
wallet ਦੀ ਹੱਦ 5,000 ਰੁਪਏ ਤਕ ਹੋਈ
RBI MPC meet : ਯੂ.ਪੀ.ਆਈ. ਦੀ ਪ੍ਰਸਿੱਧੀ ਨੂੰ ਹੋਰ ਵਧਾਉਣ ਲਈ ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਨੇ ਯੂ.ਪੀ.ਆਈ. ਲਾਈਟ ਵਾਲੇਟ ਦੀ ਹੱਦ 2,000 ਰੁਪਏ ਤੋਂ ਵਧਾ ਕੇ 5,000 ਰੁਪਏ ਅਤੇ ਪ੍ਰਤੀ ਲੈਣ-ਦੇਣ ਦੀ ਹੱਦ 1,000 ਰੁਪਏ ਕਰਨ ਦਾ ਪ੍ਰਸਤਾਵ ਰੱਖਿਆ ਹੈ।
ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਬੁਧਵਾਰ ਨੂੰ ਦੁਮਾਹੀ ਮੁਦਰਾ ਨੀਤੀ ਸਮੀਖਿਆ ਪੇਸ਼ ਕਰਦੇ ਹੋਏ ਕਿਹਾ ਕਿ ਲਗਾਤਾਰ ਨਵੀਨਤਾ ਅਤੇ ਸਵੀਕਾਰਤਾ ਨਾਲ ਯੂ.ਪੀ.ਆਈ. (ਯੂਨੀਫਾਈਡ ਪੇਮੈਂਟ ਇੰਟਰਫੇਸ) ਨੇ ਡਿਜੀਟਲ ਭੁਗਤਾਨ ਨੂੰ ਆਸਾਨ ਅਤੇ ਸਮਾਵੇਸ਼ੀ ਬਣਾ ਕੇ ਦੇਸ਼ ਦੇ ਵਿੱਤੀ ਦ੍ਰਿਸ਼ ਨੂੰ ਬਦਲ ਦਿਤਾ ਹੈ।
ਉਨ੍ਹਾਂ ਕਿਹਾ, ‘‘ਵਰਤੋਂ ਨੂੰ ਹੋਰ ਉਤਸ਼ਾਹਤ ਕਰਨ ਅਤੇ ਇਸ ਨੂੰ ਵਧੇਰੇ ਸਮਾਵੇਸ਼ੀ ਬਣਾਉਣ ਲਈ, ਯੂ.ਪੀ.ਆਈ.123ਪੇ ’ਚ ਪ੍ਰਤੀ ਲੈਣ-ਦੇਣ ਦੀ ਹੱਦ 5,000 ਰੁਪਏ ਤੋਂ ਵਧਾ ਕੇ 10,000 ਰੁਪਏ ਕਰਨ ਦਾ ਪ੍ਰਸਤਾਵ ਹੈ। ਯੂ.ਪੀ.ਆਈ. ਵਾਲੇਟ ਦੀ ਹੱਦ 2,000 ਰੁਪਏ ਤੋਂ ਵਧਾ ਕੇ 5,000 ਰੁਪਏ ਅਤੇ ਪ੍ਰਤੀ ਲੈਣ-ਦੇਣ ਦੀ ਸੀਮਾ 1,000 ਰੁਪਏ ਕਰਨ ਦਾ ਵੀ ਫੈਸਲਾ ਕੀਤਾ ਗਿਆ ਹੈ।’’
ਰਿਜ਼ਰਵ ਬੈਂਕ ਨੇ ਇਕ ਬਿਆਨ ’ਚ ਕਿਹਾ ਕਿ ਯੂ.ਪੀ.ਆਈ. ਲਾਈਟ ਲਈ ਰਿਜ਼ਰਵ ਬੈਂਕ ਦੇ ਢਾਂਚੇ ’ਚ ਢੁਕਵੀਂ ਸੋਧ ਕੀਤੀ ਜਾਵੇਗੀ ਤਾਂ ਜੋ ਆਫਲਾਈਨ ਡਿਜੀਟਲ ਤਰੀਕਿਆਂ ਨਾਲ ਛੋਟੇ ਮੁੱਲ ਦੇ ਭੁਗਤਾਨ ਨੂੰ ਸਹੂਲਤਜਨਕ ਬਣਾਇਆ ਜਾ ਸਕੇ। ਇਸ ਤੋਂ ਇਲਾਵਾ ‘ਯੂ.ਪੀ.ਆਈ.123 ਪੇ’ ਦੀ ਸਹੂਲਤ ਹੁਣ 12 ਭਾਸ਼ਾਵਾਂ ’ਚ ਉਪਲੱਬਧ ਹੋਵੇਗੀ। ਆਰ.ਬੀ.ਆਈ. ਨੇ ਕਿਹਾ ਕਿ ਇਸ ਸਬੰਧ ’ਚ ਦਿਸ਼ਾ ਹੁਕਮ ਜਲਦੀ ਹੀ ਜਾਰੀ ਕੀਤੇ ਜਾਣਗੇ।