
ਮੀਂਹ ਨੇ ਬਰਬਾਦ ਕੀਤੀ ਟਮਾਟਰਾਂ ਅਤੇ ਅਦਰਕ ਦੀ ਫ਼ਸਲ, ਅਗਲੇ ਦੋ ਮਹੀਨਿਆਂ ਤਕ ਕੀਮਤਾਂ ਦੇ ਹੇਠਾਂ ਆਉਣ ਦੀ ਸੰਭਾਵਨਾ ਨਹੀਂ
ਨਵੀਂ ਦਿੱਲੀ: ਉੱਤਰ ਭਾਰਤ ’ਚ ਪਿਛਲੇ ਕੁਝ ਹਫ਼ਤਿਆਂ ਤੋਂ ਮੀਂਹ ਪੈਂਦਾ ਰਹਿਣ ਕਰਕੇ ਫ਼ਸਲਾਂ ’ਤੇ ਬੁਰਾ ਅਸਰ ਪਿਆ ਹੈ। ਟਮਾਟਰ ਅਤੇ ਅਦਰਕ ਵਰਗੀਆਂ ਫ਼ਸਲਾਂ ਬਰਬਾਦ ਹੋਣ ਕਰਕੇ ਇਨ੍ਹਾਂ ਦੀਆਂ ਕੀਮਤਾਂ ’ਚ ਭਾਰੀ ਉਛਾਲ ਵੇਖਣ ਨੂੰ ਮਿਲ ਰਿਹਾ ਹੈ।
ਮਈ ’ਚ 40 ਰੁਪਏ ਪ੍ਰਤੀ ਕਿੱਲੋ ਵਿਕਣ ਵਾਲਾ ਟਮਾਟਰ ਜੂਨ ’ਚ 80 ਰੁਪਏ ਪ੍ਰਤੀ ਕਿੱਲੋ ਵਿਕ ਰਿਹਾ ਹੈ। ਜਦਕਿ ਅਦਰਕ ਦੇ ਕਿਸਾਨ ਅਪਣੇ ਪਿਛਲੇ ਸਾਲ ਦੇ ਹੋਏ ਨੁਕਸਾਨ ਦੀ ਭਰਪਾਈ ਲਈ ਅਦਰਕ ਦੀ ਫ਼ਸਲ ਨੂੰ ਮੰਡੀਆਂ ’ਚ ਨਹੀਂ ਵੇਚ ਰਹੇ ਤਾਕਿ ਉਹ ਵਧੀਆਂ ਕੀਮਤਾਂ ਦਾ ਲਾਭ ਲੈ ਸਕਣ। ਪਿਛਲੇ ਸਾਲ ਅਦਰਕ ਦੀਆਂ ਕੀਮਤਾਂ ਘਟਣ ਕਰਕੇ ਕਿਸਾਨਾਂ ਨੂੰ ਨੁਕਸਾਨ ਝਲਣਾ ਪਿਆ ਸੀ, ਜਦੋਂ ਇਹ ਸਿਰਫ਼ 1300 ਰੁਪਏ ਪ੍ਰਤੀ ਬੋਰਾ ਵਿਕ ਰਿਹਾ ਸੀ।
ਉੱਤਰ ਭਾਰਤ ’ਚ ਮਈ ਮਹੀਨੇ ਦੌਰਾਨ ਮੀਂਹ ਪੈਂਦਾ ਰਿਹਾ ਅਤੇ ਮੌਸਮ ਵਿਭਾਗ ਨੇ ਮਈ ਦੇ ਦੂਜੇ ਅੱਧ ’ਚ ਕਈ ਵਾਰੀ ਚੇਤਾਵਨੀਆਂ ਵੀ ਜਾਰੀ ਕੀਤੀਆਂ। ਪੂਨੇ ’ਚ ਟਮਾਟਰ ਦੀ ਥੋਕ ਕੀਮਤ ਮਈ ਦੀ ਸ਼ੁਰੂਆਤ ’ਚ ਸਿਰਫ਼ 4 ਰੁਪਏ ਪ੍ਰਤੀ ਕਿੱਲੋ ਸੀ।
ਆਜ਼ਾਦਪੁਰ ਮਾਰਕੀਟ ਦੇ ਟਮਾਟਰ ਵਪਾਰੀ ਐਸੋਸੀਏਸ਼ਨ ਦੇ ਪ੍ਰਧਾਨ ਅਸ਼ੋਕ ਕੌਸ਼ਿਕ ਨੇ ਇਕ ਖ਼ਬਰੀ ਏਜੰਸੀ ਨਾਲ ਗੱਲਬਾਤ ਕਰਦਿਆਂ ਦਸਿਆ ਕਿ ਟਮਾਟਰਾਂ ਦੀ ਫ਼ਸਲ ਖ਼ਰਾਬ ਹੋਣ ਕਰਕੇ ਅਗਲੇ ਦੋ ਮਹੀਨਿਆਂ ਤਕ ਇਸ ਦੀਆਂ ਕੀਮਤਾਂ ਦੇ ਹੇਠਾਂ ਆਉਣ ਦੀ ਸੰਭਾਵਨਾ ਨਹੀਂ ਹੈ। ਦੋ ਮਹੀਨਿਆਂ ਬਾਅਦ ਹੀ ਨਵੀਂ ਫ਼ਸਲ ਮੰਡੀਆਂ ’ਚ ਆਵੇਗੀ। ਉਨ੍ਹਾਂ ਕਿਹਾ ਕਿ ਦੱਖਣੀ ਸੂਬਿਆਂ ’ਚ ਟਮਾਟਰ ਦੀ ਭਾਰੀ ਮੰਗ ਹੈ, ਜਿਸ ਕਰਕੇ ਵੀ ਕੀਮਤਾਂ ਵਧ ਰਹੀਆਂ ਹਨ।