ਪਟਨਾ ਹਵਾਈ ਅੱਡਾ "ਬੋਲੇ ਸੋ ਨਿਹਾਲ" ਦੇ ਜੈਕਾਰਿਆਂ ਨਾਲ ਗੂੰਜ ਉਠਿਆ
ਪਟਨਾ: ਸ਼ਹੀਦੀ ਜਾਗਰਤੀ ਯਾਤਰਾ ਦੇ ਸਮਾਪਨ ਤੋਂ ਬਾਅਦ ਗੁਰੂ ਮਹਾਰਾਜ ਦੇ ਸਰੂਪ ਅਤੇ ਸ਼ਸਤ੍ਰਾਂ ਨੂੰ ਲੈ ਕੇ ਚਾਰਟਰਡ ਵਿਮਾਨ ਦੁਪਹਿਰ ਬਾਅਦ ਪਟਨਾ ਹਵਾਈ ਅੱਡੇ ‘ਤੇ ਪਹੁੰਚਿਆ, ਜਿੱਥੇ ਪਟਨਾ ਦੀ ਸੰਗਤ ਨੇ ਸ਼ਾਨਦਾਰ ਸਵਾਗਤ ਕੀਤਾ ਅਤੇ ਨਗਰ ਕੀਰਤਨ ਦੇ ਰੂਪ ਵਿੱਚ ਤਖ਼ਤ ਪਟਨਾ ਸਾਹਿਬ ਤਕ ਲੈ ਕੇ ਗਏ। ਪਟਨਾ ਹਵਾਈ ਅੱਡਾ "ਬੋਲੇ ਸੋ ਨਿਹਾਲ" ਦੇ ਜੈਕਾਰਿਆਂ ਨਾਲ ਗੂੰਜ ਉਠਿਆ। ਸੰਗਤ ਨੇ ਹਵਾਈ ਅੱਡੇ ‘ਤੇ ਕੀਰਤਨ ਵੀ ਕੀਤਾ। ਤਖ਼ਤ ਪਟਨਾ ਸਾਹਿਬ ਕਮੇਟੀ ਦੇ ਪ੍ਰਧਾਨ ਜਗਜੋਤ ਸਿੰਘ ਸੋਹੀ ਨੇ ਜਾਗਰਤੀ ਯਾਤਰਾ ਦੀ ਸਫਲਤਾ ਲਈ ਗੁਰੂ ਮਹਾਰਾਜ ਦਾ ਸ਼ੁਕਰਾਨਾ ਕੀਤਾ।
ਤਖ਼ਤ ਪਟਨਾ ਸਾਹਿਬ ਵਲੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਇਹ ਜਾਗਰਤੀ ਯਾਤਰਾ ਕੱਲ੍ਹ ਦੇਰ ਸ਼ਾਮ ਸ਼੍ਰੀ ਕੇਸਗੜ੍ਹ ਸਾਹਿਬ ਆਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ‘ਤੇ ਸਮਾਪਤ ਹੋਈ। ਇਸ ਮੌਕੇ ‘ਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਅਤੇ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗਦਗਜ ਅਤੇ ਤਖ਼ਤ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਬਲਦੇਵ ਸਿੰਘ ਜੀ ਵਿਸ਼ੇਸ਼ ਤੌਰ ‘ਤੇ ਪਹੁੰਚੇ। ਯਾਤਰਾ ਦਾ ਸਮਾਪਨ ਕਰਵਾਉਣ ਤੋਂ ਬਾਅਦ ਗੁਰਦੁਆਰਾ ਸੀਸ ਗੰਜ ਸਾਹਿਬ ਵਿਖੇ ਗੁਰੂ ਸਾਹਿਬ ਦੇ ਸਰੂਪ ਦਾ ਸੰਗਤ ਨੂੰ ਦਰਸ਼ਨ ਕਰਵਾਇਆ ਗਿਆ ਅਤੇ ਅੱਜ ਉਹ ਸਰੂਪ ਚਾਰਟਰਡ ਵਿਮਾਨ ਰਾਹੀਂ ਪਟਨਾ ਲਿਆਂਦਾ ਗਿਆ।
ਤਖ਼ਤ ਪਟਨਾ ਸਾਹਿਬ ਦੇ ਐਡੀਸ਼ਨਲ ਹੈੱਡ ਗ੍ਰੰਥੀ ਗਿਆਨੀ ਦਲੀਪ ਸਿੰਘ, ਕਮੇਟੀ ਦੇ ਪ੍ਰਧਾਨ ਜਗਜੋਤ ਸਿੰਘ ਸੋਹੀ, ਮੀਤ ਪ੍ਰਧਾਨ ਗੁਰਵਿੰਦਰ ਸਿੰਘ, ਮਨਵਿੰਦਰ ਸਿੰਘ ਬੇਨੀਪਾਲ ਵੀ ਵਿਮਾਨ ‘ਚ ਨਾਲ ਸਨ। ਪਟਨਾ ਹਵਾਈ ਅੱਡੇ ‘ਤੇ ਚਿਤਕਾਰਾ ਸਮੇਤ ਪਟਨਾ ਦੇ ਵੱਖ ਵੱਖ ਖੇਤਰਾਂ ਤੋਂ ਵੱਡੀ ਗਿਣਤੀ ਵਿੱਚ ਸੰਗਤ ਪਹੁੰਚੀ ਅਤੇ ਗੁਰੂ ਸਾਹਿਬ ਦੇ ਸਰੂਪ ਅਤੇ ਸ਼ਸਤ੍ਰਾਂ ਦਾ ਸ਼ਾਨਦਾਰ ਸਵਾਗਤ ਕੀਤਾ। ਬੀਬੀ ਕੁਲਵੀਰ ਕੌਰ, ਅਰਵਿੰਦਰ ਕੌਰ, ਕੁਲਵੰਤ ਕੌਰ, ਰਣਜੀਤ ਕੌਰ ਸਮੇਤ ਹੋਰ ਮਹਿਲਾਵਾਂ ਨੇ ਕੀਰਤਨ ਵੀ ਕੀਤਾ। ਦੀਘਾ ਦੇ ਵਿਧਾਇਕ ਸੰਜੀਵ ਚੌਰਾਸੀਆ ਵੀ ਆਪਣੇ ਸਾਥੀਆਂ ਸਮੇਤ ਪਹੁੰਚੇ।
ਤਖ਼ਤ ਪਟਨਾ ਸਾਹਿਬ ਕਮੇਟੀ ਦੇ ਪ੍ਰਧਾਨ ਜਗਜੋਤ ਸਿੰਘ ਸੋਹੀ ਨੇ ਜਾਗਰਤੀ ਯਾਤਰਾ ਦੇ ਸਫਲ ਆਯੋਜਨ ਲਈ ਗੁਰੂ ਮਹਾਰਾਜ ਦਾ ਸ਼ੁਕਰਾਨਾ ਕੀਤਾ ਅਤੇ ਸਿਨੀਅਰ ਮੀਤ ਪ੍ਰਧਾਨ ਲਖਵਿੰਦਰ ਸਿੰਘ, ਜੂਨੀਅਰ ਮੀਤ ਪ੍ਰਧਾਨ ਗੁਰਵਿੰਦਰ ਸਿੰਘ, ਮਹਾਸਚਿਵ ਇੰਦਰਜੀਤ ਸਿੰਘ, ਸਚਿਵ ਹਰਬੰਸ ਸਿੰਘ, ਮੈਂਬਰ ਹਰਪਾਲ ਸਿੰਘ ਜੋਹਲ, ਮੋਹਿੰਦਰ ਪਾਲ ਸਿੰਘ ਦਿੱਲੀ, ਰਾਜਾ ਸਿੰਘ, ਡਾ. ਗੁਰਮੀਤ ਸਿੰਘ, ਗੋਬਿੰਦ ਸਿੰਘ ਲੋਂਗੋਵਾਲ, ਮੀਡੀਆ ਸਲਾਹਕਾਰ ਸੁਦੀਪ ਸਿੰਘ, ਜੇਡੀਯੂ ਪੰਜਾਬ ਦੇ ਪ੍ਰਧਾਨ ਮਨਵਿੰਦਰ ਸਿੰਘ ਬੇਨੀਪਾਲ ਸਮੇਤ ਤਖ਼ਤ ਸਾਹਿਬ ਦੇ ਪੂਰੇ ਸਟਾਫ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਦਿਨ ਰਾਤ ਇੱਕ ਕਰਕੇ ਯਾਤਰਾ ਨੂੰ ਸਫਲ ਬਣਾਇਆ।
ਇਸ ਨਾਲ ਹੀ ਸੰਗਤ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਨੇ ਪੂਰਾ ਸਹਿਯੋਗ ਦਿੱਤਾ। ਕਮੇਟੀ ਦੇ ਨਵੇਂ ਨਿਯੁਕਤ ਮੈਂਬਰ ਗੁਰਿੰਦਰ ਸਿੰਘ ਬਾਵਾ ਅਤੇ ਜਸਬੀਰ ਸਿੰਘ ਧਾਮ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ ਗਿਆ, ਜਿਨ੍ਹਾਂ ਦੇ ਸਹਿਯੋਗ ਬਿਨਾਂ ਇੰਨਾ ਵੱਡਾ ਆਯੋਜਨ ਸੰਭਵ ਨਹੀਂ ਸੀ। ਯਾਦ ਰਹੇ ਕਿ ਚਾਰਟਰਡ ਵਿਮਾਨ ਦਾ ਪ੍ਰਬੰਧ ਵੀ ਬਾਵਾ ਜੀ ਵੱਲੋਂ ਹੀ ਕਰਵਾਇਆ ਗਿਆ ਸੀ।
