
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਪਣੀ ਸਰਕਾਰ ਦੀ ਕਿਸਾਨ ਆਮਦਨ ਯੋਜਨਾ ਦੀ ਆਲੋਚਨਾ ਕਰਨ 'ਤੇ ਵਿਰੋਧੀ ਪਾਰਟੀਆਂ ਨੂੰ ਲੰਮੇ ਹੱਥੀਂ ਲੈਂਦਿਆਂ ਕਿਹਾ ਹੈ ਕਿ.....
ਲੇਹ/ਨਿਊਯਾਰਕ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਪਣੀ ਸਰਕਾਰ ਦੀ ਕਿਸਾਨ ਆਮਦਨ ਯੋਜਨਾ ਦੀ ਆਲੋਚਨਾ ਕਰਨ 'ਤੇ ਵਿਰੋਧੀ ਪਾਰਟੀਆਂ ਨੂੰ ਲੰਮੇ ਹੱਥੀਂ ਲੈਂਦਿਆਂ ਕਿਹਾ ਹੈ ਕਿ ਦਿੱਲੀ 'ਚ ਏ.ਸੀ. ਕਮਰਿਆਂ 'ਚ ਬੈਠੇ ਲੋਕ ਦੂਰ-ਦੁਰਾਡੇ ਅਤੇ ਮੁਸ਼ਕਲ ਇਲਾਕਿਆਂ 'ਚ ਰਹਿਣ ਵਾਲੇ ਗ਼ਰੀਬ ਕਿਸਾਨਾਂ ਲਈ 6000 ਰੁਪਏ ਦੇ ਮਹੱਤਵ ਨੂੰ ਨਹੀਂ ਜਾਣਦੇ। ਉਧਰ ਕੇਂਦਰੀ ਮੰਤਰੀ ਅਰੁਣ ਜੇਤਲੀ ਨੇ ਵੀ ਅੱਜ ਸੰਕੇਤ ਦਿਤਾ ਹੈ ਕਿ ਕਿਸਾਨਾਂ ਨੂੰ ਸਾਲਾਨਾ 6000 ਰੁਪਏ ਦੀ ਘੱਟੋ-ਘੱਟ ਸਹਾਇਤਾ ਰਕਮ ਨੂੰ ਭਵਿੱਖ 'ਚ ਵਧਾਇਆ ਜਾ ਸਕਦਾ ਹੈ।
ਕੇਂਦਰ ਸਰਕਾਰ ਨੇ ਆਮ ਚੋਣਾਂ ਤੋਂ ਪਹਿਲਾਂ ਕਿਸਾਨਾਂ ਨੂੰ ਖ਼ੁਸ਼ ਕਰਨ ਲਈ ਅੰਤਰਿਮ ਬਜਟ 'ਚ ਐਲਾਨ ਕੀਤਾ ਹੈ ਕਿ ਦੋ ਏਕੜ ਤਕ ਜ਼ਮੀਨ ਰੱਖਣ ਵਾਲੇ ਕਿਸਾਨਾਂ ਨੂੰ ਹਰ ਸਾਲ 6000 ਰੁਪਏ ਦਿਤੇ ਜਾਣਗੇ। ਕਈ ਯੋਜਨਾਵਾਂ ਦੇ ਉਦਘਾਟਨ ਅਤੇ ਨੀਂਹ ਪੱਥਰ ਰੱਖਣ ਲਈ ਲੇਹ ਆਏ ਮੋਦੀ ਨੇ ਕਿਹਾ ਕਿ ਇਸ ਦਾ ਲਾਭ ਲੇਹ ਲੱਦਾਖ ਨੂੰ ਵੀ ਮਿਲੇਗਾ। ਉਨ੍ਹਾਂ ਕਿਹਾ, ''ਇੱਥੇ ਜ਼ਿਆਦਾਤਰ ਕਿਸਾਨ ਇਸ ਮਾਨਦੰਡ ਨੂੰ ਪੂਰਾ ਕਰਦੇ ਹਨ ਅਤੇ ਉਨ੍ਹਾਂ ਨੂੰ ਸਾਲਾਨਾ 6000 ਰੁਪਏ ਮਿਲਣਗੇ। ਤਿੰਨ ਕਿਸਤਾਂ 'ਚ ਇਹ ਰਕਮ ਦਿਤੀ ਜਾਵੇਗੀ ਅਤੇ ਪਹਿਲੀ ਕਿਸਤ ਛੇਤੀ ਪਹੁੰਚੇਗੀ। ਮੈਂ ਐਤਵਾਰ ਨੂੰ ਸੂਬਾ ਸਰਕਾਰ ਨੂੰ ਹੁਕਮ ਭੇਜਾਂਗਾ।''
ਨਿਊਯਾਰਕ ਤੋਂ ਇਕ ਇੰਟਰਵਿਊ 'ਚ ਜੇਤਲੀ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਭਰੋਸਾ ਹੈ ਕਿ ਜਦੋਂ ਸਰਕਾਰ ਦੇ ਸਰੋਤ ਵਧਣਗੇ ਤਾਂ ਇਸ ਰਕਮ ਨੂੰ ਵੀ ਵਧਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਅਗਵਾਈ ਵਲੀ ਯੂ.ਪੀ.ਏ. ਸਰਕਾਰ 'ਚ ਪੀ. ਚਿਦੰਬਰਮ ਨੇ 70 ਹਜ਼ਾਰ ਕਰੋੜ ਰੁਪਏ ਦਾ ਖੇਤੀ ਕਰਜ਼ਾ ਮਾਫ਼ ਕਰਨ ਦਾ ਐਲਾਨ ਕੀਤਾ ਸੀ ਪਰ ਅਸਲ 'ਚ ਸਿਰਫ਼ 52 ਹਜ਼ਾਰ ਕਰੋੜ ਰੁਪਏ ਵੰਡੇ ਗਏ। ਉਨ੍ਹਾਂ ਕਿਹਾ, '' 12 ਕਰੋੜ ਛੋਟੇ ਕਿਸਾਨਾਂ ਨੂੰ ਹਰ ਸਾਲ 6000 ਰੁਪਏ ਵੰਡੇ ਜਾਣਗੇ। ਅਸੀਂ 75,000 ਕਰੋੜ ਰੁਪਏ ਸਾਲਾਨਾ ਤੋਂ ਸ਼ੁਰੂਆਤ ਕੀਤੀ ਹੈ। ਜੇਕਰ ਸੂਬਾ ਸਰਕਾਰਾਂ ਵੀ ਇਸ 'ਚ ਕੁੱਝ ਜੋੜਦੀਆਂ ਹਨ ਤਾਂ ਇਹ ਰਕਮ ਹੋਰ ਵਧੇਗੀ।'' ਜੇਤਲੀ ਨਿਊਯਾਰਕ ਇਲਾਜ ਕਰਵਾਉਣ ਲਈ ਆਏ ਹਨ। ਉਨ੍ਹਾਂ ਸੰਕੇਤ ਦਿਤਾ ਹੈ ਕਿ ਉਹ ਬਜਟ 'ਤੇ ਚਰਚਾ ਦਾ ਜਵਾਬ ਦੇਣ ਲਈ ਭਾਰਤ ਨਹੀਂ ਆਉਣਗੇ। (ਪੀਟੀਆਈ)