
ਸ਼ੇਅਰਾਂ ’ਚ 12 ਫੀਸਦੀ ਤੋਂ ਜ਼ਿਆਦਾ ਦਾ ਵਾਧਾ
Zomato Result : ਹੋਟਲਾਂ ਅਤੇ ਰੈਸਟੋਰੈਂਟਾਂ ਤੋਂ ਭੋਜਨ ਖਰੀਦਣ ਦੇ ਬਦਲਾਂ ਦੀ ਪੇਸ਼ਕਸ਼ ਕਰਨ ਵਾਲੇ ਆਨਲਾਈਨ ਮੰਚ ਜ਼ੋਮੈਟੋ ਦੇ ਸ਼ੇਅਰਾਂ ’ਚ ਸ਼ੁਕਰਵਾਰ ਨੂੰ 12 ਫੀਸਦੀ ਤੋਂ ਜ਼ਿਆਦਾ ਦਾ ਵਾਧਾ ਹੋਇਆ।
ਅਪ੍ਰੈਲ-ਜੂਨ ਤਿਮਾਹੀ ’ਚ ਕੰਪਨੀ ਦਾ ਸ਼ੁੱਧ ਲਾਭ ਕਈ ਗੁਣਾ ਵਧ ਕੇ 253 ਕਰੋੜ ਰੁਪਏ ’ਤੇ ਪਹੁੰਚ ਗਿਆ। ਐਨ.ਐਸ.ਈ. ’ਤੇ ਜ਼ੋਮੈਟੋ ਦਾ ਸ਼ੇਅਰ 12.14 ਫ਼ੀ ਸਦੀ ਵਧ ਕੇ 262.50 ਰੁਪਏ ’ਤੇ ਪਹੁੰਚ ਗਿਆ। ਬੀ.ਐਸ.ਈ. ’ਤੇ ਇਹ 12.13 ਫ਼ੀਸਦੀ ਵਧ ਕੇ 262.50 ਰੁਪਏ ’ਤੇ ਪਹੁੰਚ ਗਿਆ।
ਕਾਰੋਬਾਰ ਦੌਰਾਨ ਜ਼ੋਮੈਟੋ ਦਾ ਸ਼ੇਅਰ 19 ਫੀ ਸਦੀ ਤੋਂ ਵੱਧ ਚੜ੍ਹ ਕੇ 52 ਹਫਤਿਆਂ ਦੇ ਉੱਚੇ ਪੱਧਰ 278.70 ਰੁਪਏ ਅਤੇ 278.45 ਰੁਪਏ ’ਤੇ ਪਹੁੰਚ ਗਿਆ।
ਜ਼ੋਮੈਟੋ ਨੇ ਸ਼ੇਅਰ ਬਾਜ਼ਾਰ ਨੂੰ ਦਿਤੀ ਜਾਣਕਾਰੀ ’ਚ ਕਿਹਾ ਕਿ ਚਾਲੂ ਵਿੱਤੀ ਸਾਲ 2024-25 ਦੀ ਪਹਿਲੀ ਤਿਮਾਹੀ ’ਚ ਉਸ ਦਾ ਏਕੀਕ੍ਰਿਤ ਸ਼ੁੱਧ ਲਾਭ ਕਈ ਗੁਣਾ ਵਧ ਕੇ 253 ਕਰੋੜ ਰੁਪਏ ਹੋ ਗਿਆ ਹੈ। ਇਕ ਸਾਲ ਪਹਿਲਾਂ ਇਸੇ ਤਿਮਾਹੀ ’ਚ ਕੰਪਨੀ ਦਾ ਸ਼ੁੱਧ ਲਾਭ ਸਿਰਫ 2 ਕਰੋੜ ਰੁਪਏ ਸੀ।
ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ ’ਚ ਕੰਪਨੀ ਦੀ ਸੰਚਾਲਨ ਆਮਦਨ 74 ਫੀ ਸਦੀ ਵਧ ਕੇ 4,206 ਕਰੋੜ ਰੁਪਏ ਹੋ ਗਈ, ਜੋ ਪਿਛਲੇ ਸਾਲ ਅਪ੍ਰੈਲ-ਜੂਨ ’ਚ 2,416 ਕਰੋੜ ਰੁਪਏ ਸੀ। ਸਮੀਖਿਆ ਅਧੀਨ ਤਿਮਾਹੀ ’ਚ ਕੰਪਨੀ ਦਾ ਕੁਲ ਖਰਚ ਵਧ ਕੇ 4,203 ਕਰੋੜ ਰੁਪਏ ਹੋ ਗਿਆ, ਜੋ ਇਕ ਸਾਲ ਪਹਿਲਾਂ ਇਸੇ ਤਿਮਾਹੀ ’ਚ 2,612 ਕਰੋੜ ਰੁਪਏ ਸੀ।