ਦੁਵੱਲੀ ਭਾਈਵਾਲੀ ਅਤੇ ਭਾਰਤੀ ਭਾਈਚਾਰੇ ਦੀ ਭਲਾਈ ਬਾਰੇ ਹੋਈ ਚਰਚਾ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁਕਰਵਾਰ ਨੂੰ ਦੁਬਈ ’ਚ ਸੀ.ਓ.ਪੀ.-28 ਸਿਖਰ ਸੰਮੇਲਨ ਦੌਰਾਨ ਕਤਰ ਦੇ ਅਮੀਰ ਸ਼ੇਖ ਤਮੀਮ ਬਿਨ ਹਮਦ ਅਲ-ਥਾਨੀ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਤੇਲ ਦੇ ਖੂਹਾਂ ਨਾਲ ਅਮੀਰ ਦੇਸ਼ ਵਿਚ ਦੁਵੱਲੀ ਭਾਈਵਾਲੀ ਅਤੇ ਭਾਰਤੀ ਭਾਈਚਾਰੇ ਦੀ ਭਲਾਈ ਬਾਰੇ ਚਰਚਾ ਕੀਤੀ।
ਇਹ ਬੈਠਕ ਮਹੱਤਵਪੂਰਨ ਸੀ ਕਿਉਂਕਿ ਭਾਰਤੀ ਸਮੁੰਦਰੀ ਫ਼ੌਜ ਦੇ ਅੱਠ ਸਾਬਕਾ ਮੁਲਾਜ਼ਮਾਂ ਨੂੰ ਕਤਰ ਦੀ ਇਕ ਅਦਾਲਤ ਨੇ 26 ਅਕਤੂਬਰ ਨੂੰ ਮੌਤ ਦੀ ਸਜ਼ਾ ਸੁਣਾਈ ਸੀ ਅਤੇ ਕਿਹਾ ਜਾਂਦਾ ਹੈ ਕਿ ਭਾਰਤ ਸਰਕਾਰ ਨੇ ਸਜ਼ਾ ਵਿਰੁਧ ਅਪੀਲ ਦਾਇਰ ਕੀਤੀ ਸੀ।
ਪ੍ਰਧਾਨ ਮੰਤਰੀ ਨੇ ਟਵੀਟ ਕੀਤਾ, ‘‘ਕੱਲ੍ਹ ਦੁਬਈ ’ਚ ਸੀ.ਓ.ਪੀ. 28 ਸਿਖਰ ਸੰਮੇਲਨ ਦੌਰਾਨ ਕਤਰ ਦੇ ਅਮੀਰ ਸ਼ੇਖ ਤਮੀਮ ਬਿਨ ਹਮਦ ਨਾਲ ਮੁਲਾਕਾਤ ਕਰਨ ਦਾ ਮੌਕਾ ਮਿਲਿਆ।’’ ਉਨ੍ਹਾਂ ਕਿਹਾ, ‘‘ਅਸੀਂ ਦੁਵੱਲੀ ਭਾਈਵਾਲੀ ਦੀਆਂ ਸੰਭਾਵਨਾਵਾਂ ਅਤੇ ਕਤਰ ਵਿਚ ਭਾਰਤੀ ਭਾਈਚਾਰੇ ਦੀ ਭਲਾਈ ’ਤੇ ਚੰਗੀ ਚਰਚਾ ਕੀਤੀ।’’
ਨਿੱਜੀ ਫਰਮ ਅਲ ਦਾਹਰਾ ਲਈ ਕੰਮ ਕਰਨ ਵਾਲੇ ਭਾਰਤੀ ਨਾਗਰਿਕਾਂ ਨੂੰ ਪਿਛਲੇ ਸਾਲ ਅਗੱਸਤ ’ਚ ਕਥਿਤ ਜਾਸੂਸੀ ਦੇ ਮਾਮਲੇ ’ਚ ਗਿ੍ਰਫਤਾਰ ਕੀਤਾ ਗਿਆ ਸੀ। ਨਾ ਤਾਂ ਕਤਰ ਦੇ ਅਧਿਕਾਰੀਆਂ ਅਤੇ ਨਾ ਹੀ ਭਾਰਤ ਨੇ ਭਾਰਤੀ ਨਾਗਰਿਕਾਂ ਵਿਰੁਧ ਦੋਸ਼ਾਂ ਨੂੰ ਜਨਤਕ ਕੀਤਾ ਹੈ। ਭਾਰਤ ਨੇ ਕਤਰ ਦੀ ਅਦਾਲਤ ਦੇ ਫੈਸਲੇ ਨੂੰ ਬਹੁਤ ਹੈਰਾਨ ਕਰਨ ਵਾਲਾ ਦਸਿਆ ਸੀ ਅਤੇ ਇਸ ਮਾਮਲੇ ’ਚ ਹਰ ਕਾਨੂੰਨੀ ਬਦਲ ਤਲਾਸ਼ਣ ਦੀ ਗੱਲ ਕੀਤੀ ਸੀ।