
ਸਾਊਦੀ ਅਰਬ ਵਲੋਂ ਤੇਲ ਉਤਪਾਦਨ ’ਚ ਕਮੀ ਕਰਕੇ ਭਾਰਤ ’ਚ ਕੀਮਤਾਂ ਦੀ ਸਮੀਖਿਆ ’ਚ ਹੋਵੇਗੀ ਦੇਰੀ
ਨਵੀਂ ਦਿੱਲੀ: ਸਾਊਦੀ ਅਰਬ ਦੇ ਤੇਲ ਉਤਪਾਦਨ ’ਚ ਕਟੌਤੀ ਕਰਨ ਦੇ ਐਲਾਨ ਨਾਲ ਕੌਮਾਂਤਰੀ ਪੱਧਰ ’ਤੇ ਕੱਚੇ ਤੇਲ ਦੀਆਂ ਕੀਮਤਾਂ ’ਚ ਕਮੀ ਰੁਕ ਸਕਦੀ ਹੈ। ਉਦਯੋਗ ਦੇ ਸੂਤਰਾਂ ਨੇ ਕਿਹਾ ਕਿ ਅਜਿਹੇ ’ਚ ਭਾਰਤ ਅੰਦਰ ਪਟਰੌਲ, ਡੀਜ਼ਲ ਆਦਿ ਦੀਆਂ ਕੀਮਤਾਂ ਦੀ ਸਮੀਖਿਆ ਕਰਨ ’ਚ ਦੇਰੀ ਹੋਵੇਗੀ।
ਸਾਊਦੀ ਅਰਬ ਨੇ ਐਤਵਾਰ ਨੂੰ ਕਿਹਾ ਸੀ ਕਿ ਉਹ ਜੁਲਾਈ ਤੋਂ ਤੇਲ ਉਤਪਾਦਨ ’ਚ ਹਰ ਰੋਜ਼ 10 ਲੱਖ ਬੈਰਲ ਦੀ ਕਟੌਤੀ ਕਰੇਗਾ। ਦੂਜੇ ਪਾਸੇ ਓਪੇਕ ਅਤੇ ਹੋਰ ਉਤਪਾਦਕ ਦੇਸ਼ ਸਪਲਾਈ ’ਚ ਕੀਤੀ ਗਈ ਕਟੌਤੀ ਨੂੰ 2024 ਦੇ ਅੰਤ ਤਕ ਵਧਾਉਣ ਲਈ ਸਹਿਮਤ ਹੋਏ।
ਇਸ ਫ਼ੈਸਲੇ ਕਰਕੇ ਸੋਮਵਾਰ ਨੂੰ ਤੇਲ ਦੀਆਂ ਕੀਮਤਾਂ ’ਚ ਇਕ ਡਾਲਰ ਪ੍ਰਤੀ ਬੈਰਲ ਤੋਂ ਵਧ ਦਾ ਵਾਧਾ ਹੋਇਆ। ਕੱਚੇ ਤੇਲ ਦੀ ਕੀਮਤ 78.73 ਡਾਲਰ ਪ੍ਰਤੀ ਬੈਰਲ ਦੇ ਪੱਧਰ ’ਤੇ ਪੁੱਜਣ ਤੋਂ ਬਾਅਦ ਸ਼ੁਰੂਆਤੀ ਕਾਰੋਬਾਰ ’ਚ 1.51 ਡਾਲਰ ਜਾਂ ਦੋ ਫ਼ੀਸਦੀ ਦੀ ਤੇਜ਼ੀ ਨਾਲ 77.64 ਡਾਲਰ ਪ੍ਰਤੀ ਬੈਰਲ ਦੀ ਕੀਮਤ ’ਤੇ ਸੀ।
ਇਹ ਤੇਜ਼ੀ ਭਾਰਤ ਲਈ ਆਯਾਤ ਕੀਤੇ ਕੱਚੇ ਤੇਲ ਦੀਆਂ ਕੀਮਤਾਂ ’ਚ ਆਈ ਨਰਮੀ ਨੂੰ ਪਲਟ ਦੇਵੇਗੀ। ਪਿਛਲੇ ਦਿਨੀਂ ਭਾਰਤ ਨੂੰ ਆਯਾਤ ਕੀਤੇ ਤੇਲ ਲਈ ਔਸਤਨ 72 ਡਾਲਰ ਪ੍ਰਤੀ ਬੈਰਲ ਦੀ ਦਰ ਨਾਲ ਭੁਗਤਾਨ ਕਰਨਾ ਪੈ ਰਿਹਾ ਸੀ। ਅਜਿਹੇ ’ਚ ਉਮੀਦ ਪ੍ਰਗਟਾਈ ਜਾ ਰਹੀ ਸੀ ਕਿ ਪਟਰੌਲ, ਡੀਜ਼ਲ ਦੀਆਂ ਕੀਮਤਾਂ ’ਚ ਕਟੌਤੀ ਕੀਤੀ ਜਾ ਸਕਦੀ ਹੈ। ਪਰ ਸਾਊਦੀ ਅਰਬ ਦੇ ਫ਼ੈਸਲੇ ਕਰਕੇ ਇਨ੍ਹਾਂ ਉਮੀਦਾਂ ’ਤੇ ਪਾਣੀ ਫਿਰ ਗਿਆ ਲਗਦਾ ਹੈ।
ਭਾਰਤ ਅਪਣੀਆਂ ਤੇਲ ਜ਼ਰੂਰਤਾਂ ਦਾ 85 ਫ਼ੀਸਦੀ ਆਯਾਤ ਰਾਹੀਂ ਪੂਰਾ ਕਰਦਾ ਹੈ ਅਤੇ ਪਟਰੌਲ, ਡੀਜ਼ਲ ਦੀਆਂ ਕੀਮਤਾਂ ਕੌਮਾਂਤਰੀ ਦਰਾਂ ਨਾਲ ਪ੍ਰਭਾਵਤ ਹੁੰਦੀਆਂ ਹਨ। ਦਿੱਲੀ ’ਚ ਪਟਰੌਲ ਦੀ ਕੀਮਤ 96.72 ਰੁਪਏ ਪ੍ਰਤੀ ਲਿਟਰ ਅਤੇ ਡੀਜ਼ਲ ਦੀ ਕੀਮਤ 89.62 ਰੁਪਏ ਪ੍ਰਤੀ ਲਿਟਰ ਹੈ।