ਪੁਲਿਸ ਨੇ ਬੇਗੂਸਰਾਏ ’ਚ ਬਦਨਾਮ ਅਪਰਾਧੀ ਸ਼ਿਵਦੱਤ ਨੂੰ ਮਾਰੀ ਗੋਲੀ
ਬੇਗੂਸਰਾਏ : ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਅਗਵਾਈ ਵਾਲੀ ਸਰਕਾਰ ’ਚ ਗ੍ਰਹਿ ਮੰਤਰਾਲੇ ਦਾ ਅਹੁਦਾ ਸੰਭਾਲਣ ਤੋਂ ਬਾਅਦ ਸਮਰਾਟ ਚੌਧਰੀ ਐਕਸ਼ਨ ਵਿਚ ਆ ਗਏ ਹਨ ਅਤੇ ਉਨ੍ਹਾਂ ਬਿਹਾਰ ’ਚ ਅਪਰਾਧੀਆਂ ਖ਼ਿਲਾਫ਼ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸ਼ੁੱਕਰਵਾਰ ਦੀ ਰਾਤ ਨੂੰ ਬੇਗੂਸਰਾਏ ਜ਼ਿਲ੍ਹੇ ’ਚ ਇਕ ਪੁਲਿਸ ਮੁਕਾਬਲਾ ਹੋਇਆ ਹੈ। ਸਪੈਸ਼ਲ ਟਾਸਕ ਫੋਰਸ (ਐਸਟੀਐਫ) ਅਤੇ ਜ਼ਿਲ੍ਹਾ ਪੁਲਿਸ ਨੇ ਸਾਂਝੇ ਤੌਰ 'ਤੇ ਇੱਕ ਵੱਡਾ ਆਪ੍ਰੇਸ਼ਨ ਚਲਾਇਆ । ਇਸ ਘਟਨਾ ਵਿੱਚ ਬਦਨਾਮ ਅਪਰਾਧੀ ਸ਼ਿਵਦੱਤ ਰਾਏ ਜ਼ਖਮੀ ਹੋ ਗਿਆ।
ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਐਸ.ਟੀ.ਐਫ ਨੂੰ ਸੂਚਨਾ ਮਿਲੀ ਸੀ ਕਿ ਬਦਨਾਮ ਸ਼ਿਵਦੱਤ ਰਾਏ ਸਾਹਿਬਪੁਰ ਕਮਾਲ ਥਾਣਾ ਖੇਤਰ ਅਧੀਨ ਆਉਂਦੇ ਮੱਲ੍ਹੀਪੁਰ ਪਿੰਡ ਦੇ ਨੇੜੇ ਹਥਿਆਰ ਖਰੀਦਣ ਲਈ ਪਹੁੰਚਿਆ ਹੈ । ਜਿਸ ਤੋਂ ਬਾਅਦ ਐਸ.ਟੀ.ਐਫ. ਟੀਮ ਮੱਲ੍ਹੀਪੁਰ ਪਿੰਡ ਪਹੁੰਚੀ ਅਤੇ ਸਥਾਨਕ ਪੁਲਿਸ ਨੂੰ ਸੂਚਿਤ ਕੀਤਾ । ਛੇ ਅਪਰਾਧੀ ਦੋ ਮੋਟਰਸਾਈਕਲਾਂ 'ਤੇ ਸਵਾਰ ਸਨ ਅਤੇ ਉਨ੍ਹਾਂ ਪੁਲਿਸ ਨੂੰ ਦੇਖ ਕੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ । ਪੁਲਿਸ ਵੱਲੋਂ ਚਲਾਈ ਗਈ ਜਵਾਬੀ ਗੋਲੀ ਦੌਰਾਨ ਸ਼ਿਵਦੱਤ ਰਾਏ ਦੇ ਪੱਟ ਵਿੱਚ ਗੋਲੀ ਲੱਗੀ।
ਪ੍ਰਾਪਤ ਜਾਣਕਾਰੀ ਅਨੁਸਾਰ ਬਾਕੀ ਅਪਰਾਧੀ ਮੌਕੇ ਤੋਂ ਭੱਜ ਗਏ । ਜਦਿਕ ਸ਼ਿਵਦੱਤ ਰਾਏ ਤੋਂ ਕੀਤੀ ਗਈ ਪੁੱਛਗਿੱਛ ਦੇ ਆਧਾਰ 'ਤੇ ਇੱਕ ਘਰ ’ਚੋਂ ਵੱਡੀ ਮਾਤਰਾ ਵਿੱਚ ਹਥਿਆਰ, ਪੈਸੇ ਅਤੇ ਖੰਘ ਦੀ ਦਵਾਈ ਬਰਾਮਦ ਕੀਤੀ ਗਈ । ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਸ਼ਿਵਦੱਤ ਰਾਏ ਵਿਰੁੱਧ ਕਈ ਅਪਰਾਧਿਕ ਮਾਮਲੇ ਦਰਜ ਹਨ ।
