅਮਲ ਵਿਚ ਲਿਆਉਣ ਲਈ ਨਾਗਰਿਕ ਵਿਰੁੱਧ ਵਧੀਕੀਆਂ ਦੀਆਂ ਰਿਪੋਰਟਾਂ ਦਾ ਨੋਟਿਸ ਲੈਂਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਪੁਲਿਸ ਨੂੰ ਕਰਫਿਊ ਦੀ ਉਲੰਘਣਾ ਕਰਨ ਵਾਲਿਆਂ ਪ੍ਰਤੀ ਵਧੇਰੇ ਮਾਨਵੀ ਅਤੇ ਸੰਵੇਦਨਸ਼ੀਲ ਪਹੁੰਚ ਅਪਣਾਉਣ ਦੇ ਹੁਕਮ ਦਿੱਤੇ ਹਨ।

ਕੈਪਟਨ ਅਮਰਿੰਦਰ ਸਿੰਘ ਨੇ ਪੁਲਿਸ ਮੁਲਾਜ਼ਮਾਂ ਨੂੰ ਇਸ ਔਖੀ ਘੜੀ ਵਿੱਚ ਵੱਧ ਤੋਂ ਵੱਧ ਸੰਜਮ ਵਰਤਣ ਲਈ ਆਖਿਆ। ਉਨਾਂ ਕਿਹਾ ਕਿ ਕਰਫਿਊ ਦੀ ਉਲੰਘਣਾ ਕਰਨ ਵਾਲਿਆਂ ਨਾਲ ਨਜਿੱਠਣ ਮੌਕੇ ਖਾਸ ਕਰਕੇ ਜ਼ਰੂਰੀ ਵਸਤਾਂ ਲੈਣ ਲਈ ਬਾਹਰ ਨਿਕਲਣ ਵਾਲੇ ਵਿਅਕਤੀਆਂ ਦੇ ਮਾਮਲੇ ਵਿੱਚ ਹੋਰ ਵਧੇਰੇ ਹਮਦਰਦੀ ਭਰਿਆ ਵਤੀਰਾ ਅਖਤਿਆਰ ਕੀਤਾ ਜਾਵੇ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਰਫਿਊ ਦੀ ਉਲੰਘਣਾ ਕਰਨ ਵਾਲਿਆਂ ਨੂੰ ਸਜ਼ਾ ਦੇਣ ਦੀ ਆੜ ਵਿੱਚ ਜਿਸਮਾਨੀ ਕੁੱਟਮਾਰ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਉਨਾਂ ਨੇ ਡੀ.ਜੀ.ਪੀ. ਦਿਨਕਰ ਗੁਪਤਾ ਨੂੰ ਪੁਲਿਸ ਮੁਲਾਜ਼ਮਾਂ ਨੂੰ ਸੰਵੇਦਨਸ਼ੀਲ ਹੋਣ ਲਈ ਹਰ ਸੰਭਵ ਕਦਮ ਚੁੱਕਣ ਦੇ ਹੁਕਮ ਦਿੱਤੇ। ਇਸ ਦੇ ਨਾਲ ਹੀ ਉਨਾਂ ਨੇ ਡੀ.ਜੀ.ਪੀ. ਨੂੰ ਕਰਫਿਊ ਦੀ ਉਲੰਘਣਾ ਕਰਨ ਵਾਲਿਆਂ ਨਾਲ ਨਜਿੱਠਣ ਮੌਕੇ ਕਾਨੂੰਨ ਨੂੰ ਆਪਣੇ ਹੱਥਾਂ ਵਿੱਚ ਲੈਣ ਵਾਲਿਆਂ ਨੂੰ ਤਾੜਨਾ ਦੇਣ ਲਈ ਆਖਿਆ।

ਮੁੱਖ ਮੰਤਰੀ ਨੇ ਲੋਕਾਂ ਨੂੰ ਘਰਾਂ ਵਿਚ ਰਹਿਣ ਦੀ ਅਪੀਲ ਕਰਦਿਆਂ ਹੰਗਾਮੀ ਸਥਿਤੀ ਦੀ ਸੂਰਤ ਵਿਚ ਹੈਲਪਲਾਈਨ ਨੰਬਰਾਂ ਆਦਿ ਰਾਹੀਂ ਪੁਲਿਸ ਤੇ ਸਿਵਲ ਪ੍ਰਸ਼ਾਸਨ ਕੋਲ ਪਹੁੰਚ ਕਰਨ ਲਈ ਆਖਿਆ। ਉਨਾਂ ਕਿਹਾ ਕਿ ਜ਼ਰੂਰੀ ਵਸਤਾਂ ਅਤੇ ਸੇਵਾਵਾਂ ਨੂੰ ਘਰਾਂ ਤੱਕ ਪਹੁੰਚਾਉਣ ਲਈ ਯਤਨ ਕੀਤੇ ਜਾ ਰਹੇ ਹਨ। ਉਨਾਂ ਕਿਹਾ ਕਿ ਸਮੁੱਚਾ ਪੁਲੀਸ ਤੇ ਸਿਵਲ ਪ੍ਰ੍ਰਸ਼ਾਸਨ ਦਿਨ-ਰਾਤ ਕੰਮ ਕਰਨ ਵਿੱਚ ਜੁਟਿਆ ਹੋਇਆ ਹੈ ਤਾਂ ਕਿ ਇਹ ਯਕੀਨੀ ਬਣਾਇਆ ਜਾ ਸਕੇ ਕਿ ਨਾਗਰਿਕਾਂ ਨੂੰ ਕਿਸੇ ਤਰਾਂ ਦੀ ਅਸੁਵਿਧਾ ਜਾਂ ਔਖ ਦਾ ਸਾਹਮਣਾ ਨਾ ਕਰਨਾ ਪਵੇ।

file photofile photo

ਸਿੱਖਜ਼ ਫਾਰ ਜਸਟਿਸ ਦੇ ਗੁਰਪਤਵੰਤ ਸਿੰਘ ਪੰਨੂੰ ਵੱਲੋਂ ਜਾਰੀ ਕੀਤੇ ਰਿਕਾਰਡਿਡ ਟੈਲੀਫੋਨ ਸੰਦੇਸ਼ ਦੀਆਂ ਰਿਪੋਰਟਾਂ ਦਾ ਨੋਟਿਸ ਲੈਂਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਰਫਿਊ ਦੀ ਉਲੰਘਣਾ ਕਰਨ ਲਈ ਪੰਜਾਬ ਦੇ ਨੌਜਵਾਨਾਂ ਨੂੰ ਭੜਕਾਉਣ ਲਈ ਉਸ ਦੀ ਕਿਸੇ ਵੀ ਕੋਸ਼ਿਸ਼ ਜਾਂ ਕਦਮ ਨੂੰ ਸਹਿਣ ਨਹੀਂ ਕੀਤਾ ਜਾਵੇਗਾ।

ਪੰਨੂੰ ਦੇ ਸੰਦੇਸ਼ ’ਤੇ ਪ੍ਰਤੀਕਰਮ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਸਪੱਸ਼ਟ ਹੈ ਕਿ ਪੰਨੂੰ ਨੂੰ ਪੰਜਾਬੀਆਂ ਦੀ ਜ਼ਿੰਦਗੀ ਦੀ ਪ੍ਰਵਾਹ ਨਹੀਂ ਹੈ ਜਿਸ ਵਿਚ ਉਸ ਨੇ ਉਨਾਂ (ਕੈਪਟਨ ਅਮਰਿੰਦਰ ਸਿੰਘ) ਅਤੇ ਡੀ.ਜੀ.ਪੀ. ਦਿਨਕਰ ਗੁਪਤਾ ਨੂੰ ਵੀ ਕਰਫਿਊ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਕਿਸੇ ਵੀ ਕਾਰਵਾਈ ਲਈ ਗੰਭੀਰ ਨਤੀਜੇ ਭੁਗਤਣ ਦੀ ਚਿਤਾਵਨੀ ਦਿੱਤੀ ਗਈ ਹੈ।

ਇਸ ਦੌਰਾਨ ਡੀ.ਜੀ.ਪੀ. ਦਿਨਕਰ ਗੁਪਤਾ ਨੇ ਕਿਹਾ ਕਿ ਵੱਡੇ ਪੱਧਰ ’ਤੇ ਪੁਲਿਸ ਮੁਲਾਜ਼ਮਾਂ ਵੱਲੋਂ ਜ਼ਿੰਮੇਵਾਰੀ ਅਤੇ ਸਹਿਜਤਾ ਦਿਖਾਈ ਗਈ ਹੈ ਪਰ ਕੁਝ ਮਾਮਲਿਆਂ ਵਿਚ ਮੁਲਾਜ਼ਮਾਂ ਵੱਲੋਂ ਰੋਕਾਂ ਤੋੜਣ ਵਾਲਿਆਂ ਵਿਰੁੱਧ ਜ਼ਬਰਦਸਤੀ ਵਰਤੀ ਗਈ ਹੈ। ਗੁਪਤਾ ਨੇ ਕਿਹਾ ਕਿ ਉਨਾਂ ਨੇ ਪੁਲਿਸ ਕਮਿਸ਼ਨਰਾਂ ਅਤੇ ਜ਼ਿਲ੍ਹਾ ਪੁਲਿਸ ਮੁਖੀਆਂ ਨੂੰ ਹੁਕਮ ਦਿੱਤੇ ਹਨ ਕਿ ਹੇਠਲੇ ਪੱਧਰ ਦੇ ਪੁਲਿਸ ਅਫਸਰਾਂ ਨੂੰ ਸਪੱਸ਼ਟ ਕਰ ਦਿੱਤਾ ਜਾਵੇ ਕਿ ਜਿਸਮਾਨੀ ਕੁੱਟਮਾਰ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਣਾ ਚਾਹੀਦਾ।

ਉਨਾਂ ਨੇ ਚਿਤਾਵਨੀ ਦਿੱਤੀ ਕਿ ਕੋਈ ਵੀ ਸਮਾਜ ਅਜਿਹੇ ਦ੍ਰਿਸ਼ਾਂ ਨੂੰ ਸਹਿਣ ਨਹੀਂ ਕਰ ਸਕਦਾ। ਉਨਾਂ ਕਿਹਾ ਕਿ ਜਿੱਥੇ ਵੀ ਲੋੜ ਹੋਵੇ, ਉਲੰਘਣਾ ਕਰਨ ਵਾਲਿਆਂ ਵਿਰੁੱਧ ਕਾਨੂੰਨੀ ਕਾਰਵਾਈ ਤਹਿਤ ਮਾਮਲਾ ਦਰਜ ਕੀਤਾ ਜਾਣਾ ਚਾਹੀਦਾ ਹੈ। ਡੀ.ਜੀ.ਪੀ. ਨੇ ਕਿਹਾ, ‘‘ਅਸੀਂ ਅਜਿਹੇ ਕੁਝ ਉਲਟ ਕੰਮਾਂ ਕਰਕੇ ਸਾਡੇ ਵੱਲੋਂ ਕੀਤੇ ਜਾ ਰਹੇ ਨੇਕ ਕੰਮਾਂ ’ਤੇ ਧੱਬਾ ਨਹੀਂ ਲਵਾਉਣਾ ਚਾਹੁੰਦੇ।

ਡੀ.ਜੀ.ਪੀ. ਵੱਲੋਂ ਪੁਲਿਸ ਨੂੰ ਚਿਤਾਵਨੀ ਵੀ ਦਿੱਤੀ ਗਈ ਅਤੇ ਨਾਲੋ-ਨਾਲ ਪੁਲਿਸ ਨੇ ਵੀਰਵਾਰ ਨੂੰ ਕਰਫਿਊ ਅਤੇ ਘਰੇਲੂ ਏਕਾਂਤਵਾਸ ਦੀ ਉਲੰਘਣਾ ਦੇ ਦੋਸ਼ ਹੇਠ 170 ਐਫ.ਆਈ.ਆਰ. ਦਰਜ ਕੀਤੀਆਂ ਅਤੇ 262 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ। ਕੁੱਲ 170 ਐਫ.ਆਈ.ਆਰਜ਼ ਵਿੱਚੋਂ ਚਾਰ ਘਰੇਲੂ ਏਕਾਂਤਵਾਸ ਦੇ ਦਿਸ਼ਾ ਨਿਰਦੇਸ਼ਾਂ ਦੀ ਉਲੰਘਣਾ ਕਰਨ ਦੇ ਹਨ ਜਿਨਾਂ ਵਿਚ ਤਿੰਨ ਕੇਸ ਸੰਗਰੂਰ ਤੇ ਇਕ ਕੇਸ ਬਠਿੰਡਾ ਵਿਖੇ ਦਰਜ ਹੋਇਆ।

ਅੱਜ ਤੱਕ ਵੱਖ-ਵੱਖ ਰੈਂਕਾਂ ’ਤੇ ਤਾਇਨਾਤ 40,153 ਪੁਲਿਸ ਮੁਲਾਜ਼ਮ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਅਤੇ ਪੁਲਿਸ ਕਮਿਸ਼ਨਰੇਟ ਵਿਚ ਫੀਲਡ ਵਿਚ ਤੈਨਾਤ ਹਨ ਜੋ ਜ਼ਰੂਰੀ ਸਪਲਾਈ ਦੀ ਸਾਂਭ ਸੰਭਾਲ ਅਤੇ ਕਰਫਿਊ ਲਾਗੂ ਕਰਨ ਲਈ ਕੰਮ ਕਰ ਰਹੇ ਹਨ। ਇਨਾਂ ਵਿਚ 1937 ਵਲੰਟੀਅਰ ਵੀ ਸ਼ਾਮਲ ਹਨ। ਕਰਫਿਊ ਦੀ ਉਲੰਘਣਾ ਦੇ ਸਭ ਤੋਂ ਵੱਧ 38 ਕੇਸ ਕਪੂਰਥਲਾ ਵਿਚ ਦਰਜ ਹੋਏ ਹਨ ਜਦੋਂ ਕਿ ਤਰਨ ਤਾਰਨ ਵਿਚ 14, ਜਲੰਧਰ ਕਮਿਸ਼ਨਰੇਟ ਵਿੱਚ 14, ਅੰਮ੍ਰਿਤਸਰ ਕਮਿਸ਼ਨਰੇਟ, ਜਲੰਧਰ ਦਿਹਾਤੀ ਤੇ ਫਤਹਿਗੜ੍ਹ ਸਾਹਿਬ ਵਿਚ 13-13, ਹੁਸ਼ਿਆਰਪੁਰ ਵਿੱਚ 12,

ਰੋਪੜ ਵਿੱਚ 11, ਬਰਨਾਲਾ ਵਿੱਚ 9, ਸੰਗਰੂਰ ਵਿੱਚ 7, ਲੁਧਿਆਣਾ ਕਮਿਸ਼ਨਰੇਟ ਵਿੱਚ 6, ਮਾਨਸਾ, ਬਠਿੰਡਾ ਤੇ ਸ੍ਰੀ ਮੁਕਤਸਰ ਸਾਹਿਬ ਵਿਚ 3-3, ਫਿਰੋਜ਼ਪੁਰ, ਖੰਨਾ, ਮੁਹਾਲੀ, ਬਟਾਲਾ ਤੇ ਅੰਮਿ੍ਰਤਸਰ ਵਿੱਚ 2-2 ਜਦੋਂ ਕਿ ਮੋਗਾ, ਨਵਾਂਸ਼ਹਿਰ, ਪਠਾਨਕੋਟ ਤੇ ਗੁਰਦਾਸਪੁਰ ਵਿੱਚ ਇਕ-ਇਕ ਕੇਸ ਦਰਜ ਕੀਤਾ ਹੈ। ਹਾਲੇ ਤੱਕ ਫਰੀਦਕੋਟ, ਫਾਜ਼ਿਲਕਾ, ਲੁਧਿਆਣਾ ਤੇ ਪਟਿਆਲਾ ਜ਼ਿਲੇ ਵਿੱਚ ਅਜਿਹਾ ਕੋਈ ਕੇਸ ਦਰਜ ਨਹੀਂ ਹੋਇਆ।

ਡੀ.ਜੀ.ਪੀ. ਗੁਪਤਾ ਨੇ ਕਿਹਾ ਕਿ ਸਭ ਤੋਂ ਵੱਧ ਕਪੂਰਥਲਾ ਵਿੱਚ 60 ਜਣੇ ਗਿ੍ਰਫਤਾਰ ਕੀਤੇ ਗਏ ਹਨ। ਇਸ ਤੋਂ ਇਲਾਵਾ ਰੋਪੜ ਵਿੱਚ 30, ਫਤਹਿਗੜ ਸਾਹਿਬ ਵਿੱਚ 22, ਬਰਨਾਲਾ ਵਿੱਚ 22, ਜਲੰਧਰ ਦਿਹਾਤੀ ਵਿੱਚ 17, ਤਰਨ ਤਾਰਨ ਵਿੱਚ 16, ਜਲੰਧਰ ਕਮਿਸ਼ਨਰੇਟ ਵਿੱਚ 14, ਅੰਮਿ੍ਰਤਸਰ ਕਮਿਸ਼ਨਰੇਟ ਤੇ ਹੁਸ਼ਿਆਰਪੁਰ ਵਿੱਚ 12-12, ਸੰਗਰੂਰ ਵਿੱਚ 11, ਗੁਰਦਾਸਪੁਰ, ਮੁਹਾਲੀ ਤੇ ਸ੍ਰੀ ਮੁਕਤਸਰ ਸਾਹਿਬ ਵਿੱਚ 7-7, ਲੁਧਿਆਣਾ ਕਮਿਸ਼ਨਰੇਟ ਵਿੱਚ 6, ਮਾਨਸਾ ਵਿੱਚ 5, ਬਠਿੰਡਾ ਵਿੱਚ 4 ਅਤੇ ਖੰਨਾ, ਬਟਾਲਾ ਤੇ ਫਿਰੋਜ਼ਪੁਰ ਵਿੱਚ 2-2 ਅਤੇ ਨਵਾਂਸ਼ਹਿਰ ਵਿੱਚ ਇਕ ਨੂੰ ਗ੍ਰਿਫ਼ਤਾਰ ਕੀਤਾ ਗਿਆ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਪ੍ਰਵਾਸੀਆਂ ਨੂੰ ਵਸਾਇਆ ਸਰਕਾਰਾਂ ਨੇ? Ravinder bassi advocate On Punjab Boycott Migrants|Parvasi Virodh

19 Sep 2025 3:26 PM

Punjab Bathinda: Explosion In Jida Village| Army officers Visit | Blast Investigation |Forensic Team

19 Sep 2025 3:25 PM

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM

Bhai Baldev Singh Wadala meet Harvir Father: ਅਸੀਂ Parvasi ਦੇ ਨਾਂਅ 'ਤੇ ਪੰਜਾਬ 'ਚ ਅਪਰਾਧੀ ਨਹੀਂ ਰਹਿਣ ਦੇਣੇ

18 Sep 2025 3:15 PM

Nepal, Bangladesh, Sri Lanka ਚ ਤਖ਼ਤਾ ਪਲਟ ਤੋਂ ਬਾਅਦ ਅਗਲਾ ਨੰਬਰ ਕਿਸ ਦਾ? Nepal Gen-Z protests | Corruption

17 Sep 2025 3:21 PM
Advertisement