
20 ਮਈ, 2022 ਤੋਂ ਬਾਅਦ ਸੈਂਸੈਕਸ ਲਈ ਇਕ ਦਿਨ ’ਚ ਸਭ ਤੋਂ ਵੱਡੀ ਤੇਜ਼ੀ
After Elections Result Boom in Stock Market Mumbai: ਤਿੰਨ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ’ਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਜਿੱਤ ਤੋਂ ਉਤਸ਼ਾਹਿਤ ਘਰੇਲੂ ਸ਼ੇਅਰ ਬਾਜ਼ਾਰ ਸੋਮਵਾਰ ਨੂੰ ਲਗਾਤਾਰ ਪੰਜਵੇਂ ਕਾਰੋਬਾਰੀ ਸੈਸ਼ਨ ’ਚ ਤੇਜ਼ੀ ਨਾਲ ਬੰਦ ਹੋਇਆ ਅਤੇ ਬੀ.ਐੱਸ.ਈ. ਸੈਂਸੈਕਸ 1,384 ਅੰਕਾਂ ਦੇ ਜ਼ਬਰਦਸਤ ਉਛਾਲ ਨਾਲ ਰੀਕਾਰਡ ਪੱਧਰ ’ਤੇ ਬੰਦ ਹੋਇਆ। ਇਸ ਤੇਜ਼ੀ ਦੇ ਵਿਚਕਾਰ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਵੀ ਹੁਣ ਤਕ ਦੇ ਸਭ ਤੋਂ ਉੱਚੇ ਪੱਧਰ ’ਤੇ ਪਹੁੰਚ ਗਿਆ।
ਵਿਸ਼ਲੇਸ਼ਕਾਂ ਮੁਤਾਬਕ ਮੱਧ ਪ੍ਰਦੇਸ਼, ਰਾਜਸਥਾਨ ਅਤੇ ਛੱਤੀਸਗੜ੍ਹ ਵਿਧਾਨ ਸਭਾ ਚੋਣਾਂ ’ਚ ਭਾਜਪਾ ਦੇ ਸਪੱਸ਼ਟ ਬਹੁਮਤ ਨੇ ਪਿਛਲੇ ਹਫਤੇ ਬਿਹਤਰ ਜੀ.ਡੀ.ਪੀ. ਅਤੇ ਹੋਰ ਮਹੱਤਵਪੂਰਨ ਆਰਥਕ ਅੰਕੜਿਆਂ ਨਾਲ ਪੈਦਾ ਹੋਈ ਸਕਾਰਾਤਮਕ ਭਾਵਨਾ ਨੂੰ ਮਜ਼ਬੂਤ ਕੀਤਾ ਹੈ। ਇਸ ਤੋਂ ਇਲਾਵਾ ਕੱਚੇ ਤੇਲ ਦੀਆਂ ਕੀਮਤਾਂ 80 ਡਾਲਰ ਪ੍ਰਤੀ ਬੈਰਲ ਤੋਂ ਹੇਠਾਂ ਆਉਣ ਨਾਲ ਵੀ ਨਿਵੇਸ਼ਕਾਂ ਦੀ ਧਾਰਨਾ ਨੂੰ ਹੁਲਾਰਾ ਮਿਲਿਆ।
ਮੁੰਬਈ ਸ਼ੇਅਰ ਬਾਜ਼ਾਰ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 1,383.93 ਅੰਕ ਯਾਨੀ 2.05 ਫੀ ਸਦੀ ਦੀ ਤੇਜ਼ੀ ਨਾਲ 68,865.12 ਅੰਕ ’ਤੇ ਬੰਦ ਹੋਇਆ। ਕਾਰੋਬਾਰ ਦੇ ਦੌਰਾਨ ਇਹ 68,918.22 ਦੇ ਉੱਚ ਪੱਧਰ ’ਤੇ ਪਹੁੰਚ ਗਿਆ। ਇਹ 20 ਮਈ, 2022 ਤੋਂ ਬਾਅਦ ਸੈਂਸੈਕਸ ਲਈ ਇਕ ਦਿਨ ਵਿਚ ਸਭ ਤੋਂ ਵੱਡੀ ਤੇਜ਼ੀ ਹੈ।
ਨੈਸ਼ਨਲ ਸਟਾਕ ਐਕਸਚੇਂਜ ਦਾ ਇੰਡੈਕਸ ਇੰਡੈਕਸ ਨਿਫਟੀ ਵੀ 418.90 ਅੰਕ ਯਾਨੀ 2.07 ਅੰਕ ਦੀ ਤੇਜ਼ੀ ਨਾਲ 20,686.80 ਅੰਕ ਦੇ ਹੁਣ ਤਕ ਦੇ ਸਭ ਤੋਂ ਉੱਚੇ ਪੱਧਰ ’ਤੇ ਬੰਦ ਹੋਇਆ
ਨਿਫਟੀ ਦੇ 50 ਸ਼ੇਅਰਾਂ ’ਚੋਂ 44 ਸ਼ੇਅਰਾਂ ’ਚ ਤੇਜ਼ੀ ਦਰਜ ਕੀਤੀ ਗਈ। ਸੈਂਸੈਕਸ ’ਚ ਆਈ.ਸੀ.ਆਈ.ਸੀ.ਆਈ. ਬੈਂਕ ਅਤੇ ਐਸ.ਬੀ.ਆਈ. ਕ੍ਰਮਵਾਰ 4.68 ਫ਼ੀ ਸਦੀ ਅਤੇ 3.99 ਫ਼ੀ ਸਦੀ ਵਧੇ। ਇਸ ਤੋਂ ਇਲਾਵਾ ਲਾਰਸਨ ਐਂਡ ਟੂਬਰੋ, ਕੋਟਕ ਮਹਿੰਦਰਾ ਬੈਂਕ ਅਤੇ ਐਚ.ਡੀ.ਐਫ.ਸੀ. ਬੈਂਕ ਦੇ ਸ਼ੇਅਰਾਂ ’ਚ ਵੀ ਵਾਧਾ ਦਰਜ ਕੀਤਾ ਗਿਆ। ਦੂਜੇ ਪਾਸੇ ਵਿਪਰੋ ਅਤੇ ਟਾਟਾ ਮੋਟਰਜ਼ ਦੇ ਸ਼ੇਅਰਾਂ ’ਚ ਗਿਰਾਵਟ ਦਰਜ ਕੀਤੀ ਗਈ।
ਜੀਓਜੀਤ ਫਾਈਨੈਂਸ਼ੀਅਲ ਸਰਵਿਸਿਜ਼ ਦੇ ਖੋਜ ਮੁਖੀ ਵਿਨੋਦ ਨਾਇਰ ਨੇ ਕਿਹਾ, ‘‘ਤਿੰਨਾਂ ਸੂਬਿਆਂ ’ਚ ਭਾਜਪਾ ਦੀ ਸ਼ਾਨਦਾਰ ਜਿੱਤ ਨਾਲ ਦੋਵੇਂ ਬੈਂਚਮਾਰਕ ਸੂਚਕ ਅੰਕ ਰੀਕਾਰਡ ਪੱਧਰ ’ਤੇ ਬੰਦ ਹੋਏ। ਬਾਜ਼ਾਰ ’ਚ ਤੇਜ਼ੀ ਦਾ ਕਾਰਨ ਇਹ ਸੰਕੇਤ ਵੀ ਹੈ ਕਿ ਅਗਲੇ ਸਾਲ ਹੋਣ ਵਾਲੀਆਂ ਆਮ ਚੋਣਾਂ ’ਚ ਦੇਸ਼ ’ਚ ਸਥਿਰ ਸਰਕਾਰ ਬਣੇਗੀ।’’ ਨਾਇਰ ਨੇ ਕਿਹਾ, ‘‘ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਦੇ ਨਿਰੰਤਰ ਪ੍ਰਵਾਹ ਦੀ ਉਮੀਦ ਨਾਲ ਸਾਰੇ ਖੇਤਰ ਉਤਸ਼ਾਹਿਤ ਰਹੇ। ਦੁਨੀਆ ਦੇ ਹੋਰ ਦੇਸ਼ਾਂ ਵਿਚ ਮਹਿੰਗਾਈ ’ਤੇ ਸਕਾਰਾਤਮਕ ਬਿਆਨ ਅਤੇ ਸਥਿਰ ਘਰੇਲੂ ਮੈਕਰੋ-ਆਰਥਿਕ ਅੰਕੜਿਆਂ ਨੇ ਵੀ ਬਾਜ਼ਾਰ ਨੂੰ ਸਮਰਥਨ ਦਿਤਾ।’’
ਏਸ਼ੀਆ ਦੇ ਹੋਰ ਬਾਜ਼ਾਰਾਂ ’ਚ ਹਾਂਗਕਾਂਗ ਦਾ ਹੈਂਗਸੇਂਗ, ਜਾਪਾਨ ਦਾ ਨਿੱਕੇਈ ਅਤੇ ਸ਼ੰਘਾਈ ਕੰਪੋਜ਼ਿਟ ਇੰਡੈਕਸ ਗਿਰਾਵਟ ’ਚ ਬੰਦ ਹੋਏ। ਯੂਰਪ ਦੇ ਪ੍ਰਮੁੱਖ ਬਾਜ਼ਾਰਾਂ ਵਿਚ ਜਰਮਨੀ ਅਤੇ ਫਰਾਂਸ ਵਿਚ ਤੇਜ਼ੀ ਆਈ, ਜਦੋਂ ਕਿ ਲੰਡਨ ਗਿਰਾਵਟ ਨਾਲ ਬੰਦ ਹੋਇਆ। ਸ਼ੁਕਰਵਾਰ ਨੂੰ ਅਮਰੀਕੀ ਬਾਜ਼ਾਰ ਵਿਚ ਰਲਿਆ-ਮਿਲਿਆ ਰੁਝਾਨ ਰਿਹਾ। ਇਸ ਦੌਰਾਨ ਗਲੋਬਲ ਤੇਲ ਬੈਂਚਮਾਰਕ ਬ੍ਰੈਂਟ ਕਰੂਡ 0.65 ਫੀ ਸਦੀ ਦੀ ਗਿਰਾਵਟ ਨਾਲ 78.37 ਡਾਲਰ ਪ੍ਰਤੀ ਬੈਰਲ ’ਤੇ ਕਾਰੋਬਾਰ ਕਰ ਰਿਹਾ ਸੀ। ਸ਼ੇਅਰ ਬਾਜ਼ਾਰ ਦੇ ਅੰਕੜਿਆਂ ਮੁਤਾਬਕ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਨੇ ਸ਼ੁੱਕਰਵਾਰ ਨੂੰ 1,589.61 ਕਰੋੜ ਰੁਪਏ ਦੇ ਸ਼ੇਅਰ ਖਰੀਦੇ।
ਅਡਾਨੀ ਗਰੁੱਪ ਦੀਆਂ ਕੰਪਨੀਆਂ ਦੇ ਸ਼ੇਅਰਾਂ ’ਚ ਤੇਜ਼ੀ, ਅਡਾਨੀ ਗ੍ਰੀਨ ਐਨਰਜੀ ਦੇ ਸ਼ੇਅਰ ’ਚ ਕਰੀਬ 8 ਫੀ ਸਦੀ ਦਾ ਵਾਧਾ
ਅਡਾਨੀ ਸਮੂਹ ਦੀਆਂ ਕੰਪਨੀਆਂ ਦੇ ਸ਼ੇਅਰਾਂ ’ਚ ਸੋਮਵਾਰ ਨੂੰ ਤੇਜ਼ੀ ਦਰਜ ਕੀਤੀ ਗਈ। ਅਡਾਨੀ ਗ੍ਰੀਨ ਐਨਰਜੀ ਦੇ ਸ਼ੇਅਰਾਂ ’ਚ ਲਗਭਗ 8 ਫ਼ੀ ਸਦੀ ਦਾ ਵਾਧਾ ਹੋਇਆ। ਸਮੂਹ ਦੀਆਂ ਸਾਰੀਆਂ 10 ਸੂਚੀਬੱਧ ਕੰਪਨੀਆਂ ਨੇ ਸ਼ੁਰੂਆਤੀ ਕਾਰੋਬਾਰ ’ਚ ਤੇਜ਼ ਲਾਭ ਨਾਲ ਕਾਰੋਬਾਰ ਕੀਤਾ। ਅਡਾਨੀ ਸਮੂਹ ਦੀਆਂ ਸਾਰੀਆਂ ਸੂਚੀਬੱਧ ਕੰਪਨੀਆਂ ਦਾ ਸੰਯੁਕਤ ਬਾਜ਼ਾਰ ਪੂੰਜੀਕਰਨ 12 ਲੱਖ ਕਰੋੜ ਰੁਪਏ ਤਕ ਪਹੁੰਚ ਗਿਆ ਹੈ।
ਬੀ.ਐਸ.ਈ. ’ਤੇ ਅਡਾਨੀ ਗ੍ਰੀਨ ਐਨਰਜੀ ਦਾ ਸ਼ੇਅਰ ਲਗਭਗ 8 ਫ਼ੀ ਸਦੀ ਚੜ੍ਹ ਕੇ 1,108.65 ਰੁਪਏ ’ਤੇ ਪਹੁੰਚ ਗਿਆ। ਦੂਜੇ ਪਾਸੇ ਅਡਾਨੀ ਐਂਟਰਪ੍ਰਾਈਜ਼ਜ਼ ਦੇ ਸ਼ੇਅਰ 6.61 ਫ਼ੀ ਸਦੀ, ਏ.ਸੀ.ਸੀ. 6.35 ਫ਼ੀ ਸਦੀ, ਅਡਾਨੀ ਐਨਰਜੀ ਸਾਲਿਊਸ਼ਨਜ਼ 6.16 ਫ਼ੀ ਸਦੀ, ਅੰਬੂਜਾ ਸੀਮੈਂਟਸ 6.06 ਫ਼ੀ ਸਦੀ, ਅਡਾਨੀ ਪਾਵਰ 5.59 ਫ਼ੀ ਸਦੀ, ਅਡਾਨੀ ਪੋਰਟਸ ਐਂਡ ਸਪੈਸ਼ਲ ਇਕਨਾਮਿਕ ਜ਼ੋਨ (ਏ.ਪੀ.ਐਸ.ਈ.ਜੇਡ.) ਦੇ ਸ਼ੇਅਰ 5.58 ਫ਼ੀ ਸਦੀ ਵਧੇ। ਅਡਾਨੀ ਟੋਟਲ ਗੈਸ ਦਾ ਸ਼ੇਅਰ 4.38 ਫ਼ੀ ਸਦੀ, ਐਨ.ਡੀ.ਟੀ.ਵੀ. ਦਾ 4.13 ਫ਼ੀ ਸਦੀ ਅਤੇ ਅਡਾਨੀ ਵਿਲਮਰ ਦਾ ਸ਼ੇਅਰ 2.50 ਫ਼ੀ ਸਦੀ ਵਧਿਆ।
(For news apart from Why boom in stock market, stay tuned to Rozana Spokesman)