
ਅਰਥ ਸ਼ਾਸਤਰ ਦੇ ਨੋਬੇਲ ਪੁਰਸਕਾਰ ਨਾਲ ਸਨਮਾਨਤ ਹੋਣ ਵਾਲੀ ਤੀਜੀ ਔਰਤ ਹੈ ਕਲਾਊਡੀਆ ਗੋਲਡਿਨ
ਸਟਾਕਹੋਮ: ਹਾਰਵਰਡ ਯੂਨੀਵਰਸਿਟੀ ਦੀ ਪ੍ਰੋਫੈਸਰ ਕਲਾਉਡੀਆ ਗੋਲਡਿਨ ਨੂੰ ਲੇਬਰ ਮਾਰਕੀਟ ’ਚ ਲਿੰਗ ਵਿਤਕਰੇ ਸਬੰਧੀ ਸਮਝ ਨੂੰ ਬਿਹਤਰ ਕਰਨ ਲਈ ਅਰਥ ਸ਼ਾਸਤਰ ’ਚ ਨੋਬੇਲ ਪੁਰਸਕਾਰ ਦੇਣ ਦਾ ਐਲਾਨ ਕੀਤਾ ਗਿਆ ਹੈ।
ਰਾਇਲ ਸਵੀਡਿਸ਼ ਅਕੈਡਮੀ ਆਫ ਸਾਇੰਸਿਜ਼ ਦੇ ਜਨਰਲ ਸਕੱਤਰ ਹੰਸ ਏਲਗ੍ਰੇਨ ਨੇ ਸੋਮਵਾਰ ਨੂੰ ਪੁਰਸਕਾਰ ਦਾ ਐਲਾਨ ਕੀਤਾ। ਗੋਲਡਿਨ ਇਸ ਪੁਰਸਕਾਰ ਨਾਲ ਸਨਮਾਨਿਤ ਹੋਣ ਵਾਲੀ ਤੀਜੀ ਔਰਤ ਹੈ।
ਅਰਥ ਸ਼ਾਸਤਰ ਦੇ ਖੇਤਰ ’ਚ ਜੇਤੂ ਦੀ ਚੋਣ ਕਰਨ ਵਾਲੀ ਕਮੇਟੀ ਦੇ ਮੁਖੀ ਜੈਕਬ ਸਵੈਨਸਨ ਨੇ ਕਿਹਾ, ‘‘ਸਮਾਜ ਲਈ ਕਿਰਤ ਬਾਜ਼ਾਰ ’ਚ ਔਰਤਾਂ ਦੀ ਭੂਮਿਕਾ ਨੂੰ ਸਮਝਣਾ ਮਹੱਤਵਪੂਰਨ ਹੈ। ਕਲਾਉਡੀਆ ਗੋਲਡਿਨ ਦੀ ਸ਼ਾਨਦਾਰ ਖੋਜ ਲਈ ਧੰਨਵਾਦ, ਅਸੀਂ ਹੁਣ ਇਸ ’ਚ ਲੁਕੇ ਕਾਰਕਾਂ ਬਾਰੇ ਵੱਧ ਜਾਣਨ ਲਗ ਪਏ ਹਾਂ ਅਤੇ ਭਵਿੱਖ ’ਚ ਕਿਹੜੀਆਂ ਰੁਕਾਵਟਾਂ ਨੂੰ ਹੱਲ ਕਰਨ ਦੀ ਲੋੜ ਹੋ ਸਕਦੀ ਹੈ।’’
ਪੁਰਸਕਾਰ ਕਮੇਟੀ ਦੇ ਮੈਂਬਰ ਰੈਂਡੀ ਐਚ. ਨੇ ਕਿਹਾ ਕਿ ਗੋਲਡਿਨ ਹੱਲ ਪੇਸ਼ ਨਹੀਂ ਕਰਦੀ, ਪਰ ਉਸ ਦੀ ਖੋਜ ਨੀਤੀ ਨਿਰਮਾਤਾਵਾਂ ਨੂੰ ਸਮੱਸਿਆ ਨੂੰ ਹੱਲ ਕਰਨ ’ਚ ਮਦਦ ਕਰ ਸਕਦੀ ਹੈ। ਉਨ੍ਹਾਂ ਕਿਹਾ, ‘‘ਗੋਲਡਨ (ਲੇਬਰ ਮਾਰਕੀਟ ’ਚ) ਲਿੰਗ ਵਿਤਕਰੇ ਦੇ ਮੂਲ ਸਰੋਤਾਂ ਵਲ ਧਿਆਨ ਖਿੱਚਦੀ ਹੈ ਅਤੇ ਇਹ ਸਮੇਂ ਅਤੇ ਵਿਕਾਸ ਦੇ ਨਾਲ ਕਿਵੇਂ ਬਦਲਿਆ ਹੈ। ਇਸ ਲਈ, ਕੋਈ ਵੀ ਨੀਤੀ ਕਾਫ਼ੀ ਨਹੀਂ ਹੈ।’’
ਅਲੇਗ੍ਰੇਨ ਨੇ ਕਿਹਾ ਕਿਹਾ 77 ਸਾਲਾਂ ਦੀ ਗੋਲਡਿਨ ਪੁਰਸਕਾਰ ਦੇ ਐਲਾਨ ਤੋਂ ਬਾਅਦ ‘ਹੈਰਾਨੀ ਅਤੇ ਬਹੁਤ ਖੁਸ਼’ ਸੀ। ਨੋਬੇਲ ਪੁਰਸਕਾਰ ਹੇਠ ਜੇਤੂ ਨੂੰ 10 ਲੱਖ ਡਾਲਰ ਦਾ ਇਨਾਮ ਦਿਤਾ ਜਾਂਦਾ ਹੈ। ਜੇਤੂਆਂ ਨੂੰ ਦਸੰਬਰ ’ਚ ਓਸਲੋ ਅਤੇ ਸਟਾਕਹੋਮ ’ਚ ਹੋਣ ਵਾਲੇ ਪੁਰਸਕਾਰ ਸਮਾਰੋਹਾਂ ’ਚ 18-ਕੈਰੇਟ ਸੋਨੇ ਦਾ ਤਮਗ਼ਾ ਅਤੇ ਇਕ ਡਿਪਲੋਮਾ ਵੀ ਪ੍ਰਾਪਤ ਹੁੰਦਾ ਹੈ।