ਸੱਤਾ ’ਚ ਆਉਣ ਉਤੇ ਹੜ੍ਹਾਂ ਨਾਲ ਨਜਿੱਠਣ ਲਈ ਕਮਿਸ਼ਨ ਬਣਾਉਣ ਦਾ ਵੀ ਵਾਅਦਾ ਕੀਤਾ
ਸ਼ਿਓਹਰ (ਬਿਹਾਰ) : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੋਮਵਾਰ ਨੂੰ ਕਿਹਾ ਕਿ ਜੇਕਰ ਐਨ.ਡੀ.ਏ. ਸੱਤਾ ’ਚ ਆਉਂਦੀ ਹੈ ਤਾਂ ਬਿਹਾਰ ’ਚ ਰੱਖਿਆ ਲਾਂਘਾ ਬਣਾਇਆ ਜਾਵੇਗਾ ਅਤੇ ਹਰ ਜ਼ਿਲ੍ਹੇ ’ਚ ਫੈਕਟਰੀਆਂ ਸਥਾਪਤ ਕੀਤੀਆਂ ਜਾਣਗੀਆਂ।
ਸ਼ਿਓਹਰ ਅਤੇ ਸੀਤਾਮੜ੍ਹੀ ’ਚ ਚੋਣ ਰੈਲੀਆਂ ਨੂੰ ਸੰਬੋਧਨ ਕਰਦਿਆਂ ਸ਼ਾਹ ਨੇ ਭਰੋਸਾ ਪ੍ਰਗਟਾਇਆ ਕਿ ਬਿਹਾਰ ’ਚ ਐਨ.ਡੀ.ਏ. ਫਿਰ ਤੋਂ ਸਰਕਾਰ ਬਣਾਏਗੀ ਅਤੇ 14 ਨਵੰਬਰ ਨੂੰ ਦੁਪਹਿਰ 1 ਵਜੇ ਤਕ ਆਰ.ਜੇ.ਡੀ.-ਕਾਂਗਰਸ ਦਾ ਸਫਾਇਆ ਹੋ ਜਾਵੇਗਾ।
ਉਨ੍ਹਾਂ ਕਿਹਾ ਕਿ ਸਮਰਾਟ ਚੰਦਰਗੁਪਤ ਮੌਰਿਆ ਦੇ ਸਮੇਂ ਤੋਂ ਲੈ ਕੇ ਨਰਿੰਦਰ ਮੋਦੀ ਤਕ ਗੰਡਕ, ਕੋਸ਼ੀ ਅਤੇ ਗੰਗਾ ਨਦੀਆਂ ਨੇ ਬਿਹਾਰ ’ਚ ਹੜ੍ਹ ਦੀ ਤਬਾਹੀ ਮਚਾਈ ਹੈ। ਜੇਕਰ ਐਨ.ਡੀ.ਏ. ਸੱਤਾ ਵਿਚ ਆਉਂਦੀ ਹੈ ਤਾਂ ਬਿਹਾਰ ਨੂੰ ਹੜ੍ਹ ਮੁਕਤ ਬਣਾਉਣ ਲਈ ਕਮਿਸ਼ਨ ਦਾ ਗਠਨ ਕਰੇਗੀ। ਉਨ੍ਹਾਂ ਕਿਹਾ ਕਿ ਕੋਸ਼ੀ ਨਦੀ ਦੇ ਪਾਣੀ ਦੀ ਵਰਤੋਂ ਮਿਥਿਲਾਂਚਲ ਖੇਤਰ ਵਿਚ 50,000 ਹੈਕਟੇਅਰ ਰਕਬੇ ਦੀ ਸਿੰਜਾਈ ਲਈ ਕੀਤੀ ਜਾਵੇਗੀ।
ਉਨ੍ਹਾਂ ਕਿਹਾ, ‘‘ਅਸੀਂ ਸੂਬੇ ’ਚ ਰੱਖਿਆ ਲਾਂਘਾ ਸਥਾਪਤ ਕਰਾਂਗੇ ਅਤੇ ਐਮ.ਐਸ.ਐਮ.ਈ. ਅਤੇ ਉਦਯੋਗਿਕ ਪਾਰਕਾਂ ਦੇ ਨਿਰਮਾਣ ਤੋਂ ਇਲਾਵਾ ਹਰ ਜ਼ਿਲ੍ਹੇ ’ਚ ਫੈਕਟਰੀਆਂ ਸਥਾਪਤ ਕਰਾਂਗੇ। ਅਸੀਂ ਸੀਤਾ ਮੰਦਰ ਦੇ ਪਵਿੱਤਰ ਦਿਵਸ ਉਤੇ ਸੀਤਾਮੜ੍ਹੀ ਤੋਂ ਅਯੁੱਧਿਆ ਲਈ ਵੰਦੇ ਭਾਰਤ ਟ੍ਰੇਨ ਦੀ ਸ਼ੁਰੂਆਤ ਕਰਾਂਗੇ।’’ ਸ਼ਾਹ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੇ ਇੱਥੇ ਪੁਨੌਰਾ ਧਾਮ ਵਿਖੇ 850 ਕਰੋੜ ਰੁਪਏ ਦੇ ਸੀਤਾ ਮੰਦਰ ਦਾ ਨੀਂਹ ਪੱਥਰ ਰੱਖਿਆ ਸੀ।
ਕਾਂਗਰਸ ਉਤੇ ਨਿਸ਼ਾਨਾ ਵਿੰਨ੍ਹਦਿਆਂ ਸ਼ਾਹ ਨੇ ਕਿਹਾ ਕਿ ਪਹਿਲਾਂ ਅਤਿਵਾਦੀਆਂ ਨੂੰ ਬਿਰਿਆਨੀ ਥਾਲੀ ’ਚ ਪਰੋਸੀਆਂ ਜਾਂਦੀਆਂ ਸਨ, ਪਰ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ ਪਹਿਲਗਾਮ ਹਮਲੇ ਦੇ 10 ਦਿਨਾਂ ਦੇ ਅੰਦਰ ਹੀ ਆਪ੍ਰੇਸ਼ਨ ਸੰਧੂਰ ਸ਼ੁਰੂ ਕਰ ਦਿਤਾ।
                    
                