
ਕਰਜ਼ੇ 'ਚ ਡੁੱਬਣ ਕਾਰਨ ਦੀਵਾਲੀਆ ਹੋ ਗਈ ਸੀ ਮੋਨੇਟ ਪਾਵਰ
ਨਵੀਂ ਦਿੱਲੀ - ਜਿੰਦਲ ਸਟੀਲ ਐਂਡ ਪਾਵਰ ਲਿਮਟਿਡ (ਜੇ.ਐੱਸ.ਪੀ.ਐੱਲ.) ਨੇ ਕਰਜ਼ੇ 'ਚ ਡੁੱਬੀ ਮੋਨੇਟ ਪਾਵਰ ਦੀਵਾਲੀਆ ਪ੍ਰਕਿਰਿਆ ਰਾਹੀਂ 410 ਕਰੋੜ ਰੁਪਏ 'ਚ ਹਾਸਲ ਕਰ ਲਈ ਹੈ। ਕੰਪਨੀ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ।
ਜੇ.ਐਸ.ਪੀ.ਐਲ. ਦੇ ਰਣਨੀਤੀ ਪ੍ਰਮੁੱਖ ਕਪਿਲ ਮੰਤਰੀ ਨੇ ਦੱਸਿਆ ਕਿ ਓਡੀਸ਼ਾ ਸਥਿਤ 1,050 ਮੈਗਾਵਾਟ ਪਾਵਰ ਪਲਾਂਟ ਵਾਸਤੇ ਸੌਦਾ ਬੁੱਧਵਾਰ ਨੂੰ ਪੂਰਾ ਹੋ ਗਿਆ।
ਉਨ੍ਹਾਂ ਕਿਹਾ, "ਅਸੀਂ ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ (ਐਨ.ਸੀ.ਐਲ.ਟੀ.) ਰਾਹੀਂ ਮੋਨੇਟ ਪਾਵਰ ਦੇ ਪਾਵਰ ਪਲਾਂਟ ਲਈ 410 ਕਰੋੜ ਰੁਪਏ ਦੀ ਬੋਲੀ ਜਿੱਤੀ।"
ਮੰਤਰੀ ਨੇ ਕਿਹਾ ਕਿ ਇਹ ਨਵੀਂ ਸੰਪੱਤੀ ਅੰਗੁਲ ਵਿਖੇ ਜੇ.ਐਸ.ਪੀ.ਐਲ. ਦੇ ਸਟੀਲ ਪਲਾਂਟ ਨੂੰ ਬਿਜਲੀ ਉਪਲਬਧ ਕਰਵਾਏਗੀ।
ਪਾਵਰ ਪਲਾਂਟ ਨੂੰ ਚਲਾਉਣ ਸੰਬੰਧੀ ਪੁੱਛੇ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਇਹ ਇੱਕ ਨਿਰਮਾਣ ਅਧੀਨ ਪ੍ਰਾਜੈਕਟ ਹੈ। ਕੰਪਨੀ ਦਾ ਟੀਚਾ ਹੈ ਕਿ ਨਵੇਂ ਨਿਵੇਸ਼ ਨਾਲ ਇੱਕ ਸਾਲ ਦੇ ਅੰਦਰ ਇਸ ਨੂੰ ਚਾਲੂ ਕਰ ਲਿਆ ਜਾਵੇ।