
ਕੌਮੀ ਰਾਜਧਾਨੀ ਵਿਚ ਡੀਜ਼ਲ ਦੀ ਕੀਮਤ ਮੰਗਲਵਾਰ ਨੂੰ 25 ਪੈਸੇ ਵੱਧ ਕੇ ਨਵੀਂ ਰੀਕਾਰਡ ਉਚਾਈ 'ਤੇ ਪਹੁੰਚ ਗਈ
ਨਵੀਂ ਦਿੱਲੀ, 7 ਜੁਲਾਈ: ਕੌਮੀ ਰਾਜਧਾਨੀ ਵਿਚ ਡੀਜ਼ਲ ਦੀ ਕੀਮਤ ਮੰਗਲਵਾਰ ਨੂੰ 25 ਪੈਸੇ ਵੱਧ ਕੇ ਨਵੀਂ ਰੀਕਾਰਡ ਉਚਾਈ 'ਤੇ ਪਹੁੰਚ ਗਈ। ਲਗਭਗ ਇਕ ਹਫ਼ਤਾ ਸਥਿਰ ਰਹਿਣ ਮਗਰੋਂ ਹੁਣ ਇਸ ਨਵੇਂ ਵਾਧੇ ਕਾਰਨ ਦਿੱਲੀ ਵਿਚ ਡੀਜ਼ਲ 80.78 ਰੁਪਏ ਪ੍ਰਤੀ ਲਿਟਰ ਹੋ ਗਿਆ ਹੈ। ਜਨਤਕ ਖੇਤਰ ਦੀਆਂ ਤੇਲ ਵੰਡ ਕੰਪਨੀਆਂ ਨੇ ਮੰਗਲਵਾਰ ਨੂੰ ਕੀਮਤ ਵਾਧੇ ਦਾ ਨੋਟੀਫ਼ੀਕੇਸ਼ਨ ਜਾਰੀ ਕੀਤਾ ਸੀ ਜਿਸ ਵਿਚ ਡੀਜ਼ਲ ਦੀ ਕੀਮਤ 25 ਪੈਸੇ ਵਧਾਈ ਗਈ ਹੈ। ਪਿਛਲੇ ਅੱਠ ਦਿਨਾਂ ਤੋਂ ਪਟਰੌਲ ਦੀ ਕੀਮਤ ਵਿਚ ਕੋਈ ਬਦਲਾਅ ਨਹੀਂ ਹੋਇਆ ਅਤੇ ਇਹ 80.43 ਰੁਪਏ ਪ੍ਰਤੀ ਲਿਟਰ ਦੇ ਪੱਧਰ 'ਤੇ ਸਥਿਰ ਹੈ।
ਰਾਜਾਂ ਦੇ ਸਥਾਨਕ ਕਰਾਂ ਕਾਰਨ ਵੱਖ-ਵੱਖ ਰਾਜਾਂ ਵਿਚ ਤੇਲ ਦੀ ਕੀਮਤ ਵਿਚ ਫ਼ਰਕ ਰਹਿੰਦਾ ਹੈ। ਇਸ ਤੋਂ ਪਹਿਲਾਂ ਪਟਰੌਲ ਤੇ ਡੀਜ਼ਲ ਦੀਆਂ ਕੀਮਤਾਂ ਵਿਚ ਆਖ਼ਰੀ ਵਾਰ ਤਬਦੀਲੀ 29 ਜੂਨ ਨੂੰ ਹੋਈ ਸੀ। ਦੇਸ਼ ਵਿਚ ਸੱਤ ਜੂਨ ਤੋਂ ਹੁਣ ਤਕ ਪਟਰੌਲ ਦੀ ਕੀਮਤ ਵਿਚ 9.17 ਰੁਪਏ ਅਤੇ ਡੀਜ਼ਲ ਵਿਚ 11.39 ਰੁਪਏ ਪ੍ਰਤੀ ਲਿਟਰ ਦਾ ਵਾਧਾ ਹੋ ਚੁਕਾ ਹੈ। ਮੁੰਬਈ ਵਿਚ ਪਟਰੌਲ 29 ਜੂਨ ਤੋਂ 87.19 ਰੁਪਏ ਪ੍ਰਤੀ ਲਿਟਰ ਦੇ ਪੱਧਰ 'ਤੇ ਕਾਇਮ ਹੈ ਜਦਕਿ ਤਾਜ਼ਾ ਵਾਧੇ ਮਗਰੋਂ ਡੀਜ਼ਲ 79.05 ਰੁਪਏ ਪ੍ਰਤੀ ਲਿਟਰ ਹੋ ਗਿਆ।