
ਵੱਖ-ਵੱਖ ਦੇਸ਼ਾਂ ’ਚ ਲਗਭਗ 54 ਕਰੋੜ ਰੁਪਏ ਦੇ ਬਰਾਬਰ ਵਿਦੇਸ਼ੀ ਮੁਦਰਾ ਨੂੰ ਗੈਰ-ਕਾਨੂੰਨੀ ਢੰਗ ਨਾਲ ਟਰਾਂਸਫ਼ਰ ਕਰਨ ਦਾ ਦੋਸ਼
ਨਵੀਂ ਦਿੱਲੀ: ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਹੀਰੋ ਮੋਟੋਕਾਰਪ ਦੇ ਕਾਰਜਕਾਰੀ ਚੇਅਰਪਰਸਨ ਪਵਨ ਕਾਂਤ ਮੁੰਜਾਲ ਅਤੇ ਹੋਰਾਂ ਦੇ ਟਿਕਾਣਿਆਂ ’ਤੇ ਮੰਗਲਵਾਰ ਨੂੰ ਕਾਲੇ ਧਨ ਨੂੰ ਚਿੱਟਾ ਕਰਨ ਦੇ ਮਾਮਲੇ ’ਚ ਕੀਤੀ ਛਾਪੇਮਾਰੀ ’ਚ ਲਗਭਗ 25 ਕਰੋੜ ਰੁਪਏ ਮੁੱਲ ਦੀ ਵਿਦੇਸ਼ੀ ਅਤੇ ਭਾਰਤੀ ਕਰੰਸੀ ਜ਼ਬਤ ਕੀਤੀ। ਇਸ ਤੋਂ ਇਲਾਵਾ ਸੋਨੇ ਅਤੇ ਹੀਰੇ ਦੇ ਗਹਿਣਿਆਂ ਸਮੇਤ ਕੁਝ ਇਤਰਾਜ਼ਯੋਗ ਦਸਤਾਵੇਜ਼ ਵੀ ਜ਼ਬਤ ਕੀਤੇ ਗਏ।
ਈ.ਡੀ. ਨੇ ਮੰਗਲਵਾਰ ਨੂੰ ਇਕ ਮਸ਼ਹੂਰ ਕਾਰੋਬਾਰੀ ਅਤੇ ਦੇਸ਼ ਦੀ ਸਭ ਤੋਂ ਵੱਡੀ ਦੋਪਹੀਆ ਗੱਡੀ ਨਿਰਮਾਤਾ ਕੰਪਨੀ ਦੇ ਪ੍ਰਮੋਟਰ 69 ਵਰ੍ਹਿਆਂ ਦੇ ਮੁੰਜਾਲ ਦੇ ਦਿੱਲੀ ਅਤੇ ਗੁਰੂਗ੍ਰਾਮ ’ਚ ਰਿਹਾਇਸ਼ੀ ਅਤੇ ਕਾਰੋਬਾਰੀ ਟਿਕਾਣਿਆਂ ’ਤੇ ਅਤੇ ਉਸ ਨਾਲ ਜੁੜੇ ਕੁਝ ਹੋਰ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਸੀ। ਕੇਂਦਰੀ ਜਾਂਚ ਏਜੰਸੀ ਵਲੋਂ ਜਾਰੀ ਕੀਤੇ ਗਏ ਇਕ ਬਿਆਨ ਅਨੁਸਾਰ, ਇਕ 'ਥਰਡ ਪਾਰਟੀ ਸਰਵਿਸ ਪ੍ਰੋਵਾਈਡਰ' ਕੰਪਨੀ ਸਾਲਟ ਐਕਸਪੀਰੀਅੰਸ ਐਂਡ ਮੈਨੇਜਮੈਂਟ ਪ੍ਰਾਈਵੇਟ ਲਿਮਟਿਡ (SEMPL) ਨੇ ‘‘2014-2015 ਤੋਂ 2018-2019’’ ਦੀ ਮਿਆਦ ਦੇ ਦੌਰਾਨ ਵੱਖ-ਵੱਖ ਦੇਸ਼ਾਂ ’ਚ ਲਗਭਗ 54 ਕਰੋੜ ਰੁਪਏ ਦੇ ਬਰਾਬਰ ਵਿਦੇਸ਼ੀ ਮੁਦਰਾ ਨੂੰ ਗੈਰ-ਕਾਨੂੰਨੀ ਢੰਗ ਨਾਲ ਟਰਾਂਸਫ਼ਰ ਕੀਤਾ ਹੈ। ਇਸ ਦਾ ਪ੍ਰਯੋਗ ਪੀ.ਕੇ. ਮੁੰਜਾਲ ਦੇ ਨਿੱਜੀ ਖਰਚੇ ਲਈ ਕੀਤਾ ਗਿਆ।
ਬਿਆਨ ਮੁਤਾਬਕ ਮੁੰਜਾਲ, ਹੇਮੰਤ ਦਹੀਆ, ਕੇ. ਆਰ. ਰਮਨ, ਹੀਰੋ ਮੋਟੋਕਾਰਪ ਲਿਮਟਿਡ ਅਤੇ ਹੀਰੋ ਫਿਨਕਾਰਪ ਲਿਮਟਿਡ, ਉਨ੍ਹਾਂ ਦੇ ਰਿਹਾਇਸ਼ੀ ਅਤੇ ਕਾਰੋਬਾਰੀ ਸਥਾਨਾਂ ’ਤੇ ਛਾਪੇਮਾਰੀ ਦੌਰਾਨ ਲਗਭਗ 25 ਕਰੋੜ ਰੁਪਏ ਦੀ ਵਿਦੇਸ਼ੀ ਅਤੇ ਭਾਰਤੀ ਕਰੰਸੀ, ਸੋਨੇ ਅਤੇ ਹੀਰੇ ਦੇ ਗਹਿਣੇ ਅਤੇ 'ਇਤਰਾਜ਼ਯੋਗ' ਦਸਤਾਵੇਜ਼ ਜ਼ਬਤ ਕੀਤੇ ਗਏ ਹਨ।
ਈ.ਡੀ. ਕੇਂਦਰੀ ਅਸਿੱਧੇ ਟੈਕਸ ਅਤੇ ਕਸਟਮ ਬੋਰਡ (ਸੀ.ਬੀ.ਆਈ.ਸੀ.) ਦੀ ਜਾਂਚ ਸ਼ਾਖਾ, ਰੈਵੇਨਿਊ ਇੰਟੈਲੀਜੈਂਸ ਡਾਇਰੈਕਟੋਰੇਟ (ਡੀ.ਆਰ.ਆਈ.) ਵਲੋਂ ਮੁੰਜਾਲ ਵਿਰੁਧ ਦਰਜ ਕੀਤੀ ਗਈ ਸ਼ਿਕਾਇਤ ਦੇ ਆਧਾਰ ’ਤੇ ਜਾਂਚ ਕਰ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਈ.ਡੀ. ਨੇ ਕਸਟਮ ਵਿਭਾਗ ਰਾਹੀਂ ਮੁੰਜਾਲ ਅਤੇ ‘ਥਰਡ ਪਾਰਟੀ ਸਰਵਿਸ ਪ੍ਰੋਵਾਈਡਰ’ ਕੰਪਨੀ ਦੇ ਐਗਜ਼ੀਕਿਊਟਿਵ ਦੇ ਵਿਰੁਧ ਦਰਜ ਕੀਤੇ ਗਏ ਕੇਸ ਦਾ ਵੀ ਨੋਟਿਸ ਲਿਆ ਹੈ। ਹੀਰੋ ਮੋਟੋਕਾਰਪ ਨੇ ਅਗੱਸਤ 2018 ’ਚ ਮੁੰਜਾਲ ਦੀ ਲੰਡਨ ਦੀ ਕਾਰੋਬਾਰੀ ਯਾਤਰਾ ਦਾ ਪ੍ਰਬੰਧ ਕਰਨ ਲਈ ਕੰਪਨੀ ਦੀ ਸੇਵਾ ਲਈ।