ਜੀ.ਐੱਸ.ਟੀ. ਲਾਗੂ ਹੋਣ ਤੋਂ ਬਾਅਦ ਇਹ ਦੂਜਾ ਸਭ ਤੋਂ ਵੱਧ ਜੀ.ਐੱਸ.ਟੀ. ਕੁਲੈਕਸ਼ਨ
ਨਵੀਂ ਦਿੱਲੀ: ਵਸਤੂ ਅਤੇ ਸੇਵਾ ਟੈਕਸ (ਜੀ.ਐੱਸ.ਟੀ.) ਕੁਲੈਕਸ਼ਨ ਨਵੰਬਰ ’ਚ 15 ਫੀ ਸਦੀ ਵਧ ਕੇ ਕਰੀਬ 1.68 ਲੱਖ ਕਰੋੜ ਰੁਪਏ ਹੋ ਗਿਆ ਹੈ। ਪਿਛਲੇ ਸਾਲ ਦੀ ਇਸੇ ਮਿਆਦ ’ਚ ਵਸਤੂ ਅਤੇ ਸੇਵਾ ਟੈਕਸ (ਜੀ.ਐੱਸ.ਟੀ.) ਕੁਲੈਕਸ਼ਨ 1.45 ਲੱਖ ਕਰੋੜ ਰੁਪਏ ਸੀ।
ਵਿੱਤ ਮੰਤਰਾਲੇ ਨੇ ਸ਼ੁਕਰਵਾਰ ਨੂੰ ਇਕ ਬਿਆਨ ’ਚ ਕਿਹਾ ਕਿ ਨਵੰਬਰ 2023 ’ਚ ਕੁੱਲ ਜੀ.ਐੱਸ.ਟੀ. ਕੁਲੈਕਸ਼ਨ 1,67,929 ਕਰੋੜ ਰੁਪਏ ਰਿਹਾ। ਇਸ ’ਚੋਂ 30,420 ਕਰੋੜ ਰੁਪਏ ਕੇਂਦਰੀ ਜੀ.ਐਸ.ਟੀ. (ਸੀ.ਜੀ.ਐਸ.ਟੀ.), 38,226 ਕਰੋੜ ਰੁਪਏ ਸੂਬਾ ਜੀ.ਐਸ.ਟੀ., 87,009 ਕਰੋੜ ਰੁਪਏ ਏਕੀਕ੍ਰਿਤ ਜੀ.ਐਸ.ਟੀ. (ਵਸਤੂਆਂ ਦੀ ਦਰਾਮਦ ’ਤੇ ਇਕੱਤਰ ਕੀਤੇ 39,198 ਕਰੋੜ ਰੁਪਏ ਸਮੇਤ) ਅਤੇ ਸੈੱਸ 12,274 ਕਰੋੜ ਰੁਪਏ (ਵਸਤੂਆਂ ਦੀ ਦਰਾਮਦ ’ਤੇ ਇਕੱਤਰ ਕੀਤੇ 1,036 ਕਰੋੜ ਰੁਪਏ ਸਮੇਤ) ਵਜੋਂ ਇਕੱਠੇ ਕੀਤੇ ਗਏ।
ਹਾਲਾਂਕਿ ਇਸ ਸਾਲ ਨਵੰਬਰ ’ਚ ਕੁਲੈਕਸ਼ਨ ਅਕਤੂਬਰ ’ਚ ਇਕੱਠੇ ਕੀਤੇ 1.72 ਲੱਖ ਕਰੋੜ ਰੁਪਏ ਤੋਂ ਘੱਟ ਹੈ ਪਰ ਜੀ.ਐੱਸ.ਟੀ. ਲਾਗੂ ਹੋਣ ਤੋਂ ਬਾਅਦ ਇਹ ਦੂਜਾ ਸਭ ਤੋਂ ਵੱਧ ਹੈ।