ਅਕਤੂਬਰ, 2024 ’ਚ ਦੂਜਾ ਸੱਭ ਤੋਂ ਵੱਧ ਜੀ.ਐਸ.ਟੀ. ਕੁਲੈਕਸ਼ਨ ਦਰਜ ਕੀਤਾ ਗਿਆ ਸੀ
ਨਵੀਂ ਦਿੱਲੀ : ਕੁਲ ਵਸਤੂ ਅਤੇ ਸੇਵਾ ਕਰ (ਜੀ.ਐੱਸ.ਟੀ.) ਦਾ ਮਾਲੀਆ ਕੁਲੈਕਸ਼ਨ ਅਕਤੂਬਰ ’ਚ 9 ਫੀ ਸਦੀ ਵਧ ਕੇ 1.87 ਲੱਖ ਕਰੋੜ ਰੁਪਏ ਹੋ ਗਿਆ, ਜੋ ਪਿਛਲੇ ਸਾਲ ਦੇ ਇਸੇ ਮਹੀਨੇ ਦਾ ਦੂਜਾ ਸੱਭ ਤੋਂ ਵੱਡਾ ਮਹੀਨਾਵਾਰ ਅੰਕੜਾ ਹੈ। ਘਰੇਲੂ ਲੈਣ-ਦੇਣ ਤੋਂ ਵਧੇਰੇ ਮਾਲੀਆ ਪੈਦਾ ਕਰਨ ਅਤੇ ਪਾਲਣਾ ’ਚ ਸੁਧਾਰ ਦੇ ਕਾਰਨ ਜੀ.ਐਸ.ਟੀ. ਕੁਲੈਕਸ਼ਨ ’ਚ ਵਾਧਾ ਹੋਇਆ ਹੈ।
ਸ਼ੁਕਰਵਾਰ ਨੂੰ ਜਾਰੀ ਅਧਿਕਾਰਤ ਅੰਕੜਿਆਂ ਮੁਤਾਬਕ ਅਕਤੂਬਰ ’ਚ ਕੇਂਦਰੀ ਜੀ.ਐੱਸ.ਟੀ. ਕੁਲੈਕਸ਼ਨ 33,821 ਕਰੋੜ ਰੁਪਏ, ਰਾਜ ਜੀ.ਐੱਸ.ਟੀ. 41,864 ਕਰੋੜ ਰੁਪਏ, ਇੰਟੀਗ੍ਰੇਟਿਡ ਜੀ.ਐੱਸ.ਟੀ. 99,111 ਕਰੋੜ ਰੁਪਏ ਅਤੇ ਸੈੱਸ 12,550 ਕਰੋੜ ਰੁਪਏ ਰਿਹਾ। ਪਿਛਲੇ ਮਹੀਨੇ ਕੁਲ ਜੀ.ਐਸ.ਟੀ. ਮਾਲੀਆ 8.9 ਫ਼ੀ ਸਦੀ ਵਧ ਕੇ 1,87,346 ਕਰੋੜ ਰੁਪਏ ਹੋ ਗਿਆ। ਇਕ ਸਾਲ ਪਹਿਲਾਂ ਇਸੇ ਮਿਆਦ ’ਚ ਜੀ.ਐੱਸ.ਟੀ. ਕੁਲੈਕਸ਼ਨ 1.72 ਲੱਖ ਕਰੋੜ ਰੁਪਏ ਸੀ।
ਅਕਤੂਬਰ, 2024 ’ਚ ਦੂਜਾ ਸੱਭ ਤੋਂ ਵੱਧ ਜੀ.ਐਸ.ਟੀ. ਕੁਲੈਕਸ਼ਨ ਦਰਜ ਕੀਤਾ ਗਿਆ ਸੀ। ਅਪ੍ਰੈਲ 2024 ’ਚ ਸੱਭ ਤੋਂ ਵੱਧ 2.10 ਲੱਖ ਕਰੋੜ ਰੁਪਏ ਦਾ ਜੀ.ਐਸ.ਟੀ. ਕੁਲੈਕਸ਼ਨ ਹੋਇਆ ਸੀ। ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਘਰੇਲੂ ਲੈਣ-ਦੇਣ ਤੋਂ ਜੀ.ਐਸ.ਟੀ. ਕੁਲੈਕਸ਼ਨ 10.6 ਫ਼ੀ ਸਦੀ ਵਧ ਕੇ 1.42 ਲੱਖ ਕਰੋੜ ਰੁਪਏ ਹੋ ਗਿਆ। ਇਸ ਦੌਰਾਨ ਅਕਤੂਬਰ 2024 ਦੌਰਾਨ ਦਰਾਮਦ ’ਤੇ ਟੈਕਸ ਲਗਭਗ ਚਾਰ ਫੀ ਸਦੀ ਵਧ ਕੇ 45,096 ਕਰੋੜ ਰੁਪਏ ਹੋ ਗਿਆ।
ਅਕਤੂਬਰ ’ਚ 19,306 ਕਰੋੜ ਰੁਪਏ ਦੇ ਰਿਫੰਡ ਜਾਰੀ ਕੀਤੇ ਗਏ ਹਨ, ਜੋ ਪਿਛਲੇ ਸਾਲ ਦੀ ਇਸੇ ਮਿਆਦ ’ਚ ਜਾਰੀ ਕੀਤੇ ਗਏ ਰਿਫੰਡ ਨਾਲੋਂ 18.2 ਫੀ ਸਦੀ ਜ਼ਿਆਦਾ ਹੈ। ਰਿਫੰਡ ਨੂੰ ਐਡਜਸਟ ਕਰਨ ਤੋਂ ਬਾਅਦ ਸ਼ੁੱਧ ਜੀਐਸਟੀ ਕੁਲੈਕਸ਼ਨ 8 ਫੀ ਸਦੀ ਵਧ ਕੇ 1.68 ਲੱਖ ਕਰੋੜ ਰੁਪਏ ਤੋਂ ਵੱਧ ਹੋ ਗਿਆ।
ਵਿੱਤੀ ਸਲਾਹਕਾਰ ਫਰਮ ਡੈਲੋਇਟ ਇੰਡੀਆ ਦੇ ਪਾਰਟਨਰ ਐਮ.ਐਸ. ਮਨੀ ਨੇ ਕਿਹਾ ਕਿ ਜੀ.ਐਸ.ਟੀ. ਕੁਲੈਕਸ਼ਨ ’ਚ ਵਾਧਾ ਤਿਉਹਾਰਾਂ ਦੇ ਸੀਜ਼ਨ ਦੀ ਵਿਕਰੀ ਅਤੇ ਪਾਲਣਾ ’ਚ ਵਾਧੇ ਕਾਰਨ ਹੋਇਆ ਹੈ। ਇਸ ਦਾ ਕਾਰਨ ਘਰੇਲੂ ਸਪਲਾਈ ਜਾਪਦਾ ਹੈ। ਜਦਕਿ ਕਈ ਵੱਡੇ ਸੂਬਿਆਂ ਨੇ ਜੀਐਸਟੀ ਮਾਲੀਆ ’ਚ ਨੌਂ ਫ਼ੀ ਸਦੀ ਤੋਂ ਵੱਧ ਦਾ ਵਾਧਾ ਕੀਤਾ ਹੈ। ਉਨ੍ਹਾਂ ਵਿਚੋਂ ਕੁੱਝ ਅਤੇ ਕਈ ਛੋਟੇ ਸੂਬਿਆਂ ਨੇ ਔਸਤ ਤੋਂ ਘੱਟ ਵਿਕਾਸ ਦਰ ਵਿਖਾਈ ਹੈ, ਜੋ ਉਨ੍ਹਾਂ ਸੂਬਿਆਂ ਲਈ ਚਿੰਤਾ ਦਾ ਵਿਸ਼ਾ ਹੋਵੇਗਾ।
ਈ.ਵਾਈ. ਟੈਕਸ ਪਾਰਟਨਰ ਸੌਰਭ ਅਗਰਵਾਲ ਨੇ ਹਾਲਾਂਕਿ ਕਿਹਾ ਕਿ ਮਹੀਨਾਵਾਰ ਜੀ.ਐਸ.ਟੀ. ਕੁਲੈਕਸ਼ਨ ’ਚ ਇਕ ਅੰਕ ਦਾ ਵਾਧਾ ਸ਼ਾਂਤ ਸਮੇਂ ਦਾ ਸੰਕੇਤ ਦਿੰਦਾ ਹੈ। ਉਨ੍ਹਾਂ ਕਿਹਾ ਕਿ ਇਹ ਭਾਰਤ ’ਚ ਖਪਤਕਾਰਾਂ ਦੇ ਖਰਚ ’ਚ ਸੰਭਾਵਤ ਮੰਦੀ ਦਾ ਸੰਕੇਤ ਦਿੰਦਾ ਹੈ, ਜੋ ਪਿਛਲੇ ਵਿੱਤੀ ਸਾਲ ’ਚ ਸਿਖਰ ’ਤੇ ਸੀ।