ਅਮਰੀਕੀ ਡਾਲਰ ਮੁਕਾਬਲੇ ਰੁਪਿਆ 10 ਪੈਸੇ ਦੀ ਕਮੀ ਨਾਲ 83.13 (ਅਸਥਾਈ) ਪ੍ਰਤੀ ਡਾਲਰ ਦੇ ਅਪਣੇ ਸਭ ਤੋਂ ਹੇਠਲੇ ਪੱਧਰ ’ਤੇ ਆ ਗਿਆ
ਨਵੀਂ ਦਿੱਲੀ: ਅੰਤਰ ਬੈਂਕ ਵਿਦੇਸ਼ ਮੁਦਰਾ ਵਟਾਂਦਰਾ ਬਾਜ਼ਾਰ ’ਚ ਬੁਧਵਾਰ ਨੂੰ ਅਮਰੀਕੀ ਡਾਲਰ ਮੁਕਾਬਲੇ ਰੁਪਿਆ 10 ਪੈਸੇ ਦੀ ਕਮੀ ਨਾਲ 83.13 (ਅਸਥਾਈ) ਪ੍ਰਤੀ ਡਾਲਰ ਦੇ ਅਪਣੇ ਸਭ ਤੋਂ ਹੇਠਲੇ ਪੱਧਰ ’ਤੇ ਆ ਗਿਆ। ਕੱਚੇ ਤੇਲ ਦੀਆਂ ਕੀਮਤਾਂ ’ਚ ਉਛਾਲ ਅਤੇ ਅਮਰੀਕੀ ਮੁਦਰਾ ’ਚ ਮਜ਼ਬੂਤੀ ਨਾਲ ਰੁਪਿਆ ਕਮਜ਼ੋਰ ਹੋਇਆ।
ਵਿਦੇਸ਼ੀ ਮੁਦਰਾ ਕਾਰੋਬਾਰੀਆਂ ਨੇ ਕਿਹਾ ਕਿ ਡਾਲਰ ਦੇ ਛੇ ਮਹੀਨੇ ਦੇ ਸਭ ਤੋਂ ਉੱਪਰਲੇ ਪੱਧਰ ’ਤੇ ਪਹੁੰਚਣ ਨਾਲ ਬੁਧਵਾਰ ਨੂੰ ਭਾਰਤੀ ਰੁਪਏ ਦੀ ਕੀਮਤ ’ਚ ਕਮੀ ਆਈ। ਇਸ ਤੋਂ ਇਲਾਵਾ ਕੱਚੇ ਤੇਲ ਦੀਆਂ ਉੱਚੀਆਂ ਕੀਮਤਾਂ ਦਾ ਵੀ ਰੁਪਏ ’ਤੇ ਅਸਰ ਪਿਆ।
ਅੰਤਰ ਬੈਂਕ ਵਿਦੇਸ਼ੀ ਮੁਦਰਾ ਵਟਾਂਦਰਾ ਬਾਜ਼ਾਰ ’ਚ ਰੁਪਿਆ 83.08 ’ਤੇ ਖੁਲ੍ਹਿਆ ਅਤੇ ਦਿਨ ਦੇ ਕਾਰੋਬਾਰ ਦੌਰਾਨ ਇਹ 83.02 ਤੋਂ 83.18 ਦੇ ਘੇਰੇ ਅੰਦਰ ਘੁੰਮਣ ਤੋਂ ਬਾਅਦ ਅਖ਼ੀਰ ਅਪਣੇ ਪਿਛਲੇ ਬੰਦ ਭਾਅ ਤੋਂ 10 ਪੈਸੇ ਟੁੱਟ ਕੇ 83.14 ਪ੍ਰਤੀ ਡਾਲਰ (ਅਸਥਾਈ) ’ਤੇ ਬੰਦ ਹੋਇਆ।
ਰੁਪਿਆ ਇਸ ਤੋਂ ਪਹਿਲਾਂ ਇਸੇ ਸਾਲ 21 ਅਗੱਸਤ ਨੂੰ 83.12 ਪ੍ਰਤੀ ਡਾਲਰ ਦੇ ਸਭ ਤੋਂ ਹੇਠਲੇ ਪੱਧਰ ’ਤੇ ਬੰਦ ਹੋਇਆ ਸੀ। ਇਸ ਦੌਰਾਨ ਛੇ ਪ੍ਰਮੁੱਖ ਮੁਦਰਾਵਾਂ ਦੇ ਮੁਕਾਬਲੇ ਅਮਰੀਕੀ ਡਾਲਰ ਦੀ ਸਥਿਤੀ ਨੂੰ ਦਰਸਾਉਣ ਵਾਲਾ ਡਾਲਰ ਸੂਚਕ ਅੰਕ 0.07 ਫ਼ੀ ਸਦੀ ਦੀ ਮਾਮੂਲੀ ਗਿਰਾਵਟ ਨਾਲ 104.73 ’ਤੇ ਆ ਗਿਆ।
ਕੌਮਾਂਤਰੀ ਤੇਲ ਮਾਨਕ ਬਰੈਂਟ ਕਰੂਡ ਵਾਅਦਾ 0.67 ਫ਼ੀ ਸਦੀ ਦੀ ਕਮੀ ਨਾਲ 89.44 ਡਾਲਰ ਪ੍ਰਤੀ ਬੈਰਲ ਦੀ ਕੀਮਤ ’ਤੇ ਕਾਰੋਬਾਰ ਕਰ ਰਿਹਾ ਸੀ। ਸ਼ੇਅਰ ਬਾਜ਼ਾਰ ਦੇ ਅੰਕੜਿਆਂ ਅਨੁਸਾਰ, ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਨੇ ਮੰਗਲਵਾਰ ਨੂੰ 1725.11 ਕਰੋੜ ਰੁਪਏ ਮੁੱਲ ਦੇ ਸ਼ੇਅਰ ਵੇਚੇ।