ਕਿਸਾਨਾਂ ਨੂੰ ਬਿਹਤਰ ਸਮਰਥਨ ਮਿਲੇਗਾ ਅਤੇ ਖੁਰਾਕ ਸੁਰੱਖਿਆ ’ਚ ਵਾਧਾ ਹੋਵੇਗਾ : ਪ੍ਰਧਾਨ ਮੰਤਰੀ ਮੋਦੀ
ਨਵੀਂ ਦਿੱਲੀ : ਸਰਕਾਰ ਨੇ ਚਾਲੂ ਵਿੱਤੀ ਸਾਲ 2024-25 ’ਚ ਕਾਰਜਸ਼ੀਲ ਪੂੰਜੀ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਭਾਰਤੀ ਖੁਰਾਕ ਨਿਗਮ (ਐੱਫ.ਸੀ.ਆਈ.) ’ਚ 10,700 ਕਰੋੜ ਰੁਪਏ ਦੀ ਇਕੁਇਟੀ ਪੂੰਜੀ ਨਿਵੇਸ਼ ਨੂੰ ਮਨਜ਼ੂਰੀ ਦੇ ਦਿਤੀ ਹੈ। ਭਾਰਤੀ ਖੁਰਾਕ ਨਿਗਮ ਅਨਾਜ ਦੀ ਖਰੀਦ ਅਤੇ ਵੰਡ ਲਈ ਸਰਕਾਰ ਦੀ ‘ਨੋਡਲ ਏਜੰਸੀ’ ਹੈ।
ਇਕ ਅਧਿਕਾਰਤ ਬਿਆਨ ’ਚ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ’ਚ ਆਰਥਕ ਮਾਮਲਿਆਂ ਦੀ ਕੈਬਨਿਟ ਕਮੇਟੀ (ਸੀ.ਸੀ.ਈ.ਏ.) ਨੇ 2024-25 ਲਈ ਕਾਰਜਸ਼ੀਲ ਪੂੰਜੀ ਦੀ ਜ਼ਰੂਰਤ ਨੂੰ ਪੂਰਾ ਕਰਨ ਲਈ ਐੱਫ.ਸੀ.ਆਈ. ’ਚ 10,700 ਕਰੋੜ ਰੁਪਏ ਦੀ ਇਕੁਇਟੀ ਪੂੰਜੀ ਲਗਾਉਣ ਨੂੰ ਮਨਜ਼ੂਰੀ ਦੇ ਦਿਤੀ ਹੈ।
ਇਸ ਫੈਸਲੇ ਦਾ ਉਦੇਸ਼ ਖੇਤੀਬਾੜੀ ਖੇਤਰ ਨੂੰ ਹੁਲਾਰਾ ਦੇਣਾ ਅਤੇ ਦੇਸ਼ ਭਰ ਦੇ ਕਿਸਾਨਾਂ ਦੀ ਭਲਾਈ ਨੂੰ ਯਕੀਨੀ ਬਣਾਉਣਾ ਹੈ। ਬਿਆਨ ਅਨੁਸਾਰ, ‘‘ਇਹ ਰਣਨੀਤਕ ਕਦਮ ਕਿਸਾਨਾਂ ਦੀ ਸਹਾਇਤਾ ਕਰਨ ਅਤੇ ਭਾਰਤ ਦੀ ਖੇਤੀ ਆਰਥਕਤਾ ਨੂੰ ਮਜ਼ਬੂਤ ਕਰਨ ਲਈ ਸਰਕਾਰ ਦੀ ਦ੍ਰਿੜ ਵਚਨਬੱਧਤਾ ਨੂੰ ਦਰਸਾਉਂਦਾ ਹੈ।’’ ਇਸ ਫੈਸਲੇ ’ਤੇ ਟਿਪਣੀ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇਕੁਇਟੀ ਪੂੰਜੀ ਨਿਵੇਸ਼ ਨਾਲ ਐਫ.ਸੀ.ਆਈ. ਦੀ ਖੁਰਾਕ ਖਰੀਦ ਅਤੇ ਵੰਡ ਸਮਰੱਥਾ ’ਚ ਵਾਧਾ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਨਾਲ ਕਿਸਾਨਾਂ ਨੂੰ ਬਿਹਤਰ ਸਮਰਥਨ ਮਿਲੇਗਾ ਅਤੇ ਖੁਰਾਕ ਸੁਰੱਖਿਆ ’ਚ ਵਾਧਾ ਹੋਵੇਗਾ।
ਐਫਸੀਆਈ ਨੇ 1964 ’ਚ 100 ਕਰੋੜ ਰੁਪਏ ਦੀ ਅਧਿਕਾਰਤ ਪੂੰਜੀ ਅਤੇ 4 ਕਰੋੜ ਰੁਪਏ ਦੀ ਇਕੁਇਟੀ ਪੂੰਜੀ ਨਾਲ ਅਪਣੀ ਯਾਤਰਾ ਸ਼ੁਰੂ ਕੀਤੀ ਸੀ। ਐਫ.ਸੀ.ਆਈ. ਦਾ ਕੰਮਕਾਜ ਹੁਣ ਕਈ ਗੁਣਾ ਵਧ ਗਿਆ ਹੈ। ਫ਼ਰਵਰੀ 2023 ’ਚ ਐੱਫਸੀਆਈ ਦੀ ਅਧਿਕਾਰਤ ਪੂੰਜੀ 11,000 ਕਰੋੜ ਰੁਪਏ ਤੋਂ ਵਧ ਕੇ 21,000 ਕਰੋੜ ਰੁਪਏ ਹੋ ਗਈ।