ਭਾਰਤ ਅਤੇ ਅਮਰੀਕਾ ਇਸ ਸਮੇਂ ਸਮਝੌਤੇ ਦੇ ਪਹਿਲੇ ਪੜਾਅ ਨੂੰ ਅੰਤਿਮ ਰੂਪ ਦੇਣ ਦੀ ਕੋਸ਼ਿਸ਼ ਕਰ ਰਹੇ ਹਨ
ਨਵੀਂ ਦਿੱਲੀ : ਭਾਰਤ ਅਤੇ ਅਮਰੀਕਾ ਅਪਣੇ ਪ੍ਰਸਤਾਵਿਤ ਦੁਵਲੇ ਵਪਾਰ ਸਮਝੌਤੇ ਦੇ ਪਹਿਲੇ ਪੜਾਅ ਬਾਰੇ 10 ਦਸੰਬਰ ਨੂੰ ਗੱਲਬਾਤ ਸ਼ੁਰੂ ਕਰਨਗੇ। ਗੱਲਬਾਤ ਤਿੰਨ ਦਿਨਾਂ ਤਕ ਚਲੇਗੀ ਅਤੇ ਅਮਰੀਕੀ ਵਫ਼ਦ ਇਸ ਲਈ ਭਾਰਤ ਦਾ ਦੌਰਾ ਕਰੇਗਾ। ਇਹ ਦੌਰਾ ਮਹੱਤਵਪੂਰਨ ਹੈ ਕਿਉਂਕਿ ਭਾਰਤ ਅਤੇ ਅਮਰੀਕਾ ਇਸ ਸਮੇਂ ਸਮਝੌਤੇ ਦੇ ਪਹਿਲੇ ਪੜਾਅ ਨੂੰ ਅੰਤਿਮ ਰੂਪ ਦੇਣ ਦੀ ਕੋਸ਼ਿਸ਼ ਕਰ ਰਹੇ ਹਨ।
ਸੂਤਰਾਂ ਨੇ ਦਸਿਆ , ‘‘ਤਿੰਨ ਦਿਨਾਂ ਦੀ ਗੱਲਬਾਤ 10 ਦਸੰਬਰ ਨੂੰ ਸ਼ੁਰੂ ਹੋਵੇਗੀ ਅਤੇ 12 ਦਸੰਬਰ ਨੂੰ ਸਮਾਪਤ ਹੋਵੇਗੀ, ਅਤੇ ਇਹ ਗੱਲਬਾਤ ਦਾ ਰਸਮੀ ਦੌਰ ਨਹੀਂ ਹੈ।’’ ਅਮਰੀਕੀ ਵਫ਼ਦ ਦੀ ਅਗਵਾਈ ਡਿਪਟੀ ਯੂਨਾਈਟਿਡ ਸਟੇਟਸ ਵਪਾਰ ਪ੍ਰਤੀਨਿਧੀ (ਯੂ.ਐਸ.ਟੀ.ਆਰ.) ਰਿਕ ਸਵਿਟਜ਼ਰ ਕਰਨਗੇ। ਅਗੱਸਤ ਵਿਚ ਭਾਰਤੀ ਉਤਪਾਦਾਂ ਉਤੇ 50 ਫ਼ੀ ਸਦੀ ਕਸਟਮ ਡਿਊਟੀ ਲਗਾਉਣ ਦੇ ਅਮਰੀਕੀ ਕਦਮ ਤੋਂ ਬਾਅਦ ਇਹ ਦੂਜੀ ਵਾਰ ਹੈ ਜਦੋਂ ਅਮਰੀਕੀ ਵਫ਼ਦ ਵਪਾਰ ਸਮਝੌਤੇ ਉਤੇ ਗੱਲਬਾਤ ਕਰਨ ਲਈ ਭਾਰਤ ਦਾ ਦੌਰਾ ਕਰ ਰਿਹਾ ਹੈ। ਪਿਛਲਾ ਅਮਰੀਕੀ ਵਫ਼ਦ 16 ਸਤੰਬਰ ਨੂੰ ਭਾਰਤ ਆਇਆ ਸੀ।
22 ਸਤੰਬਰ ਨੂੰ, ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਵੀ ਵਪਾਰ ਗੱਲਬਾਤ ਲਈ ਅਮਰੀਕਾ ਦਾ ਇਕ ਅਧਿਕਾਰਤ ਵਫ਼ਦ ਭੇਜਿਆ ਸੀ। ਗੋਇਲ ਨੇ ਮਈ ਵਿਚ ਵਾਸ਼ਿੰਗਟਨ ਦਾ ਵੀ ਦੌਰਾ ਕੀਤਾ ਸੀ। ਇਸ ਸਮਝੌਤੇ ਲਈ ਅਮਰੀਕਾ ਦੇ ਮੁੱਖ ਵਾਰਤਾਕਾਰ ਬ੍ਰੈਂਡਨ ਲਿੰਚ ਹਨ, ਜੋ ਦਖਣੀ ਅਤੇ ਮੱਧ ਏਸ਼ੀਆ ਲਈ ਸਹਾਇਕ ਅਮਰੀਕੀ ਵਪਾਰ ਪ੍ਰਤੀਨਿਧੀ ਹਨ, ਜਦਕਿ ਭਾਰਤੀ ਪੱਖ ਦੀ ਅਗਵਾਈ ਵਣਜ ਵਿਭਾਗ ਦੇ ਸੰਯੁਕਤ ਸਕੱਤਰ ਦਰਪਨ ਜੈਨ ਕਰ ਰਹੇ ਹਨ।
ਇਹ ਗੱਲਬਾਤ ਇਸ ਲਈ ਵੀ ਮਹੱਤਵਪੂਰਨ ਹੈ ਕਿਉਂਕਿ ਵਣਜ ਸਕੱਤਰ ਰਾਜੇਸ਼ ਅਗਰਵਾਲ ਨੇ ਹਾਲ ਹੀ ਵਿਚ ਕਿਹਾ ਹੈ ਕਿ ਭਾਰਤ ਇਸ ਸਾਲ ਅਮਰੀਕਾ ਨਾਲ ਇਕ ਫਰੇਮਵਰਕ ਵਪਾਰ ਸਮਝੌਤਾ ਕਰਨ ਦੀ ਉਮੀਦ ਕਰਦਾ ਹੈ ਜੋ ਭਾਰਤੀ ਨਿਰਯਾਤਕਾਂ ਦੇ ਫਾਇਦੇ ਲਈ ਟੈਰਿਫ ਮੁੱਦੇ ਨੂੰ ਹੱਲ ਕਰੇਗਾ।
