
ਨਰਾਤਿਆਂ ਦੇ ਦੂਜੇ ਦਿਨ ਚਾਂਦੀ ਨੇ ਵੀ ਬਣਾਇਆ ਨਵਾਂ ਰੀਕਾਰਡ
ਨਵੀਂ ਦਿੱਲੀ: ਆਲਮੀ ਬਾਜ਼ਾਰਾਂ ’ਚ ਮਜ਼ਬੂਤ ਰੁਝਾਨ ਦੇ ਵਿਚਕਾਰ ਬੁਧਵਾਰ ਨੂੰ ਕੌਮੀ ਰਾਜਧਾਨੀ ’ਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਇਕ ਹੋਰ ਰੀਕਾਰਡ ਪੱਧਰ ’ਤੇ ਪਹੁੰਚ ਗਈਆਂ। ਸੋਨਾ ਪਹਿਲੀ ਵਾਰ 72 ਹਜ਼ਾਰ ਰੁਪਏ ਪ੍ਰਤੀ 10 ਗ੍ਰਾਮ ਦੇ ਪੱਧਰ ’ਤੇ ਪਹੁੰਚ ਗਿਆ। ਐਚ.ਡੀ.ਐਫ.ਸੀ. ਸਕਿਓਰਿਟੀਜ਼ ਨੇ ਇਹ ਜਾਣਕਾਰੀ ਦਿਤੀ। ਕੌਮੀ ਰਾਜਧਾਨੀ ’ਚ ਸੋਨੇ ਦੀ ਕੀਮਤ 160 ਰੁਪਏ ਦੀ ਤੇਜ਼ੀ ਨਾਲ 72,000 ਰੁਪਏ ਪ੍ਰਤੀ 10 ਗ੍ਰਾਮ ’ਤੇ ਪਹੁੰਚ ਗਈ।
ਚਾਂਦੀ ਦੀ ਕੀਮਤ ਵੀ 200 ਰੁਪਏ ਦੀ ਤੇਜ਼ੀ ਨਾਲ 84,700 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਨਵੇਂ ਰੀਕਾਰਡ ਪੱਧਰ ’ਤੇ ਪਹੁੰਚ ਗਈ। ਐਚ.ਡੀ.ਐਫ.ਸੀ. ਸਕਿਓਰਿਟੀਜ਼ ਰੀਸਰਚ ਦੇ ਵਿਸ਼ਲੇਸ਼ਕ ਸੌਮਿਲ ਗਾਂਧੀ ਨੇ ਕਿਹਾ ਕਿ ਵਿਦੇਸ਼ਾਂ ’ਚ ਮਜ਼ਬੂਤ ਰੁਝਾਨ ਤੋਂ ਸੰਕੇਤ ਲੈਂਦੇ ਹੋਏ ਦਿੱਲੀ ਦੇ ਬਾਜ਼ਾਰਾਂ ’ਚ 24 ਕੈਰਟ ਸੋਨੇ ਦੀ ਸਪਾਟ ਕੀਮਤ 72,000 ਰੁਪਏ ਪ੍ਰਤੀ 10 ਗ੍ਰਾਮ ਦੇ ਨਵੇਂ ਰੀਕਾਰਡ ਉੱਚੇ ਪੱਧਰ ’ਤੇ ਕਾਰੋਬਾਰ ਕਰ ਰਹੀ ਹੈ, ਜੋ ਪਿਛਲੇ ਬੰਦ ਦੇ ਮੁਕਾਬਲੇ 160 ਰੁਪਏ ਦਾ ਵਾਧਾ ਹੈ।