ਟਾਵਰਾਂ ਦੀ ਭੰਨਤੋੜ ਖਿਲਾਫ ਰਿਲਾਇੰਸ ਵੱਲੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਰਿੱਟ ਪਟੀਸ਼ਨ ਦਾਇਰ
ਨਵੀਂ ਦਿੱਲੀ: ਖੇਤੀ ਕਾਨੂੰਨ ਲਾਗੂ ਹੋਣ ਤੋਂ ਬਾਅਦ ਵੱਡੇ ਪੱਧਰ ‘ਤੇ ਰਿਲਾਇੰਸ ਜੀਓ ਦਾ ਵਿਰੋਧ ਹੋ ਰਿਹਾ ਹੈ। ਇਸ ਦੇ ਚਲਦਿਆਂ ਰਿਲਾਇੰਸ ਇੰਡਸਟਰੀਜ਼ ਨੇ ਅਪਣਾ ਪੱਖ ਸਾਹਮਣੇ ਰੱਖਿਆ ਹੈ। ਰਿਲਾਇੰਸ ਦਾ ਕਹਿਣਾ ਹੈ ਕਿ ਸਾਡਾ ਕਾਰਪੋਰੇਟ ਫਾਰਮਿੰਗ ਜਾਂ ਕੰਟਰੈਕਟ ਫਾਰਮਿੰਗ ਨਾਲ ਕੋਈ ਲੈਣਾ ਦੇਣਾ ਨਹੀਂ ਹੈ।
ਰਿਲਾਇੰਸ ਨੇ ਕਿਹਾ, ‘ਕਾਰਪੋਰੇਟ ਜਾਂ ਕੰਟਰੈਕਟ ਫਾਰਮਿੰਗ ਵਿਚ ਦਾਖਲ ਹੋਣ ਦੀ ਸਾਡੀ ਕੋਈ ਯੋਜਨਾ ਨਹੀਂ ਹੈ’। ਕੰਪਨੀ ਨੇ ਇਕ ਬਿਆਨ ਜਾਰੀ ਕਰਕੇ ਕਿਹਾ ਕਿ, ‘ਅਸੀਂ ਕਦੀ ਵੀ ਕਾਰਪੋਰੇਟ ਫਾਰਮਿੰਗ ਲਈ ਖੇਤੀ ਦੀ ਜ਼ਮੀਨ ਨਹੀਂ ਖਰੀਦੀ ਹੈ’। ਕੰਪਨੀ ਨੇ ਇਹ ਵੀ ਕਿਹਾ ਕਿ ਉਹ ਭਵਿੱਖ ਵਿਚ ਵੀ ਖੇਤੀ ਦੀ ਜ਼ਮੀਨ ਨਹੀਂ ਖਰੀਦੇਗੀ।
ਸੋਮਵਾਰ ਨੂੰ ਜਾਰੀ ਬਿਆਨ ਵਿਚ ਰਿਲਾਇੰਸ ਨੇ ਕਿਹਾ ਕਿ ਉਹ ਕਦੀ ਵੀ ਕਿਸਾਨਾਂ ਕੋਲੋਂ ਸਿੱਧਾ ਅਨਾਜ ਨਹੀਂ ਖਰੀਦੇਗੀ। ਕੰਪਨੀ ਦਾ ਕਹਿਣਾ ਹੈ ਕਿ ਉਹਨਾਂ ਨੇ ਅਨਾਜ ਦੀ ਖਰੀਦ ਲਈ ਕਦੀ ਵੀ ਕਿਸਾਨਾਂ ਨਾਲ ਕਰਾਰ ਨਹੀਂ ਕੀਤਾ ਤੇ ਨਾ ਹੀ ਕਰੇਗੀ। ਰਿਲਾਇੰਸ ਦਾ ਕਹਿਣਾ ਹੈ ਕਿ ਉਹਨਾਂ ਦਾ ਮਕਸਦ ਕਿਸਾਨ ਨੂੰ ਤਾਕਤਵਰ ਬਣਾਉਣਾ ਹੈ।
ਇਸ ਤੋਂ ਇਲਾਵਾ ਰਿਲਾਇੰਸ ਨੇ ਪੰਜਾਬ ਵਿਚ ਟਾਵਰਾਂ ਦੀ ਕੀਤੀ ਗਈ ਭੰਨਤੋੜ ਖਿਲਾਫ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਇਕ ਰਿੱਟ ਪਟੀਸ਼ਨ ਦਾਇਰ ਕੀਤੀ ਹੈ। ਰਿਲਾਇੰਸ ਨੇ ਕਿਹਾ ਕਿ ਉਸ ਨੇ ਅਪਣੇ ਕਰਮਚਾਰੀਆਂ ਅਤੇ ਜਾਇਦਾਦ ਨੂੰ ਨੁਕਸਾਨ ਤੋਂ ਬਚਾਉਣ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਅਪੀਲ ਕੀਤੀ ਹੈ। ਕੰਪਨੀ ਨੇ ਇਹ ਵੀ ਕਿਹਾ ਹੈ ਕਿ ਇਸ ਭੰਨਤੋੜ ਪਿੱਛੇ ਕਾਰੋਬਾਰੀ ਮੁਕਾਬਲੇਬਾਜ਼ਾਂ ਦਾ ਹੱਥ ਹੈ।