
ਤਨਜ਼ਾਨੀਆ ਨੂੰ 30,000 ਟਨ ਗੈਰ-ਬਾਸਮਤੀ ਚਿੱਟੇ ਚੌਲ ਨਿਰਯਾਤ ਕਰਨ ਦੀ ਵੀ ਮਨਜ਼ੂਰੀ
ਨਵੀਂ ਦਿੱਲੀ: ਭਾਰਤ ਸਰਕਾਰ ਨੇ ਨੈਸ਼ਨਲ ਕੋਆਪਰੇਟਿਵ ਐਕਸਪੋਰਟਸ ਲਿਮਟਿਡ (ਐੱਨ.ਸੀ.ਈ.ਐੱਲ.) ਰਾਹੀਂ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਅਤੇ ਬੰਗਲਾਦੇਸ਼ ਨੂੰ 64,400 ਟਨ ਪਿਆਜ਼ ਦਾ ਨਿਰਯਾਤ ਕਰਨ ਦੀ ਇਜਾਜ਼ਤ ਦੇ ਦਿਤੀ ਹੈ। ਵਣਜ ਮੰਤਰਾਲੇ ਨੇ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿਤਾ ਹੈ।
50,000 ਟਨ ਪਿਆਜ਼ ਬੰਗਲਾਦੇਸ਼ ਨੂੰ ਨਿਰਯਾਤ ਕਰਨ ਦੀ ਇਜਾਜ਼ਤ ਦਿਤੀ ਗਈ ਹੈ, ਜਦਕਿ 14,400 ਟਨ ਯੂ.ਏ.ਈ. ਨੂੰ ਨਿਰਯਾਤ ਕੀਤਾ ਜਾਵੇਗਾ। ਵਿਦੇਸ਼ ਵਪਾਰ ਡਾਇਰੈਕਟੋਰੇਟ ਜਨਰਲ (ਡੀ.ਜੀ.ਐਫ.ਟੀ.) ਨੇ ਇਕ ਨੋਟੀਫਿਕੇਸ਼ਨ ਵਿਚ ਕਿਹਾ ਕਿ ਐਨ.ਸੀ.ਈ.ਐਲ. ਰਾਹੀਂ ਸੰਯੁਕਤ ਅਰਬ ਅਮੀਰਾਤ ਨੂੰ ਤਿਮਾਹੀ 3,600 ਟਨ ਦੀ ਹੱਦ ਦੇ ਨਾਲ 14,400 ਟਨ ਪਿਆਜ਼ ਦੇ ਨਿਰਯਾਤ ਨੂੰ ਨੋਟੀਫਾਈ ਕਰ ਦਿਤਾ ਗਿਆ ਹੈ। ਡੀ.ਜੀ.ਐਫ.ਟੀ. ਇਕ ਵਣਜ ਮੰਤਰਾਲੇ ਦੀ ਇਕਾਈ ਹੈ ਜੋ ਆਯਾਤ ਅਤੇ ਨਿਰਯਾਤ ਨਾਲ ਸਬੰਧਤ ਮਾਪਦੰਡਾਂ ਦੀ ਦੇਖਭਾਲ ਕਰਦੀ ਹੈ।
ਹਾਲਾਂਕਿ ਪਿਆਜ਼ ਦੇ ਨਿਰਯਾਤ ’ਤੇ ਪਾਬੰਦੀ ਹੈ, ਪਰ ਸਰਕਾਰ ਕੁੱਝ ਮਿੱਤਰ ਦੇਸ਼ਾਂ ਨੂੰ ਕੁੱਝ ਮਾਤਰਾ ’ਚ ਇਸ ਦੇ ਨਿਰਯਾਤ ਦੀ ਇਜਾਜ਼ਤ ਦਿੰਦੀ ਹੈ। ਇਸ ਨਿਰਯਾਤ ਦੀ ਇਜਾਜ਼ਤ ਸਰਕਾਰ ਵਲੋਂ ਦੂਜੇ ਦੇਸ਼ਾਂ ਤੋਂ ਪ੍ਰਾਪਤ ਬੇਨਤੀਆਂ ਦੇ ਅਧਾਰ ’ਤੇ ਦਿਤੀ ਜਾਂਦੀ ਹੈ।
ਇਸ ਤੋਂ ਇਲਾਵਾ ਸਰਕਾਰ ਨੇ ਤਨਜ਼ਾਨੀਆ ਨੂੰ 30,000 ਟਨ ਗੈਰ-ਬਾਸਮਤੀ ਚਿੱਟੇ ਚੌਲ ਅਤੇ ਜਿਬੂਤੀ ਅਤੇ ਗਿਨੀ-ਬਿਸਾਊ ਨੂੰ 80,000 ਟਨ ਟੁੱਟੇ ਚੌਲ ਨਿਰਯਾਤ ਕਰਨ ਦੀ ਮਨਜ਼ੂਰੀ ਦੇ ਦਿਤੀ ਹੈ। ਵਿਦੇਸ਼ ਵਪਾਰ ਡਾਇਰੈਕਟੋਰੇਟ ਜਨਰਲ (ਡੀ.ਜੀ.ਐਫ.ਟੀ.) ਨੇ ਇਕ ਨੋਟੀਫਿਕੇਸ਼ਨ ਵਿਚ ਕਿਹਾ ਕਿ ਕੌਮੀ ਸਹਿਕਾਰੀ ਨਿਰਯਾਤ ਲਿਮਟਿਡ (ਐਨ.ਸੀ.ਈ.ਪੀ.ਐਲ.) ਨੂੰ ਕੰਪਨੀ ਲਈ ਬੰਦ ਕਰ ਦਿਤਾ ਗਿਆ ਹੈ। ਇਸ ਨੂੰ ਐਨ.ਸੀ.ਈ.ਐਲ. ਰਾਹੀਂ ਨਿਰਯਾਤ ਕੀਤਾ ਜਾਵੇਗਾ।
ਹਾਲਾਂਕਿ ਘਰੇਲੂ ਸਪਲਾਈ ਵਧਾਉਣ ਲਈ 20 ਜੁਲਾਈ 2023 ਤੋਂ ਗੈਰ-ਬਾਸਮਤੀ ਚਿੱਟੇ ਚੌਲ ਦੇ ਨਿਰਯਾਤ ’ਤੇ ਪਾਬੰਦੀ ਹੈ, ਪਰ ਸਰਕਾਰ ਬੇਨਤੀ ਦੇ ਅਧਾਰ ’ਤੇ ਕੁੱਝ ਦੇਸ਼ਾਂ ਨੂੰ ਉਨ੍ਹਾਂ ਦੀਆਂ ਖੁਰਾਕ ਸੁਰੱਖਿਆ ਜ਼ਰੂਰਤਾਂ ਲਈ ਨਿਰਯਾਤ ਦੀ ਇਜਾਜ਼ਤ ਦਿੰਦੀ ਹੈ। ਤਨਜ਼ਾਨੀਆ ਪੂਰਬੀ ਅਫਰੀਕੀ ਦੇਸ਼ ਹੈ ਜਦਕਿ ਜਿਬੂਤੀ ਅਫਰੀਕੀ ਮਹਾਂਦੀਪ ਦੇ ਉੱਤਰ-ਪੂਰਬੀ ਤੱਟ ’ਤੇ ਹੈ। ਗਿਨੀ-ਬਿਸਾਊ ਪਛਮੀ ਅਫਰੀਕਾ ਦਾ ਇਕ ਦੇਸ਼ ਹੈ। ਨੋਟੀਫਿਕੇਸ਼ਨ ਅਨੁਸਾਰ ਜਿਬੂਤੀ ਨੂੰ 30,000 ਟਨ ਅਤੇ ਗਿਨੀ ਬਿਸਾਊ ਨੂੰ 50,000 ਟਨ ਟੁੱਟੇ ਹੋਏ ਚੌਲ ਨਿਰਯਾਤ ਕਰਨ ਦੀ ਇਜਾਜ਼ਤ ਦਿਤੀ ਗਈ ਹੈ। ਭਾਰਤ ਪਹਿਲਾਂ ਹੀ ਨੇਪਾਲ, ਕੈਮਰੂਨ, ਕੋਟ ਡੀ ਆਈਵਰ, ਗਿਨੀ, ਮਲੇਸ਼ੀਆ, ਫਿਲੀਪੀਨਜ਼ ਅਤੇ ਸੇਸ਼ੇਲਜ਼ ਵਰਗੇ ਦੇਸ਼ਾਂ ਨੂੰ ਇਸ ਦੇ ਨਿਰਯਾਤ ਦੀ ਆਗਿਆ ਦੇ ਚੁੱਕਾ ਹੈ।