ਫ਼ਰਵਰੀ ’ਚ ਸ਼ਾਕਾਹਾਰੀ ਥਾਲੀ ਦੀ ਕੀਮਤ ਵਧ ਕੇ 27.5 ਰੁਪਏ ਹੋ ਗਈ, ਜੋ ਇਕ ਸਾਲ ਪਹਿਲਾਂ ਇਸੇ ਮਿਆਦ ’ਚ 25.6 ਰੁਪਏ ਸੀ
ਮੁੰਬਈ: ਪਿਆਜ਼ ਅਤੇ ਟਮਾਟਰ ਦੀਆਂ ਕੀਮਤਾਂ ’ਚ ਵਾਧੇ ਕਾਰਨ ਫ਼ਰਵਰੀ ’ਚ ਸ਼ਾਕਾਹਾਰੀ ਥਾਲੀ (Vegetarian Plate) 7 ਫੀ ਸਦੀ ਮਹਿੰਗੀ ਹੋ ਗਈ, ਜਦਕਿ ਚਿਕਨ ਸਸਤਾ ਹੋਣ ਕਾਰਨ ਮਾਸਾਹਾਰੀ ਥਾਲੀ (Non-Vegetarian Plate) 9 ਫੀ ਸਦੀ ਤਕ ਸਸਤੀ ਹੋ ਗਈ। ਕ੍ਰਿਸਿਲ ਮਾਰਕੀਟ ਇੰਟੈਲੀਜੈਂਸ ਐਂਡ ਐਨਾਲਿਸਿਸ ਨੇ ਸ਼ੁਕਰਵਾਰ ਨੂੰ ਜਾਰੀ ‘ਰੋਟੀ ਚੌਲ ਕੀਮਤਾਂ’ ’ਤੇ ਅਪਣੀ ਮਹੀਨਾਵਾਰ ਰੀਪੋਰਟ ’ਚ ਕਿਹਾ ਕਿ ਫ਼ਰਵਰੀ ’ਚ ਪੋਲਟਰੀ ਦੀਆਂ ਕੀਮਤਾਂ ’ਚ ਗਿਰਾਵਟ ਕਾਰਨ ਮਾਸਾਹਾਰੀ ਥਾਲੀ 9 ਫੀ ਸਦੀ ਤਕ ਸਸਤੀ ਹੋ ਗਈ ਹੈ।
ਫ਼ਰਵਰੀ ’ਚ ਸ਼ਾਕਾਹਾਰੀ ਥਾਲੀ ਦੀ ਕੀਮਤ ਵਧ ਕੇ 27.5 ਰੁਪਏ ਹੋ ਗਈ, ਜੋ ਇਕ ਸਾਲ ਪਹਿਲਾਂ ਇਸੇ ਮਿਆਦ ’ਚ 25.6 ਰੁਪਏ ਸੀ। ਇਸ ਥਾਲੀ ’ਚ ਰੋਟੀ, ਸਬਜ਼ੀ (ਪਿਆਜ਼, ਟਮਾਟਰ ਅਤੇ ਆਲੂ), ਚਾਵਲ, ਦਾਲ, ਦਹੀਂ ਅਤੇ ਸਲਾਦ ਸ਼ਾਮਲ ਹਨ। ਰੀਪੋਰਟ ’ਚ ਕਿਹਾ ਗਿਆ ਹੈ ਕਿ ਪਿਆਜ਼ ਅਤੇ ਟਮਾਟਰ ਦੀਆਂ ਕੀਮਤਾਂ ’ਚ ਸਾਲਾਨਾ ਆਧਾਰ ’ਤੇ ਲੜੀਵਾਰ 29 ਫੀ ਸਦੀ ਅਤੇ 38 ਫੀ ਸਦੀ ਦੇ ਵਾਧੇ ਕਾਰਨ ਸ਼ਾਕਾਹਾਰੀ ਥਾਲੀ ਦੀ ਕੀਮਤ ’ਚ ਵਾਧਾ ਹੋਇਆ ਹੈ। ਇਸ ਤੋਂ ਇਲਾਵਾ ਚੌਲ ਅਤੇ ਦਾਲਾਂ ਵੀ ਮਹਿੰਗੀਆਂ ਹੋ ਗਈਆਂ ਹਨ।
ਹਾਲਾਂਕਿ, ਜਨਵਰੀ ਦੇ 28 ਰੁਪਏ ਦੇ ਮੁਕਾਬਲੇ ਪਿਛਲੇ ਮਹੀਨੇ ਦੀ ਸ਼ਾਕਾਹਾਰੀ ਥਾਲੀ ਸਸਤੀ ਹੈ। ਮਾਸਾਹਾਰੀ ਥਾਲੀ ਦੀ ਕੀਮਤ ਪਿਛਲੇ ਸਾਲ ਦੀ ਇਸੇ ਮਿਆਦ ਦੇ 59.2 ਰੁਪਏ ਤੋਂ ਘਟ ਕੇ 54 ਰੁਪਏ ਰਹਿ ਗਈ ਹੈ। ਹਾਲਾਂਕਿ ਇਹ ਜਨਵਰੀ ਦੇ 52 ਰੁਪਏ ਤੋਂ ਜ਼ਿਆਦਾ ਹੈ। ਇਸ ਪਲੇਟ ’ਚ ਚਿਕਨ ਨੇ ਸ਼ਾਕਾਹਾਰੀ ਪਲੇਟ ਵਾਲੀ ਦਾਲ ਦੀ ਥਾਂ ਲੈ ਲਈ ਹੈ।
‘ਬ੍ਰਾਇਲਰ’ ਚਿਕਨ ਦੀਆਂ ਕੀਮਤਾਂ ’ਚ 20 ਫੀ ਸਦੀ ਦੀ ਕਮੀ ਆਈ ਹੈ। ਕੁਲ ਮੁੱਲ ’ਚ ਇਸ ਦਾ ਭਾਰ 50 ਫ਼ੀ ਸਦੀ ਹੈ। ਸਾਲਾਨਾ ਆਧਾਰ ’ਤੇ ਮਾਸਾਹਾਰੀ ਥਾਲੀ ਦੀ ਕੀਮਤ ’ਚ ਗਿਰਾਵਟ ਦਾ ਇਹ ਮੁੱਖ ਕਾਰਨ ਹੈ। ਰੀਪੋਰਟ ਮੁਤਾਬਕ ਆਂਧਰਾ ਪ੍ਰਦੇਸ਼ ’ਚ ਬਰਡ ਫਲੂ ਦੇ ਫੈਲਣ ਕਾਰਨ ਰਮਜ਼ਾਨ ਦੇ ਪਵਿੱਤਰ ਮਹੀਨੇ ਤੋਂ ਪਹਿਲਾਂ ਸਪਲਾਈ ਪ੍ਰਭਾਵਤ ਹੋਣ ਅਤੇ ਮੰਗ ਵਧਣ ਕਾਰਨ ਫ਼ਰਵਰੀ ’ਚ ਬ੍ਰਾਇਲਰ ਦੀਆਂ ਕੀਮਤਾਂ ’ਚ 10 ਫੀ ਸਦੀ ਦਾ ਵਾਧਾ ਹੋਇਆ ਹੈ।