
22 ਨਵੰਬਰ ਨੂੰ ਖਤਮ ਹੋਣ ਜਾ ਰਿਹਾ ਬਿਹਾਰ ਵਿਧਾਨ ਸਭਾ ਦਾ ਕਾਰਜਕਾਲ
ਪਟਨਾ : ਭਾਰਤੀ ਚੋਣ ਕਮਿਸ਼ਨ ਨੇ ਬਿਹਾਰ ਵਿਧਾਨ ਸਭਾ ਚੋਣਾਂ 2025 ਨੂੰ ਧਿਆਨ ਵਿਚ ਰੱਖਦੇ ਹੋਏ ਫਾਈਨਲ ਵੋਟਰ ਸੂਚੀ ਜਾਰੀ ਕਰ ਦਿੱਤੀ ਹੈ। ਇਹ ਵੋਟਰ ਸੂਚੀ ਸਪੈਸ਼ਲ ਇੰਟੈਂਸਿਵ ਰਿਵੀਜਨ (ਐਸਆਈਆਰ) ਤੋਂ ਬਾਅਦ ਵੋਟਰ ਸੂਚੀ ਨੂੰ ਚੋਣ ਕਮਿਸ਼ਨ ਦੀ ਵੈਬਸਾਈਟ ’ਤੇ ਪ੍ਰਕਾਸ਼ਿਤ ਕਰ ਦਿੱਤਾ ਗਿਆ ਹੈ। ਇਸ ਵੋਟਰ ਸੂਚੀ ਦੇ ਆਧਾਰ ’ਤੇ ਹੀ ਸੂਬੇ ਅੰਦਰ ਵਿਧਾਨ ਸਭਾ ਚੋਣਾਂ ਕਰਵਾਈਆਂ ਜਾਣਗੀਆਂ। ਚੋਣ ਕਮਿਸ਼ਨ ਵੱਲੋਂ 6 ਅਕਤੂਬਰ ਤੋਂ ਬਾਅਦ ਕਦੇ ਵੀ ਬਿਹਾਰ ਵਿਧਾਨ ਸਭਾ ਚੋਣਾਂ ਦੀ ਤਰੀਕ ਸਬੰਧੀ ਐਲਾਨ ਕੀਤਾ ਜਾ ਸਕਦਾ ਹੈ।
ਬਿਹਾਰ ਦੇ ਮੁੱਖ ਚੋਣ ਕਮਿਸ਼ਨਰ ਨੇ ਕਿਹਾ ਕਿ ਵਿਸ਼ੇਸ਼ ਜਾਂਚ ਤੋਂ ਬਾਅਦ 30 ਸਤੰਬਰ ਨੂੰ ਵੋਟਰ ਸੂਚੀ ਪ੍ਰਕਾਸ਼ਿਤ ਕਰ ਦਿੱਤਾ ਗਿਆ ਹੈ। ਕੋਈ ਵੀ ਵੋਟਰ ਚੋਣ ਕਮਿਸ਼ਨ ਦੀ ਅਧਿਕਾਰਤ ਵੈਬਸਾਈਟ https://voters.eci.gov.in/ ’ਤੇ ਜਾ ਕੇ ਸੂਚੀ ’ਚ ਆਪਣੇ ਨਾਮ ਦਾ ਵੇਰਵਾ ਦੇਖ ਸਕਦਾ ਹੈ।
ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਪ੍ਰਕਾਸ਼ਿਤ ਸੂਚੀ ’ਚ ਬਿਹਾਰ ਦੇ 7.24 ਕਰੋੜ ਤੋਂ ਜ਼ਿਆਦਾ ਵੋਟਰ ਹਨ। ਇੰਨੇ ਹੀ ਵੋਟਰਾਂ ਵੱਲੋਂ ਆਪਣਾ ਗਣਨਾ ਫਾਰਮ ਭਰ ਕੇ ਜਮ੍ਹਾਂ ਕੀਤਾ ਗਿਆ।
ਜ਼ਿਕਰਯੋਗ ਹੈ ਕਿ 243 ਵਿਧਾਨ ਸਭਾ ਸੀਟਾਂ ਵਾਲੀ ਬਿਹਾਰ ਵਿਧਾਨ ਸਭਾ ਦਾ ਕਾਰਜਕਾਲ 22 ਨਵੰਬਰ ਨੂੰ ਖਤਮ ਹੋਣ ਜਾ ਰਿਹਾ ਹੈ। ਇਸ ਤੋਂ ਪਹਿਲਾਂ ਚੋਣ ਪ੍ਰਕਿਰਿਆ ਨੂੰ ਪੂਰਾ ਕਰ ਲਿਆ ਜਾਵੇਗਾ। ਪਿਛਲੀ ਵਾਰ ਦੀ ਤਰ੍ਹਾਂ ਇਸ ਵਾਰ ਵੀ 3 ਗੇੜਾਂ ਵਿਚ ਵੋਟਾਂ ਪਵਾਏ ਜਾਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ।