
ਬਿਹਾਰ ਸਰਕਾਰ ਅਤੇ ਤਖ਼ਤ ਪਟਨਾ ਸਾਹਿਬ ਕਮੇਟੀ ਦੇ ਸਾਂਝੇ ਯਤਨਾਂ ਨਾਲ 31 ਅਗਸਤ ਨੂੰ ਸ਼ੁਰੂਆਤ ਹੋਏਗੀ
ਪਟਨਾ: ‘‘ਹਿੰਦ ਦੀ ਚਾਦਰ’’ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ, ਅਤੇ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਤੇ ਭਾਈ ਦਿਆਲਾ ਜੀ ਦੇ 350ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ ਇੱਕ ਵਿਸ਼ਾਲ ਨਗਰ ਕੀਰਤਨ 31 ਅਗਸਤ (ਐਤਵਾਰ) ਨੂੰ ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਸਥਿਤ ਇਤਿਹਾਸਕ ਗੁਰਦੁਆਰਾ ਗੁਰੂ ਕਾ ਬਾਗ ਤੋਂ ਨਿਕਲਿਆ ਜਾਵੇਗਾ। ਇਹ ਨਗਰ ਕੀਰਤਨ ਬਿਹਾਰ ਸਰਕਾਰ ਅਤੇ ਤਖ਼ਤ ਸਾਹਿਬ ਕਮੇਟੀ ਦੇ ਸਾਂਝੇ ਯਤਨਾਂ ਨਾਲ ਨਿਕਲਾਇਆ ਜਾਵੇਗਾ।
ਇਸ ਮਾਮਲੇ ਬਾਰੇ ਗੱਲ ਕਰਨ ਲਈ ਇੱਕ ਵਫ਼ਦ, ਜਿਸ ਵਿੱਚ ਪ੍ਰਧਾਨ ਜਗਜੋਤ ਸਿੰਘ ਸੋਹੀ, ਜਨਰਲ ਸਕੱਤਰ ਇੰਦਰਜੀਤ ਸਿੰਘ,ਮੀਤ ਪ੍ਰਧਾਨ ਗੁਰਵਿੰਦਰ ਸਿੰਘ ਅਤੇ ਮੈਂਬਰ ਹਰਪਾਲ ਸਿੰਘ ਜੋਹਲ ਸ਼ਾਮਿਲ ਸਨ, ਮੁੱਖ ਮੰਤਰੀ ਨਾਲ ਮੁਲਾਕਾਤ ਕੀਤੀ।
ਮੁਲਾਕਾਤ ਤੋਂ ਬਾਅਦ ਮੀਡੀਆ ਨੂੰ ਦੱਸਿਆ ਗਿਆ ਕਿ ਨਗਰ ਕੀਰਤਨ 31 ਅਗਸਤ ਨੂੰ ਦੁਪਹਿਰ 12 ਵਜੇ ਸ਼ੁਰੂ ਹੋਵੇਗਾ, ਜੋ ਰਾਜਗੀਰ, ਕੋਡਰਮਾ ਰਾਹੀਂ ਝਾਰਖੰਡ, ਬੰਗਾਲ, ਉੱਤਰ ਪ੍ਰਦੇਸ਼, ਦਿੱਲੀ, ਹਰਿਆਣਾ ਅਤੇ ਪੰਜਾਬ ਹੋ ਕੇ ਸ੍ਰੀ ਆਨੰਦਪੁਰ ਸਾਹਿਬ (ਸ੍ਰੀ ਕੇਸ਼ਗੜ੍ਹ ਸਾਹਿਬ) ਵਿਖੇ ਸਮਾਪਤ ਹੋਵੇਗਾ।
ਇਹ ਯਾਤਰਾ ਲਗਭਗ 35 ਦਿਨਾਂ ਦੀ ਹੋਏਗੀ, ਜਿਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਾਚੀਨ ਹੱਥ-ਲਿਖਤ ਬੀੜ ਸਰੂਪ ਅਤੇ ਗੁਰੂ ਸਾਹਿਬ ਜੀ ਦੇ ਜੀਵਨ ਕਾਲ ਵਿੱਚ ਵਰਤੇ ਗਏ ਸ਼ਸਤ੍ਰ ਸਜਾਏ ਗਏ ਵਾਹਨ ਰਾਹੀਂ ਸੰਗਤਾਂ ਨੂੰ ਦਰਸ਼ਨ ਹਾਸਿਲ ਹੋਣਗੇ।
ਇਸ ਤੋਂ ਪਹਿਲਾਂ, 29 ਅਗਸਤ 2025 ਨੂੰ ਸਵੇਰੇ 9 ਵਜੇ ਗੁਰੂ ਕਾ ਬਾਗ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੀ ਸ਼ੁਰੂਆਤ ਹੋਵੇਗੀ, ਅਤੇ 31 ਅਗਸਤ ਨੂੰ ਸਵੇਰੇ 8:30 ਵਜੇ ਪਾਠ ਦੀ ਸਮਾਪਤੀ ਹੋਵੇਗੀ। ਦਿਨ ਦੇ 11:30 ਵਜੇ ਤੱਕ ਕੀਰਤਨ ਦਰਬਾਰ ਹੋਏਗਾ।
ਦੁਪਹਿਰ 12 ਵਜੇ ਅਰਦਾਸ, ਹੁਕਮਨਾਮਾ, ਕੜਾਹ ਪ੍ਰਸ਼ਾਦ ਵੰਡਣ ਤੋਂ ਬਾਅਦ ਅਟੱਲ ਲੰਗਰ ਵਰਤਾਇਆ ਜਾਵੇਗਾ। ਬਿਹਾਰ ਦੇ ਮਾਣਯੋਗ ਮੁੱਖ ਮੰਤਰੀ ਸ੍ਰੀ ਨੀਤੀਸ਼ ਕੁਮਾਰ ਜੀ ਦੀ ਹਾਜ਼ਰੀ ਵਿੱਚ ਉਨ੍ਹਾਂ ਵੱਲੋਂ ਨਿਸ਼ਾਨ ਸਾਹਿਬ ਵਿਖਾ ਕੇ ਨਗਰ ਕੀਰਤਨ ਦੀ ਸ਼ੁਰੂਆਤ ਕੀਤੀ ਜਾਵੇਗੀ।
ਦੱਸਣਾ ਯੋਗ ਹੈ ਕਿ ਇਹ ਇਤਿਹਾਸਕ ਅਤੇ ਵਿਸ਼ੇਸ਼ ਜਾਗਰੂਕਤਾ ਯਾਤਰਾ ਬਿਹਾਰ ਸਰਕਾਰ ਦੇ ਟੂਰਿਜ਼ਮ ਵਿਭਾਗ ਅਤੇ ਤਖ਼ਤ ਸ੍ਰੀ ਹਰਿਮੰਦਰ ਜੀ, ਪਟਨਾ ਸਾਹਿਬ ਪ੍ਰਬੰਧਕ ਕਮੇਟੀ ਦੇ ਸਾਂਝੇ ਸਹਿਯੋਗ ਨਾਲ ਆਯੋਜਿਤ ਕੀਤੀ ਜਾ ਰਹੀ ਹੈ।
29 ਅਤੇ 30 ਅਗਸਤ ਨੂੰ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਸਾਲਸ ਰਾਏ ਜੌਹਰੀ ਦੀਵਾਨ ਹਾਲ ਵਿੱਚ ਵਿਸ਼ੇਸ਼ ਦੀਵਾਨ ਸਜਾਏ ਜਾਣਗੇ ਅਤੇ ਭਵਯ ਕੀਰਤਨ ਦਰਬਾਰ ਹੋਵੇਗਾ, ਜਿਸ ਵਿੱਚ ਉੱਚ ਕੋਟੀਆਂ ਦੇ ਰਾਗੀ, ਢਾੜੀ ਜਥੇ ਅਤੇ ਪ੍ਰਚਾਰਕ ਭਾਗ ਲੈਣਗੇ।
29 ਅਗਸਤ ਨੂੰ ਰਾਤ 8:30 ਤੋਂ 11:30 ਤੱਕ ਵਿਸ਼ੇਸ਼ ਕੀਰਤਨ ਦਰਬਾਰ ਹੋਏਗਾ। 30 ਅਗਸਤ ਨੂੰ ਸਵੇਰ, ਦੁਪਹਿਰ ਅਤੇ ਸ਼ਾਮ ਤਿੰਨ ਵਾਰੀ ਸਮਾਗਮ ਹੋਣਗੇ।
31 ਅਗਸਤ 2025 ਨੂੰ ਨਗਰ ਕੀਰਤਨ ਦੀ ਰਵਾਨਗੀ ਤੱਕ ਸਾਰੇ ਸਮਾਗਮ ਗੁਰੂ ਕਾ ਬਾਗ ਵਿਖੇ ਉਪਰੋਕਤ ਕਾਰਜਕ੍ਰਮ ਅਨੁਸਾਰ ਚੱਲਣਗੇ।
ਸੰਗਤਾਂ ਨੂੰ ਬੇਨਤੀ ਹੈ ਕਿ ਤੁਸੀਂ ਆਪਣੇ ਪਰਿਵਾਰ ਸਮੇਤ ਇਸ ਇਤਿਹਾਸਕ ਪਲ ਵਿਚ ਸ਼ਾਮਿਲ ਹੋ ਕੇ ਆਪਣਾ ਜੀਵਨ ਸਫਲ ਬਣਾਉ।