
ਵੇਰਵਿਆਂ ਦੀ ਵਰਤੋਂ ਟੈਕਸ ਚੋਰੀ, ਕਾਲੇ ਧਨ ਨੂੰ ਚਿੱਟਾ ਕਰਨ ਅਤੇ ਅਤਿਵਾਦ ਨੂੰ ਪੈਸਾ ਦੇਣ ਸਮੇਤ ਹੋਰ ਗਲਤ ਕੰਮਾਂ ਦੀ ਜਾਂਚ ਲਈ ਕੀਤੀ ਜਾਵੇਗੀ
ਨਵੀਂ ਦਿੱਲੀ/ਬਰਨ: ਭਾਰਤ ਨੇ ਸਵਿਟਜ਼ਰਲੈਂਡ ਤੋਂ ਅਪਣੇ ਨਾਗਰਿਕਾਂ ਅਤੇ ਸੰਸਥਾਵਾਂ ਦੇ ਸਵਿਸ ਬੈਂਕ ਖਾਤਿਆਂ ਦੇ ਵੇਰਵੇ ਸਾਲਾਨਾ ਆਧਾਰ ’ਤੇ ਸੂਚਨਾ ਦੇ ਲੈਣ-ਦੇਣ ਦੀ ਵਿਵਸਥਾ ਹੇਠ ਪ੍ਰਾਪਤ ਕਰ ਲਏ ਹਨ। ਸਵਿਟਜ਼ਰਲੈਂਡ ਨੇ 104 ਦੇਸ਼ਾਂ ਨਾਲ ਕਰੀਬ 36 ਲੱਖ ਵਿੱਤੀ ਖਾਤਿਆਂ ਦੇ ਵੇਰਵੇ ਸਾਂਝੇ ਕੀਤੇ ਹਨ।
ਇਸ ਜਾਣਕਾਰੀ ਦੇ ਆਧਾਰ ’ਤੇ ਅਧਿਕਾਰੀ ਇਸ ਗੱਲ ਦੀ ਪੁਸ਼ਟੀ ਕਰ ਸਕਣਗੇ ਕਿ ਕੀ ਟੈਕਸਦਾਤਾਵਾਂ ਨੇ ਅਪਣੇ ਆਮਦਨ ਟੈਕਸ ਰਿਟਰਨਾਂ ’ਚ ਅਪਣੇ ਵਿੱਤੀ ਖਾਤਿਆਂ ਦਾ ਸਹੀ ਐਲਾਨ ਕੀਤਾ ਹੈ ਜਾਂ ਨਹੀਂ। ਅਧਿਕਾਰੀਆਂ ਨੇ ਦਸਿਆ ਕਿ ਸਵਿਟਜ਼ਰਲੈਂਡ ਅਤੇ ਭਾਰਤ ਵਿਚਾਲੇ ਸੂਚਨਾ ਦਾ ਇਹ ਪੰਜਵਾਂ ਸਾਲਾਨਾ ਲੈਣ-ਦੇਣ ਹੈ। ਭਾਰਤੀ ਅਧਿਕਾਰੀਆਂ ਨਾਲ ਸਾਂਝੇ ਕੀਤੇ ਗਏ ਨਵੇਂ ਵੇਰਵੇ ‘ਸੈਂਕੜੇ ਵਿੱਤੀ ਖਾਤਿਆਂ’ ਨਾਲ ਸਬੰਧਤ ਹਨ, ਜਿਨ੍ਹਾਂ ’ਚ ਕੁਝ ਵਿਅਕਤੀਆਂ, ਕਾਰਪੋਰੇਟਾਂ ਅਤੇ ਟਰੱਸਟਾਂ ਨਾਲ ਸਬੰਧਤ ਹਨ।
ਸਾਂਝੇ ਕੀਤੇ ਵੇਰਵਿਆਂ ’ਚ ਪਛਾਣ, ਖਾਤਾ ਅਤੇ ਵਿੱਤੀ ਜਾਣਕਾਰੀ ਸ਼ਾਮਲ ਹੈ। ਇਸ ’ਚ ਨਾਂ, ਪਤਾ, ਰਿਹਾਇਸ਼ ਦਾ ਦੇਸ਼ ਅਤੇ ਟੈਕਸ ਪਛਾਣ ਨੰਬਰ ਦੇ ਨਾਲ-ਨਾਲ ਰੀਪੋਰਟਿੰਗ ਵਾਲੇ ਵਿੱਤੀ ਸੰਸਥਾਨ, ਖਾਤੇ ਦੇ ਬਕਾਏ ਅਤੇ ਪੂੰਜੀ ਆਮਦਨ ਨਾਲ ਸਬੰਧਤ ਜਾਣਕਾਰੀ ਸ਼ਾਮਲ ਹੈ।
ਅਧਿਕਾਰੀਆਂ ਨੇ ਜਾਣਕਾਰੀ ਦੇ ਲੈਣ-ਦੇਣ ਸੰਬੰਧੀ ਗੁਪਤਤਾ ਨਿਯਮਾਂ ਅਤੇ ਅਗਲੇਰੀ ਜਾਂਚ ’ਤੇ ਇਸ ਦੇ ਬੁਰੇ ਅਸਰ ਦਾ ਹਵਾਲਾ ਦਿੰਦੇ ਹੋਏ, ਸ਼ਾਮਲ ਕੀਤੀ ਗਈ ਜਾਣਕਾਰੀ ਦੀ ਰਕਮ ਜਾਂ ਕਿਸੇ ਹੋਰ ਵੇਰਵਿਆਂ ਦਾ ਪ੍ਰਗਟਾਵਾ ਨਹੀਂ ਕੀਤਾ ਹੈ। ਉਨ੍ਹਾਂ ਕਿਹਾ ਕਿ ਵੇਰਵਿਆਂ ਦੀ ਵਰਤੋਂ ਟੈਕਸ ਚੋਰੀ, ਕਾਲੇ ਧਨ ਨੂੰ ਚਿੱਟਾ ਕਰਨ ਅਤੇ ਅਤਿਵਾਦ ਨੂੰ ਪੈਸਾ ਦੇਣ ਸਮੇਤ ਹੋਰ ਗਲਤ ਕੰਮਾਂ ਦੀ ਜਾਂਚ ਲਈ ਕੀਤੀ ਜਾਵੇਗੀ। ਅਧਿਕਾਰੀਆਂ ਨੇ ਦੱਸਿਆ ਕਿ ਇਹ ਅਦਲਾ-ਬਦਲੀ ਪਿਛਲੇ ਮਹੀਨੇ ਹੋਈ ਸੀ। ਸਵਿਟਜ਼ਰਲੈਂਡ ਹੁਣ ਸਤੰਬਰ 2024 ’ਚ ਮੁੜ ਅਜਿਹੀ ਜਾਣਕਾਰੀ ਸਾਂਝੀ ਕਰੇਗਾ।