ਕਿਹਾ : ਕਾਂਗਰਸ ਹੀ ਰਾਸ਼ਟਰੀ ਜਨਤਾ ਦਲ ਨੂੰ ਹਰਾਉਣਾ ਚਾਹੁੰਦੀ ਹੈ
ਪਟਨਾ : ਬਿਹਾਰ ਵਿਧਾਨ ਸਭਾ ਚੋਣਾਂ ’ਚ ਚੋਣ ਪ੍ਰਚਾਰ ਸਿਖਰ ’ਤੇ ਹੈ। ਪਹਿਲੇ ਗੇੜ ਦੀਆਂ ਚੋਣਾਂ ਲਈ ਐਨ.ਡੀ. ਏ. ਅਤੇ ਮਹਾਂਗੱਠਜੋੜ ਨੇ ਆਪਣੀ ਪੂਰੀ ਤਾਕਤ ਲਗਾ ਦਿੱਤੀ ਹੈ। ਬਿਹਾਰ ਦੀ ਸਿਆਸਤ ’ਚ ਅੱਜ ਦਾ ਦਿਨ ਕਾਫ਼ੀ ਅਹਿਮ ਰਿਹਾ ਕਿਉਂਕਿ ਐਨ.ਡੀ.ਏ.ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖੁਦ ਮੈਦਾਨ ’ਚ ਉਤਰੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਛਪਰਾ ’ਚ ਇਕ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਾਂਗਰਸ ਅਤੇ ਰਾਸ਼ਟਰੀ ਜਨਤਾ ਦਲ ’ਤੇ ਸਿਆਸੀ ਨਿਸ਼ਾਨਾ ਸਾਧਿਆ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਅੱਜ ਮੈਂ ਤੁਹਾਨੂੰ ਇਕ ਗਰੰਟੀ ਦਿੰਦਾ ਹਾਂ, ਤੁਹਾਡਾ ਸੁਪਨਾ ਹੀ ਮੇਰਾ ਸੰਕਲਪ ਹੈ। ਨਰਿੰਦਰ ਅਤੇ ਨੀਤਿਸ਼ ਤੁਹਾਡੇ ਸੁਪਨਿਆਂ ਨੂੰ ਪੂਰਾ ਕਰਨ ਲਈ ਲੱਗੇ ਹੋਏ ਹਨ। ਇਸ ਦੇ ਨਾਲ ਹੀ ‘ਇੰਡੀ ਗੱਠਜੋੜ’ ’ਤੇ ਸਿਆਸੀ ਹਮਲਾ ਕਰਦੇ ਹੋਏ ਕਿਹਾ ਕਿ ਕਾਂਗਰਸ ਨੇ ਇਨ੍ਹਾਂ ਚੋਣਾਂ ਵਿਚ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ। ਜਿਨ੍ਹਾਂ ਵੱਲੋਂ ਬਿਹਾਰੀਆਂ ਦਾ ਅਪਮਾਨ ਕੀਤਾ ਗਿਆ ਉਨ੍ਹਾਂ ਨੂੰ ਹੀ ਚੋਣ ਪ੍ਰਚਾਰ ਲਈ ਬੁਲਾ ਰਹੇ ਹਨ। ਇਸ ਤੋਂ ਸਾਫ ਹੁੰਦਾ ਹੈ ਕਿ ਕਾਂਗਰਸ ਹੀ ਰਾਸ਼ਟਰੀ ਜਨਤਾ ਦਲ ਨੂੰ ਹਰਾਉਣਾ ਚਾਹੁੰਦੀ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਬਿਹਾਰ ’ਚ ਖੁਸ਼ਹਾਲੀ ਦੀ ਯਾਤਰਾ ਇਸੇ ਤਰ੍ਹਾਂ ਚਲਦੀ ਰਹਿਣੀ ਚਾਹੀਦੀ ਹੈ। ਇਸੇ ਲਈ ਮੈਂ ਅੱਜ ਤੁਹਾਡੇ ਕੋਲ ਅਸ਼ੀਰਵਾਦ ਮੰਗਣ ਆਇਆ ਹਾਂ। ਛਪਰਾ ਆਉਣਾ ਅਨੇਕਾਂ ਪ੍ਰੇਰਣਾਵਾਂ ਨਾਲ ਜੁੜਨਾ ਹੈ, ਇਹ ਧਰਤੀ ਆਸਥਾ, ਕਲਾ ਅਤੇ ਅੰਦੋਲਨ ਦੀ ਹੈ, ਇਸ ਮਿੱਟੀ ਵਿਚ ਜਾਦੂ ਹੈ, ਜੋ ਸ਼ਬਦਾਂ ਨੂੰ ਵੀ ਜਿਊਂਦਾ ਕਰ ਦਿੰਦੀ ਹੈ। ਭਿਖਾਰੀ ਠਾਕੁਰ ਨੇ ਇਸੀ ਮਿੱਟੀ ਦੀ ਮਹਿਕ ਨੂੰ ਗੀਤਾਂ ’ਚ ਪਿਰੋਇਆ ਸੀ। ਭੋਜਪੁਰੀ ਅਤੇ ਸਮਾਜ ਦੀ ਜੋ ਸੇਵਾ ਉਨ੍ਹਾਂ ਨੇ ਕੀਤੀ ਉਹ ਆਉਣ ਵਾਲੀ ਹਰ ਪੀੜ੍ਹੀ ਨੂੰ ਪ੍ਰੇਰਿਤ ਕਰਦੀ ਰਹੇਗੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੰਡੀਆ ਗੱਠਜੋੜ ’ਤੇ ਵੀ ਸਿਆਸੀ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਲਾਲਟੈਣ ਵਾਲੇ ਹੋਣ, ਪੰਜੇ ਵਾਲੇ ਹੋਣ ਜਾਂ ਉਨ੍ਹਾਂ ਦੇ ਇੰਡੀ ਗੱਠਜੋੜ ਦੇ ਸਾਥੀ, ਇਹ ਲੋਕ ਕਿਸ ਤਰ੍ਹਾਂ ਬਿਹਾਰ ਅਤੇ ਬਿਹਾਰੀਆਂ ਦਾ ਅਪਮਾਨ ਕਰਨ ’ਚ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ’ਚ ਕਾਂਗਰਸ ਦੇ ਮੁੱਖ ਮੰਤਰੀ ਵੱਲੋਂ ਖੁੱਲ੍ਹੇਆਮ ਐਲਾਨ ਕੀਤਾ ਸੀ ਕਿ ਉਹ ਬਿਹਾਰ ਦੇ ਲੋਕਾਂ ਨੂੰ ਆਪਣੇ ਰਾਜ ਪੰਜਾਬ ਅੰਦਰ ਦਾਖਲ ਨਹੀਂ ਹੋਣ ਦੇਣਗੇ। ਉਸ ਸਮੇਂ ਪੰਚ ’ਤੇ ਗਾਂਧੀ ਪਰਿਵਾਰ ਦੀ ਬੇਟੀ ਜੋ ਅੱਜਕੱਲ੍ਹ ਸੰਸਦ ’ਚ ਬੈਠਦੀ ਹੈ ਉਹ ਵੀ ਮੌਜੂਦ ਸੀ।
