ਅਮਰੀਕੀ ਬਾਜ਼ਾਰਾਂ ’ਚ ਬ੍ਰਿਕਸ ਦੇਸ਼ਾਂ ਦਾ ਸਾਮਾਨ ਵਿਕਣਾ ਬੰਦ ਕਰਨ ਦੀ ਧਮਕੀ ਵੀ ਦਿਤੀ
ਵਾਸ਼ਿੰਗਟਨ : ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬ੍ਰਿਕਸ ਦੇਸ਼ਾਂ ਨੂੰ ਚਿਤਾਵਨੀ ਦਿਤੀ ਹੈ ਕਿ ਉਹ ਅਮਰੀਕੀ ਡਾਲਰ ਦੀ ਥਾਂ ਲੈਣ ਲਈ ਕਿਸੇ ਹੋਰ ਕਰੰਸੀ ਦੀ ਵਰਤੋਂ ਨਾ ਕਰਨ। ਟਰੰਪ ਨੇ ਭਾਰਤ, ਰੂਸ, ਚੀਨ ਅਤੇ ਬ੍ਰਾਜ਼ੀਲ ਸਮੇਤ 9 ਦੇਸ਼ਾਂ ਦੇ ਸਮੂਹ ਬ੍ਰਿਕਸ ਨੂੰ ਅਜਿਹਾ ਨਾ ਕਰਨ ਲਈ ਕਿਹਾ ਹੈ।
ਸਾਲ 2009 ’ਚ ਸਥਾਪਿਤ ਬ੍ਰਿਕਸ ਇਕਲੌਤਾ ਵੱਡਾ ਕੌਮਾਂਤਰੀ ਸਮੂਹ ਹੈ, ਜਿਸ ’ਚ ਅਮਰੀਕਾ ਸ਼ਾਮਲ ਨਹੀਂ ਹੈ। ਬ੍ਰਿਕਸ ਦੇ ਹੋਰ ਮੈਂਬਰ ਦਖਣੀ ਅਫਰੀਕਾ, ਈਰਾਨ, ਮਿਸਰ, ਇਥੋਪੀਆ ਅਤੇ ਸੰਯੁਕਤ ਅਰਬ ਅਮੀਰਾਤ ਹਨ। ਪਿਛਲੇ ਕੁੱਝ ਸਾਲਾਂ ਤੋਂ ਬ੍ਰਿਕਸ ਦੇਸ਼, ਖਾਸ ਤੌਰ ’ਤੇ ਰੂਸ ਅਤੇ ਚੀਨ ਅਮਰੀਕੀ ਡਾਲਰ ਦੇ ਬਦਲ ਵਜੋਂ ਅਪਣੀ ਬ੍ਰਿਕਸ ਮੁਦਰਾ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਹਾਲਾਂਕਿ, ਭਾਰਤ ਅਜੇ ਤਕ ਅਜਿਹੇ ਕਿਸੇ ਵੀ ਕਦਮ ’ਚ ਸ਼ਾਮਲ ਨਹੀਂ ਹੋਇਆ ਹੈ।
ਟਰੰਪ ਨੇ ਸਨਿਚਰਵਾਰ ਨੂੰ ਬ੍ਰਿਕਸ ਦੇਸ਼ਾਂ ਨੂੰ ਅਜਿਹੇ ਕਦਮ ਵਿਰੁਧ ਚੇਤਾਵਨੀ ਦਿਤੀ ਸੀ। ਟਰੰਪ ਨੇ ਸੋਸ਼ਲ ਮੀਡੀਆ ਮੰਚ ‘ਟਰੂਥ ਸੋਸ਼ਲ’ ’ਤੇ ਲਿਖਿਆ, ‘‘ਬ੍ਰਿਕਸ ਦੇਸ਼ਾਂ ਨੂੰ ਡਾਲਰ ਤੋਂ ਦੂਰ ਜਾਣ ਦੀ ਕੋਸ਼ਿਸ਼ ਕਰਨ ਅਤੇ ਅਸੀਂ ਚੁਪ ਕਰ ਕੇ ਵੇਖਦੇ ਰਹੀਏ, ਉਹ ਦਿਨ ਹੁਣ ਖ਼ਤਮ ਹੋ ਗਏ ਹਨ।’’
ਉਨ੍ਹਾਂ ਕਿਹਾ, ‘‘ਅਸੀਂ ਚਾਹੁੰਦੇ ਹਾਂ ਕਿ ਉਹ ਦੇਸ਼ ਵਾਅਦਾ ਕਰਨ ਕਿ ਉਹ ਨਾ ਤਾਂ ਨਵੀਂ ਬ੍ਰਿਕਸ ਕਰੰਸੀ ਬਣਾਉਣਗੇ ਅਤੇ ਨਾ ਹੀ ਸ਼ਕਤੀਸ਼ਾਲੀ ਅਮਰੀਕੀ ਡਾਲਰ ਦੀ ਥਾਂ ਕਿਸੇ ਹੋਰ ਮੁਦਰਾ ਦਾ ਸਮਰਥਨ ਕਰਨਗੇ ਨਹੀਂ ਤਾਂ ਉਨ੍ਹਾਂ ’ਤੇ 100 ਫੀ ਸਦੀ ਟੈਰਿਫ ਲੱਗੇਗਾ ਅਤੇ ਉਨ੍ਹਾਂ ਨੂੰ ਅਮਰੀਕੀ ਬਾਜ਼ਾਰਾਂ ’ਚ ਅਪਣਾ ਸਾਮਾਨ ਵੇਚਣ ਦੀ ਉਮੀਦ ਛੱਡਣੀ ਪਵੇਗੀ।’’
ਡੋਨਾਲਡ ਟਰੰਪ ਦੀ 100 ਫੀ ਸਦੀ ਟੈਰਿਫ ਦੀ ਧਮਕੀ ਵਿਹਾਰਕ ਨਹੀਂ, ਇਸ ਪੈਮਾਨੇ ’ਤੇ ਟੈਰਿਫ ਸਿਰਫ ਅਮਰੀਕੀ ਖਪਤਕਾਰਾਂ ਨੂੰ ਨੁਕਸਾਨ ਪਹੁੰਚਾਏਗਾ : ਜੀ.ਟੀ.ਆਰ.ਆਈ.
ਵਾਸ਼ਿੰਗਟਨ : ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਬ੍ਰਿਕਸ ਦੇਸ਼ਾਂ ਨੂੰ ਦਿਤੀ ਚਿਤਾਵਨੀ ਬਾਰੇ ਰੀਸਰਚ ਫਰਮ ਜੀ.ਟੀ.ਆਰ.ਆਈ. ਨੇ ਐਤਵਾਰ ਨੂੰ ਕਿਹਾ ਕਿ ਭਾਰਤ ਨੂੰ ਵਿਵਹਾਰਕ ਸਥਾਨਕ ਮੁਦਰਾ ਵਪਾਰ ਪ੍ਰਣਾਲੀ ਵਿਕਸਤ ਕਰਨ ’ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ। ਗਲੋਬਲ ਟਰੇਡ ਰੀਸਰਚ ਇਨੀਸ਼ੀਏਟਿਵ (ਜੀ.ਟੀ.ਆਰ.ਆਈ.) ਨੇ ਕਿਹਾ ਕਿ ਇਸ ਪੈਮਾਨੇ ’ਤੇ ਟੈਰਿਫ ਸਿਰਫ ਅਮਰੀਕੀ ਖਪਤਕਾਰਾਂ ਨੂੰ ਨੁਕਸਾਨ ਪਹੁੰਚਾਏਗਾ ਕਿਉਂਕਿ ਇਸ ਨਾਲ ਆਯਾਤ ਦੀਆਂ ਕੀਮਤਾਂ ਵਧਣਗੀਆਂ, ਆਲਮੀ ਵਪਾਰ ਰੁਕੇਗਾ ਅਤੇ ਪ੍ਰਮੁੱਖ ਵਪਾਰਕ ਭਾਈਵਾਲਾਂ ਤੋਂ ਜਵਾਬੀ ਕਾਰਵਾਈ ਦਾ ਜੋਖਮ ਲੈਣਗੇ।
ਜੀ.ਟੀ.ਆਰ.ਆਈ. ਦੇ ਸੰਸਥਾਪਕ ਅਜੈ ਸ੍ਰੀਵਾਸਤਵ ਨੇ ਕਿਹਾ, ‘‘ਬ੍ਰਿਕਸ ਮੁਦਰਾ ਅਪਣਾਉਣ ਵਾਲੇ ਦੇਸ਼ਾਂ ’ਤੇ 100 ਫੀ ਸਦੀ ਟੈਰਿਫ ਲਗਾਉਣ ਦੀ ਟਰੰਪ ਦੀ ਧਮਕੀ ਅਸਲੀ ਨਹੀਂ ਹੈ ਅਤੇ ਵਿਹਾਰਕ ਨਾਲੋਂ ਜ਼ਿਆਦਾ ਪ੍ਰਤੀਕਾਤਮਕ ਹੈ। ਭਾਰਤ ਲਈ, ਸਮਝਦਾਰ ਪਹੁੰਚ ਇਕ ਪਾਰਦਰਸ਼ੀ ਅਤੇ ਖੁੱਲ੍ਹੀ ਮੁਦਰਾ ਐਕਸਚੇਂਜ ਸਥਾਪਤ ਕਰ ਕੇ ਸਥਾਨਕ ਮੁਦਰਾ ਵਪਾਰ ਨੂੰ ਵਿਹਾਰਕ ਬਣਾਉਣ ’ਤੇ ਧਿਆਨ ਕੇਂਦਰਤ ਕਰਨਾ ਹੈ।’’
ਉਨ੍ਹਾਂ ਕਿਹਾ ਕਿ ਭਾਰਤ ਦਾ ਸੱਭ ਤੋਂ ਵਧੀਆ ਹਿੱਤ ਨਾ ਤਾਂ ਅਮਰੀਕੀ ਡਾਲਰ ਦਾ ਦਬਦਬਾ ਹੈ ਅਤੇ ਨਾ ਹੀ ਇਸ ਸਮੇਂ ਬ੍ਰਿਕਸ ਮੁਦਰਾ ਨੂੰ ਪੂਰੀ ਤਰ੍ਹਾਂ ਅਪਣਾਉਣਾ ਹੈ। ਉਨ੍ਹਾਂ ਕਿਹਾ ਕਿ ਅਪਣੇ ਵਿੱਤੀ ਬੁਨਿਆਦੀ ਢਾਂਚੇ ਨੂੰ ਵਧਾ ਕੇ ਭਾਰਤ ਗਲੋਬਲ ਵਪਾਰ ਦੀ ਬਦਲਦੀ ਗਤੀਸ਼ੀਲਤਾ ਨਾਲ ਬਿਹਤਰ ਤਰੀਕੇ ਨਾਲ ਨਜਿੱਠ ਸਕਦਾ ਹੈ।
ਉਨ੍ਹਾਂ ਕਿਹਾ ਕਿ ਪ੍ਰਭੂਸੱਤਾ ਵਾਲੇ ਦੇਸ਼ਾਂ ਨੂੰ ਧਮਕਾਉਣਾ ਕੂਟਨੀਤਕ ਸਬੰਧਾਂ ਨੂੰ ਕਮਜ਼ੋਰ ਕਰਦਾ ਹੈ ਅਤੇ ਅੱਜ ਦੀ ਦੁਨੀਆਂ ਦੇ ਬਹੁ-ਧਰੁਵੀ ਸੁਭਾਅ ਨੂੰ ਕਮਜ਼ੋਰ ਕਰਦਾ ਹੈ। ਸ੍ਰੀਵਾਸਤਵ ਨੇ ਕਿਹਾ ਕਿ ਅਮਰੀਕਾ ਸਮੇਤ ਕੋਈ ਵੀ ਦੇਸ਼ ਨਤੀਜਿਆਂ ਦਾ ਸਾਹਮਣਾ ਕੀਤੇ ਬਿਨਾਂ ਇਕਪਾਸੜ ਤੌਰ ’ਤੇ ਗਲੋਬਲ ਆਰਥਕ ਨੀਤੀਆਂ ਨੂੰ ਲਾਗੂ ਨਹੀਂ ਕਰ ਸਕਦਾ।