
ਮੰਦੀ ਕਾਰਨ ਪਾਲਿਸ਼ ਕੀਤੇ ਹੀਰੇ ਦੀ ਵਿਕਰੀ ਘਟੀ
ਸੂਰਤ: ਸੂਰਤ ਦੀ ਇਕ ਪ੍ਰਮੁੱਖ ਹੀਰਾ ਨਿਰਮਾਤਾ ਕੰਪਨੀ ਨੇ ਮੰਗਲਵਾਰ ਨੂੰ ਅਪਣੇ 50,000 ਮੁਲਾਜ਼ਮਾਂ ਲਈ 17 ਤੋਂ 27 ਅਗੱਸਤ ਤਕ 10 ਦਿਨਾਂ ਦੀ ਛੁੱਟੀ ਦਾ ਐਲਾਨ ਕੀਤਾ ਹੈ। ਕਿਰਨ ਜੇਮਜ਼ ਕੰਪਨੀ ਦੀ ਵੈੱਬਸਾਈਟ ਅਨੁਸਾਰ, ਇਹ ‘ਕੁਦਰਤੀ ਹੀਰੇ ਦਾ ਦੁਨੀਆਂ ਦਾ ਸੱਭ ਤੋਂ ਵੱਡਾ ਨਿਰਮਾਤਾ’ ਹੈ।
ਕਿਰਨ ਜੇਮਜ਼ ਦੇ ਚੇਅਰਮੈਨ ਵੱਲਭਭਾਈ ਲਖਾਨੀ ਨੇ ਕਿਹਾ, ‘‘ਅਸੀਂ ਅਪਣੇ 50,000 ਮੁਲਾਜ਼ਮਾਂ ਲਈ 10 ਦਿਨਾਂ ਦੀ ਛੁੱਟੀ ਦਾ ਐਲਾਨ ਕੀਤਾ ਹੈ। ਹਾਲਾਂਕਿ, ਅਸੀਂ ਕੁੱਝ ਰਕਮ ਕੱਟਾਂਗੇ, ਪਰ ਸਾਰੇ ਮੁਲਾਜ਼ਮਾਂ ਨੂੰ ਇਸ ਮਿਆਦ ਲਈ ਤਨਖਾਹ ਦਿਤੀ ਜਾਵੇਗੀ। ਮੰਦੀ ਕਾਰਨ ਸਾਨੂੰ ਇਹ ਛੁੱਟੀ ਐਲਾਨਣ ਲਈ ਮਜਬੂਰ ਹੋਣਾ ਪਿਆ ਹੈ। ਮੈਂ ਹੁਣ ਇਸ ਮੰਦੀ ਤੋਂ ਥੱਕ ਗਿਆ ਹਾਂ।’’
ਉਨ੍ਹਾਂ ਨੇ ਕੱਚੇ ਹੀਰੇ ਦੀ ਘੱਟ ਸਪਲਾਈ ਅਤੇ ਕੰਪਨੀ ਵਲੋਂ ਨਿਰਯਾਤ ਕੀਤੇ ਪਾਲਿਸ਼ ਕੀਤੇ ਹੀਰੇ ਦੀ ਢੁਕਵੀਂ ਮੰਗ ਦੀ ਘਾਟ ਨੂੰ ਰੇਖਾਂਕਿਤ ਕੀਤਾ। ਲਖਾਨੀ ਨੇ ਕਿਹਾ, ‘‘ਮੰਗ ’ਚ ਇਸ ਗਿਰਾਵਟ ਦਾ ਅਸਰ ਹੋਰ ਖਿਡਾਰੀਆਂ ’ਤੇ ਵੀ ਪਿਆ ਹੈ ਪਰ ਉਹ ਚੁੱਪ ਹਨ। ਅਸੀਂ ਸਰਗਰਮੀ ਨਾਲ ਇਸ ਦਾ ਐਲਾਨ ਕੀਤਾ ਹੈ, ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਲੋਕ ਅਸਲੀਅਤ ਜਾਣਨ। ਕਰਮਚਾਰੀਆਂ ਲਈ ਇਹ ਛੁੱਟੀ ਸਾਡੇ ਉਤਪਾਦਨ ਨੂੰ ਸੁਚਾਰੂ ਬਣਾਉਣ ’ਚ ਮਦਦ ਕਰੇਗੀ। ਇਸ ਮੰਦੀ ਦੇ ਪਿੱਛੇ ਦਾ ਸਹੀ ਕਾਰਨ ਕੋਈ ਨਹੀਂ ਜਾਣਦਾ।’’
ਸੂਰਤ ਡਾਇਮੰਡ ਐਸੋਸੀਏਸ਼ਨ ਦੇ ਪ੍ਰਧਾਨ ਜਗਦੀਸ਼ ਖੁੰਟ ਨੇ ਲਖਾਨੀ ਦੇ ਵਿਚਾਰਾਂ ਨਾਲ ਸਹਿਮਤੀ ਪ੍ਰਗਟਾਉਂਦਿਆਂ ਕਿਹਾ ਕਿ ਮੰਦੀ ਨੇ ਸਥਾਨਕ ਹੀਰਾ ਉਦਯੋਗ ਨੂੰ ਪ੍ਰਭਾਵਤ ਕੀਤਾ ਹੈ, ਜੋ ਦੁਨੀਆਂ ਦੇ ਲਗਭਗ 90 ਫ਼ੀ ਸਦੀ ਹੀਰੇ ਦੀ ਪ੍ਰੋਸੈਸਿੰਗ ਕਰਦਾ ਹੈ।
ਖੁੰਟ ਨੇ ਕਿਹਾ ਕਿ ਇਹ ਪਹਿਲੀ ਵਾਰ ਹੈ ਜਦ ਕਿਰਨ ਜੇਮਜ਼ ਨੇ ਮੁਲਾਜ਼ਮਾਂ ਲਈ ਅਜਿਹੀ ਛੁੱਟੀ ਦਾ ਐਲਾਨ ਕੀਤਾ ਹੈ। ਹਾਲਾਂਕਿ ਅਜੇ ਤਕ ਕਿਸੇ ਹੋਰ ਕੰਪਨੀ ਨੇ ਅਜਿਹਾ ਕਦਮ ਨਹੀਂ ਚੁਕਿਆ ਹੈ, ਪਰ ਇਹ ਇਕ ਤੱਥ ਹੈ ਕਿ ਮੰਦੀ ਨੇ ਪਾਲਿਸ਼ ਕੀਤੇ ਹੀਰੇ ਦੀ ਵਿਕਰੀ ਨੂੰ ਘਟਾ ਦਿਤਾ ਹੈ।
ਕਿਉਂਕਿ 95 ਫ਼ੀ ਸਦੀ ਪਾਲਿਸ਼ ਕੀਤੇ ਹੀਰੇ ਨਿਰਯਾਤ ਕੀਤੇ ਜਾਂਦੇ ਹਨ, ਗਲੋਬਲ ਕਾਰਕ ਹਮੇਸ਼ਾਂ ਕੀਮਤੀ ਪੱਥਰਾਂ ਦੀ ਵਿਕਰੀ ਨੂੰ ਪ੍ਰਭਾਵਤ ਕਰਦੇ ਹਨ। ਉਨ੍ਹਾਂ ਨੇ ਰੂਸ-ਯੂਕਰੇਨ ਜੰਗ ਅਤੇ ਇਜ਼ਰਾਈਲ-ਫਲਸਤੀਨੀ ਸੰਘਰਸ਼ ਨੂੰ ਕੁੱਝ ਕਾਰਕਾਂ ਵਜੋਂ ਦਰਸਾਇਆ।
ਖੁੰਟ ਨੇ ਕਿਹਾ, ‘‘ਰੂਸ-ਯੂਕਰੇਨ ਜੰਗ ਅਤੇ ਗਾਜ਼ਾ ਵਿਚ ਇਜ਼ਰਾਈਲ ਦੀਆਂ ਕਾਰਵਾਈਆਂ ਕੁੱਝ ਅਜਿਹੇ ਕਾਰਕ ਹਨ ਜਿਨ੍ਹਾਂ ਨੇ ਵਿਸ਼ਵ ਪੱਧਰ ’ਤੇ ਮੰਗ ਨੂੰ ਪ੍ਰਭਾਵਤ ਕੀਤਾ ਹੈ। ਸਾਲ 2022 ’ਚ ਸਾਡੇ ਹੀਰਾ ਉਦਯੋਗ ਦਾ ਕਾਰੋਬਾਰ ਕਰੀਬ 2,25,000 ਕਰੋੜ ਰੁਪਏ ਸੀ, ਜੋ ਅੱਜ ਘੱਟ ਕੇ ਕਰੀਬ 1,50,000 ਕਰੋੜ ਰੁਪਏ ਰਹਿ ਗਿਆ ਹੈ। ਇਸ ਲਈ ਅਸੀਂ ਪਿਛਲੇ ਦੋ ਸਾਲਾਂ ਤੋਂ ਨਕਾਰਾਤਮਕ ਸਥਿਤੀ ਵਿਚ ਹਾਂ।’’
ਉਨ੍ਹਾਂ ਕਿਹਾ ਕਿ ਸੂਰਤ ’ਚ ਲਗਭਗ 4,000 ਵੱਡੇ ਅਤੇ ਛੋਟੇ ਹੀਰੇ ਪਾਲਿਸ਼ ਕਰਨ ਅਤੇ ਪ੍ਰੋਸੈਸਿੰਗ ਯੂਨਿਟ ਲਗਭਗ 10 ਲੱਖ ਲੋਕਾਂ ਨੂੰ ਸਿੱਧਾ ਰੁਜ਼ਗਾਰ ਪ੍ਰਦਾਨ ਕਰਦੇ ਹਨ।