5,000 ਰੁਪਏ ਦੀ ਤੇਜ਼ੀ ਨਾਲ 2.56 ਲੱਖ ਰੁਪਏ ਪ੍ਰਤੀ ਕਿਲੋਗ੍ਰਾਮ ਦੇ ਨਵੇਂ ਸਿਖਰ ਉਤੇ ਪਹੁੰਚੀ
ਨਵੀਂ ਦਿੱਲੀ : ਆਲ ਇੰਡੀਆ ਸਰਾਫਾ ਐਸੋਸੀਏਸ਼ਨ ਮੁਤਾਬਕ ਮਜ਼ਬੂਤ ਸੁਰੱਖਿਅਤ ਮੰਗ ਅਤੇ ਮਜ਼ਬੂਤ ਉਦਯੋਗਿਕ ਖਰੀਦ ਦੇ ਵਿਚਕਾਰ ਬੁਧਵਾਰ ਨੂੰ ਕੌਮੀ ਰਾਜਧਾਨੀ ’ਚ ਚਾਂਦੀ ਦੀਆਂ ਕੀਮਤਾਂ 5,000 ਰੁਪਏ ਵਧ ਕੇ 2,56,000 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਨਵੇਂ ਰੀਕਾਰਡ ਉਤੇ ਪਹੁੰਚ ਗਈਆਂ।
ਵਪਾਰੀਆਂ ਨੇ ਕਿਹਾ ਕਿ ਅਮਰੀਕਾ ਅਤੇ ਵੈਨੇਜ਼ੁਏਲਾ ਦੇ ਵਿਚਕਾਰ ਵਧਦੇ ਤਣਾਅ ਨੇ ਸੁਰੱਖਿਅਤ-ਪਨਾਹ ਦੀ ਖਿੱਚ ਨੂੰ ਵਧਾ ਦਿਤਾ ਹੈ, ਜਦਕਿ ਸਪਲਾਈ ਦੀਆਂ ਰੁਕਾਵਟਾਂ ਅਤੇ ਮਜ਼ਬੂਤ ਉਦਯੋਗਿਕ ਵਰਤੋਂ ਨੇ ਵੀ ਚਾਂਦੀ ਦੀਆਂ ਕੀਮਤਾਂ ਨੂੰ ਹੋਰ ਵਧਾ ਦਿਤਾ। ਇਕ ਮਾਹਰ ਨੇ ਕਿਹਾ, ‘‘ਚਾਂਦੀ ਦੀਆਂ ਕੀਮਤਾਂ ਨਿਵੇਸ਼ਕਾਂ ਵਲੋਂ ਨਿਰੰਤਰ ਖਰੀਦਦਾਰੀ ਅਤੇ ਚਾਂਦੀ ਉਤੇ ਚੀਨ ਦੀਆਂ ਨਿਰਯਾਤ ਪਾਬੰਦੀਆਂ ਕਾਰਨ ਵੀ ਵਧੀਆਂ, ਜੋ 1 ਜਨਵਰੀ ਤੋਂ ਲਾਗੂ ਹੋ ਗਈਆਂ ਸਨ।’’
ਇਸ ਦੌਰਾਨ 99.9 ਫੀ ਸਦੀ ਸ਼ੁੱਧਤਾ ਵਾਲੇ ਸੋਨੇ ਦੀ ਕੀਮਤ 100 ਰੁਪਏ ਦੀ ਮਾਮੂਲੀ ਗਿਰਾਵਟ ਨਾਲ 1,41,400 ਰੁਪਏ ਪ੍ਰਤੀ 10 ਗ੍ਰਾਮ ਉਤੇ ਆ ਗਈ। ਐਚ.ਡੀ.ਐਫ.ਸੀ. ਸਕਿਓਰਿਟੀਜ਼ ਦੇ ਸੀਨੀਅਰ ਵਿਸ਼ਲੇਸ਼ਕ (ਕਮੋਡਿਟੀਜ਼) ਸੌਮਿਲ ਗਾਂਧੀ ਨੇ ਕਿਹਾ, ‘‘ਬੁਧਵਾਰ ਨੂੰ ਸੋਨੇ ਦੀਆਂ ਕੀਮਤਾਂ ਵਿਚ ਥੋੜ੍ਹੀ ਜਿਹੀ ਗਿਰਾਵਟ ਆਈ ਕਿਉਂਕਿ ਨਿਵੇਸ਼ਕਾਂ ਨੇ ਹਾਲ ਹੀ ਵਿਚ ਹੋਏ ਵਾਧੇ ਤੋਂ ਬਾਅਦ ਮੁਨਾਫਾ ਕਮਾਇਆ।’’ (ਪੀਟੀਆਈ)
