
ਮੁਲਜ਼ਮ ਨੇ ਪਟਿਆਲਾ DC ਸਮੇਤ ਦੋ IAS ਅਫਸਰਾਂ ਦੇ ਘਰਾਂ 'ਚ ਵੀ ਕੀਤਾ ਸੀ ਹੱਥ ਸਾਫ
ਚੰਡੀਗੜ੍ਹ: ਸਥਾਨਕ ਸੈਕਟਰ -51 ਸਥਿਤ ਇੱਕ ਬੰਦ ਘਰ ਵਿਚੋਂ ਲੱਖਾਂ ਰੁਪਏ ਦੇ ਗਹਿਣੇ, ਨਕਦੀ ਅਤੇ ਹੋਰ ਕੀਮਤੀ ਸਮਾਨ ਚੋਰੀ ਕਰਨ ਵਾਲੇ ਨੂੰ ਆਖਰ ਪੁਲਿਸ ਨੇ ਕਾਬੂ ਕਰ ਲਿਆ ਹੈ ਅਤੇ ਉਸ ਕੋਲੋਂ ਚੋਰੀ ਦਾ ਸਮਾਨ ਵੀ ਬਰਾਮਦ ਕੀਤਾ ਗਿਆ ਹੈ। ਦੱਸ ਦੇਈਏ ਕਿ ਮੁਲਜ਼ਮ ਜਸਵਿੰਦਰ ਸਿੰਘ ਨੇ ਹੀ ਪਟਿਆਲਾ ਦੀ ਡੀ.ਸੀ ਸਾਕਸ਼ੀ ਸਾਹਨੀ ਦੀ ਕੋਠੀ 'ਚੋਂ ਲੱਖਾਂ ਦੇ ਗਹਿਣੇ ਚੋਰੀ ਕੀਤੇ ਸਨ। ਪੁਲਿਸ ਨੇ ਮਾਮਲੇ ਦੀ ਜਾਂਚ ਕਰਨ ਮਗਰੋਂ ਮੁਲਜ਼ਮ ਜਸਵਿੰਦਰ ਸਿੰਘ ਵਾਸੀ ਸਿਰਸਾ ਨੂੰ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮ ਨੂੰ ਅਦਾਲਤ ਵਿਚ ਪੇਸ਼ ਕਰ ਰਿਮਾਂਡ ਹਾਸਲ ਕੀਤਾ ਗਿਆ ਸੀ ਜਿਥੇ ਮੁਲਜ਼ਮ ਦੇ ਖੁਲਾਸੇ 'ਤੇ ਚੋਰੀ ਦਾ ਕਾਫੀ ਸਮਾਨ ਬਰਾਮਦ ਹੋਇਆ ਹੈ।
ਜ਼ਿਕਰਯੋਗ ਹੈ ਕਿ ਮੁਲਜ਼ਮ ਜਸਵਿੰਦਰ ਸਿੰਘ ਨੇ 18 ਨਵੰਬਰ 2022 ਨੂੰ ਸੈਕਟਰ-51 ਨਿਵਾਸੀ ਬਲਜੀਤ ਦੇ ਘਰੋਂ ਲੱਖਾਂ ਰੁਪਏ ਦੇ ਗਹਿਣੇ ਅਤੇ ਡਾਲਰ ਚੋਰੀ ਕਰ ਲਏ ਸਨ। ਉਸ ਨੇ ਅਲਮਾਰੀ ਦਾ ਤਾਲਾ ਤੋੜ, ਇਕ ਹਜ਼ਾਰ ਕੈਨੇਡੀਅਨ ਡਾਲਰ, ਇਕ ਹਜ਼ਾਰ ਅਮਰੀਕੀ ਡਾਲਰ, ਇਕ ਲੱਖ ਦੀ ਨਕਦੀ, ਸੋਨੇ ਦੇ ਦੋ ਕੰਗਣ, ਸੋਨੇ ਦੀਆਂ ਵਾਲੀਆਂ, ਸੋਨੇ ਦੀ ਮੁੰਦਰੀ, ਲਾਇਸੈਂਸ, ਆਧਾਰ ਕਾਰਡ, ਐੱਚ. ਡੀ. ਐੱਫ. ਸੀ. ਡੈਬਿਟ ਕਾਰਡ ਅਤੇ ਕੋਟਕ ਮਹਿੰਦਰਾ ਕਾਰਡ ਚੋਰੀ ਕਰ ਲਿਆ। ਪੈਨ ਕਾਰਡ, ਪਛਾਣ ਪੱਤਰ, 6200 ਅਮਰੀਕੀ ਡਾਲਰ, ਨਿਊਯਾਰਕ ਲਾਇਸੈਂਸ, ਸਿਟੀਬੈਂਕ ਕ੍ਰੈਡਿਟ ਕਾਰਡ, ਮੈਡੀਕਲ ਬੀਮਾ, 3 ਜੋੜੇ ਟਾਪਸ, ਆਧਾਰ ਕਾਰਡ। ਉਸ ਦੇ ਚਚੇਰੇ ਭਰਾ ਦਾ ਪੈਨ ਕਾਰਡ ਅਤੇ ਤਿੰਨ ਸੋਨੇ ਦੇ ਕੜੇ, ਚਾਰ ਸੋਨੇ ਦੀਆਂ ਚੂੜੀਆਂ, ਇਕ ਚੋਕਰ ਸੈੱਟ, ਇਕ ਕਾਕਟੇਲ ਰਿੰਗ, ਇਕ ਚੇਨ, ਹੀਰੇ ਦੀ ਮੁੰਦਰੀ ਅਤੇ ਸੂਟ ਚੋਰੀ ਕੀਤੇ ਸਨ।
ਦੱਸ ਦੇਈਏ ਕਿ ਪੁਲਿਸ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਉਕਤ ਮੁਲਜ਼ਮ ਖਿਲਾਫ ਦੋ ਆਈ.ਏ.ਐੱਸ. ਦੇ ਘਰ ਚੋਰੀ ਹੋਣ ਸਬੰਧੀ ਉਸ 'ਤੇ ਕੇਸ ਦਰਜ ਹਨ। ਇਨ੍ਹਾਂ ਸਾਰੇ ਮਾਮਲਿਆਂ ਨੂੰ ਸੁਲਝਾਉਣ ਲਈ ਐੱਸ.ਐੱਸ.ਪੀ ਕੁਲਦੀਪ ਸਿੰਘ ਚਾਹਲ ਅਤੇ ਡੀ. ਐੱਸ. ਪੀ. ਚਰਨਜੀਤ ਸਿੰਘ ਦੀ ਅਗਵਾਈ 'ਚ ਸੈਕਟਰ-51 ਸਥਿਤ ਬਲਜੀਤ ਸਿੰਘ ਦੇ ਘਰ `ਚ ਹੋਈ ਲੱਖਾਂ ਰੁਪਏ ਦੀ ਚੋਰੀ ਨੂੰ ਸੁਲਝਾਉਣ ਲਈ ਵਿਸ਼ੇਸ਼ ਟੀਮ ਬਣਾਈ ਗਈ, ਜਿਸ 'ਚ ਸੈਕਟਰ-49 ਥਾਣਾ ਇੰਚਾਰਜ ਤੇ ਹੋਰ ਜਵਾਨ ਸ਼ਾਮਲ ਸਨ।
ਮੁਲਜ਼ਮ ਜਸਵਿੰਦਰ ਸਿੰਘ ਦਾ ਰਿਮਾਂਡ ਅੱਜ ਖਤਮ ਹੋਣ 'ਤੇ ਸੈਕਟਰ-49 ਥਾਣਾ ਪੁਲਿਸ ਵੱਲੋਂ ਉਸ ਨੂੰ ਜ਼ਿਲ੍ਹਾ ਅਦਾਲਤ 'ਚ ਪੇਸ਼ ਕੀਤਾ ਜਾਵੇਗਾ ਅਤੇ ਅਦਾਲਤ ਦੇ ਹੁਕਮਾਂ ਅਨੁਸਾਰ ਅਗਲੇਰੀ ਕਾਰਵਾਈ ਕੀਤੀ ਜਾਵੇਗੀ