12 ਤੋਂ ਵੱਧ ਲੋਕ ਹੋਏ ਜ਼ਖ਼ਮੀ
ਬਿਹਾਰ ਦੇ ਕੈਮੂਰ ਵਿਚ ਇਕ ਯਾਤਰੀ ਬੱਸ ਅਤੇ ਇਕ ਟਰੱਕ ਦੀ ਆਪਸ ਵਿਚ ਭਿਆਨਕ ਟੱਕਰ ਹੋ ਗਈ। ਹਾਦਸੇ ਵਿਚ ਤਿੰਨ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕਾਂ ਵਿਚੋਂ ਦੋ ਦੀ ਪਛਾਣ ਕਰ ਲਈ ਗਈ ਹੈ।
ਇਨ੍ਹਾਂ ਵਿੱਚ ਵਾਰਾਣਸੀ ਦੇ ਚਿਤਾਈਪੁਰ ਥਾਣਾ ਖੇਤਰ ਦੇ ਵਾਸੀ ਅਰੁਣ ਕੁਮਾਰ ਦੀ ਪੁੱਤਰੀ ਦੀਕਸ਼ਿਤਾ ਕੁਮਾਰੀ (9) ਅਤੇ ਵਾਰਾਣਸੀ ਦੇ ਭੁਲਨਪੁਰ ਦੀ ਰਹਿਣ ਵਾਲੀ ਆਭਾ ਰਾਣੀ ਸ਼ਾਮਲ ਹਨ। ਜਦਕਿ ਤੀਜੇ ਮ੍ਰਿਤਕ ਦੀ ਪਛਾਣ ਅਜੇ ਤੱਕ ਨਹੀਂ ਹੋ ਸਕੀ ਹੈ, ਜਦੋਂ ਕਿ 12 ਤੋਂ ਵੱਧ ਲੋਕ ਜ਼ਖ਼ਮੀ ਹਨ।
ਬੱਸ ਜਮਸ਼ੇਦਪੁਰ ਤੋਂ ਵਾਰਾਣਸੀ ਜਾ ਰਹੀ ਸੀ, ਜਿਸ ਵਿੱਚ ਲਗਭਗ 70-75 ਯਾਤਰੀ ਸਵਾਰ ਸਨ। ਟੱਕਰ ਇੰਨੀ ਜ਼ਬਰਦਸਤ ਸੀ ਕਿ ਬੱਸ ਪੂਰੀ ਤਰ੍ਹਾਂ ਚਕਨਾਚੂਰ ਹੋ ਗਈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਹਾਦਸਾ ਸਵੇਰੇ 4:30 ਵਜੇ ਦੇ ਕਰੀਬ ਹੋਇਆ। ਬੱਸ ਮੋਹਨੀਆ ਵੱਲ ਜਾ ਰਹੀ ਸੀ ਉਦੋਂ ਹੀ ਉਲਟ ਦਿਸ਼ਾ ਤੋਂ ਆ ਰਿਹਾ ਇੱਕ ਟਰੱਕ ਅਚਾਨਕ ਡਿਵਾਈਡਰ ਪਾਰ ਕਰ ਗਿਆ ਅਤੇ ਸਿੱਧਾ ਬੱਸ ਨਾਲ ਟਕਰਾ ਗਿਆ। ਬੱਸ ਡਰਾਈਵਰ ਨੇ ਹਾਦਸੇ ਤੋਂ ਬਚਣ ਦੀ ਪੂਰੀ ਕੋਸ਼ਿਸ਼ ਕੀਤੀ, ਪਰ ਫਿਰ ਵੀ ਹਾਦਸਾ ਵਾਪਰ ਗਿਆ।
