ਇਹ ਰੇਲ ਲਾਈਨ ਆਰਥਕ ਵਿਕਾਸ, ਨਿਰਮਾਣ, ਧਾਰਮਕ ਸੈਰ-ਸਪਾਟਾ ਅਤੇ ਸਭਿਆਚਾਰਕ ਗਤੀਵਿਧੀਆਂ ਨੂੰ ਹੁਲਾਰਾ ਦੇਵੇਗੀ : ਰੇਲ ਮੰਤਰੀ ਅਸ਼ਵਨੀ ਵੈਸ਼ਣਵ
ਇੰਦੌਰ (ਮੱਧ ਪ੍ਰਦੇਸ਼): ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਣਵ ਨੇ ਮੰਗਲਵਾਰ ਨੂੰ ਇੰਦੌਰ-ਮਨਮਾੜ ਰੇਲ ਲਾਈਨ ਪ੍ਰਾਜੈਕਟ ਨੂੰ ਪੂਰੇ ਦੇਸ਼ ਲਈ ਫ਼ਾਇਦੇਮੰਦ ਕਰਾਰ ਦਿੰਦਿਆਂ ਕਿਹਾ ਕਿ ਪ੍ਰਸਤਾਵਿਤ ਰੇਲ ਲਾਈਨ ਨੇਪਾਲ ਦੇ ਨਾਲ ਲਗਦੇ ਭਾਰਤੀ ਖੇਤਰਾਂ ਤੋਂ ਮੁੰਬਈ ਦੇ ਜਵਾਹਰ ਲਾਲ ਨਹਿਰੂ ਬੰਦਰਗਾਹ ਤਕ ਮਾਲ ਦੀ ਢੋਆ-ਢੁਆਈ ਵਿਚ ਵੀ ਮਦਦ ਕਰੇਗੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਆਰਥਕ ਮਾਮਲਿਆਂ ਦੀ ਕੈਬਨਿਟ ਕਮੇਟੀ (ਸੀ.ਸੀ.ਈ.ਏ.) ਨੇ ਲਗਭਗ 18,036 ਕਰੋੜ ਰੁਪਏ ਦੀ ਲਾਗਤ ਵਾਲੇ 309 ਕਿਲੋਮੀਟਰ ਲੰਮੇ ਰੇਲ ਲਾਈਨ ਪ੍ਰਾਜੈਕਟ ਨੂੰ ਮਨਜ਼ੂਰੀ ਦੇ ਦਿਤੀ ਹੈ।
ਮੱਧ ਪ੍ਰਦੇਸ਼ ਦੀ ਵਿੱਤੀ ਰਾਜਧਾਨੀ ਇੰਦੌਰ ਨੂੰ ਮਹਾਰਾਸ਼ਟਰ ਦੇ ਮਨਮਾਡ ਨਾਲ ਜੋੜਨ ਵਾਲਾ ਇਹ ਪ੍ਰਾਜੈਕਟ ਕਈ ਸਾਲਾਂ ਤੋਂ ਰੁਕਿਆ ਹੋਇਆ ਸੀ। ਦੋਹਾਂ ਸੂਬਿਆਂ ’ਚ ਸਿਆਸੀ ਤੌਰ ’ਤੇ ਮਹੱਤਵਪੂਰਨ ਮੰਨੇ ਜਾਣ ਵਾਲੇ ਇਸ ਪ੍ਰਾਜੈਕਟ ਨੂੰ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹਰੀ ਝੰਡੀ ਦੇ ਦਿਤੀ ਗਈ ਹੈ।
ਉਨ੍ਹਾਂ ਕਿਹਾ, ‘‘ਇਹ ਰੇਲ ਲਾਈਨ ਆਰਥਕ ਵਿਕਾਸ, ਨਿਰਮਾਣ, ਧਾਰਮਕ ਸੈਰ-ਸਪਾਟਾ ਅਤੇ ਸਭਿਆਚਾਰਕ ਗਤੀਵਿਧੀਆਂ ਨੂੰ ਹੁਲਾਰਾ ਦੇਵੇਗੀ। ਵੈਸ਼ਣਵ ਨੇ ਕਿਹਾ ਕਿ ਇਸ ਰੇਲ ਲਾਈਨ ’ਤੇ ਰੇਲ ਗੱਡੀਆਂ 160 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਚੱਲ ਸਕਣਗੀਆਂ, ਜਿਸ ਨਾਲ ਮੰਜ਼ਿਲਾਂ ਵਿਚਕਾਰ ਯਾਤਰਾ ਦਾ ਸਮਾਂ ਬਹੁਤ ਘੱਟ ਹੋ ਜਾਵੇਗਾ।’’
ਰੇਲ ਲਾਈਨ ਦੇ ਚਾਲੂ ਹੋਣ ਤੋਂ ਬਾਅਦ 1,380 ਮਿਲੀਅਨ ਕਿਲੋਗ੍ਰਾਮ ਕਾਰਬਨ ਡਾਈਆਕਸਾਈਡ ਨੂੰ ਘਟਾਉਣ ’ਚ ਮਦਦ ਮਿਲੇਗੀ ਜੋ ਕਿ 5.50 ਕਰੋੜ ਰੁੱਖ ਲਗਾਉਣ ਦੇ ਬਰਾਬਰ ਹੈ।’’