
ਬੰਬਈ ਸ਼ੇਅਰ ਬਾਜ਼ਾਰ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 354.45 ਅੰਕ ਯਾਨੀ 0.47 ਫੀ ਸਦੀ ਦੀ ਤੇਜ਼ੀ ਨਾਲ 75,038.15 ਅੰਕ ’ਤੇ ਬੰਦ ਹੋਇਆ
ਮੁੰਬਈ: ਘਰੇਲੂ ਸ਼ੇਅਰ ਬਾਜ਼ਾਰ ’ਚ ਬੁਧਵਾਰ ਨੂੰ ਤੇਜ਼ੀ ਆਈ ਅਤੇ ਬੀ.ਐੱਸ.ਈ. ਸੈਂਸੈਕਸ 354 ਅੰਕ ਚੜ੍ਹ ਕੇ ਪਹਿਲੀ ਵਾਰ 75,000 ਦੇ ਪੱਧਰ ਤੋਂ ਉੱਪਰ ਬੰਦ ਹੋਇਆ। ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਵੀ ਨਵੇਂ ਰੀਕਾਰਡ ਪੱਧਰ ’ਤੇ ਬੰਦ ਹੋਇਆ। ਮੁੱਖ ਤੌਰ ’ਤੇ ਐਫ.ਐਮ.ਸੀ.ਜੀ. ਕੰਪਨੀਆਂ, ਊਰਜਾ ਅਤੇ ਧਾਤੂ ਸ਼ੇਅਰਾਂ ’ਚ ਵਾਧੇ ਕਾਰਨ ਬਾਜ਼ਾਰ ’ਚ ਤੇਜ਼ੀ ਆਈ। ਬੰਬਈ ਸ਼ੇਅਰ ਬਾਜ਼ਾਰ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 354.45 ਅੰਕ ਯਾਨੀ 0.47 ਫੀ ਸਦੀ ਦੀ ਤੇਜ਼ੀ ਨਾਲ 75,038.15 ਅੰਕ ’ਤੇ ਬੰਦ ਹੋਇਆ।
ਕਾਰੋਬਾਰ ਦੌਰਾਨ ਇਹ 421.44 ਅੰਕ ਚੜ੍ਹ ਕੇ 75,105.14 ਅੰਕ ਦੇ ਨਵੇਂ ਰੀਕਾਰਡ ਪੱਧਰ ’ਤੇ ਪਹੁੰਚ ਗਿਆ। ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 111.05 ਅੰਕ ਯਾਨੀ 0.49 ਫੀ ਸਦੀ ਦੇ ਵਾਧੇ ਨਾਲ 22,753.80 ਅੰਕ ’ਤੇ ਬੰਦ ਹੋਇਆ। ਕਾਰੋਬਾਰ ਦੌਰਾਨ ਇੰਡੈਕਸ 132.95 ਅੰਕ ਚੜ੍ਹ ਕੇ 22,775.70 ਦੇ ਰੀਕਾਰਡ ਪੱਧਰ ’ਤੇ ਪਹੁੰਚ ਗਿਆ। ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਕਾਰੋਬਾਰ ਦੌਰਾਨ ਦੋਵੇਂ ਬੈਂਚਮਾਰਕ ਸੂਚਕ ਅੰਕ ਹੁਣ ਤਕ ਦੇ ਸੱਭ ਤੋਂ ਉੱਚੇ ਪੱਧਰ ’ਤੇ ਪਹੁੰਚ ਗਏ ਸਨ। ਸੈਂਸੈਕਸ ਪਹਿਲੀ ਵਾਰ 75 ਹਜ਼ਾਰ ਤੋਂ ਉੱਪਰ ਪਹੁੰਚਿਆ। ਪਰ ਬਾਅਦ ’ਚ ਮੁਨਾਫਾ ਬੁਕਿੰਗ ਕਾਰਨ ਇਹ ਘਾਟੇ ’ਚ ਸੀ। ਜੀਓਜੀਤ ਫਾਈਨੈਂਸ਼ੀਅਲ ਸਰਵਿਸਿਜ਼ ਦੇ ਰੀਸਰਚ ਮੁਖੀ ਵਿਨੋਦ ਨਾਇਰ ਨੇ ਕਿਹਾ ਕਿ ਘਰੇਲੂ ਬਾਜ਼ਾਰ ’ਚ ਤੇਜ਼ੀ ਬਣੀ ਹੋਈ ਹੈ। ਇਸ ਦਾ ਕਾਰਨ ਸਮਾਲ ਕੈਪ, ਮਿਡ ਕੈਪ ਅਤੇ ਲਾਰਜ ਕੈਪ ਸ਼ੇਅਰਾਂ ’ਚ ਚੰਗੀ ਤੇਜ਼ੀ ਹੈ।
ਸੈਂਸੈਕਸ ’ਚ ਆਈ.ਟੀ. ਸੀ, ਕੋਟਕ ਮਹਿੰਦਰਾ ਬੈਂਕ, ਭਾਰਤੀ ਏਅਰਟੈੱਲ, ਐਸ.ਬੀ.ਆਈ., ਏਸ਼ੀਅਨ ਪੇਂਟਸ, ਟੈਕ ਮਹਿੰਦਰਾ, ਰਿਲਾਇੰਸ ਇੰਡਸਟਰੀਜ਼ ਅਤੇ ਨੈਸਲੇ ਦੇ ਸ਼ੇਅਰਾਂ ’ਚ ਵਾਧਾ ਦਰਜ ਕੀਤਾ ਗਿਆ। ਦੂਜੇ ਪਾਸੇ ਮਾਰੂਤੀ, ਐਚ.ਡੀ.ਐਫ.ਸੀ. ਬੈਂਕ, ਲਾਰਸਨ ਐਂਡ ਟੂਬਰੋ ਅਤੇ ਮਹਿੰਦਰਾ ਐਂਡ ਮਹਿੰਦਰਾ ਦੇ ਸ਼ੇਅਰਾਂ ’ਚ ਗਿਰਾਵਟ ਦਰਜ ਕੀਤੀ ਗਈ। ਈਦ ਦੇ ਕਾਰਨ ਵੀਰਵਾਰ ਨੂੰ ਸ਼ੇਅਰ ਅਤੇ ਮੁਦਰਾ ਬਾਜ਼ਾਰ ਬੰਦ ਰਹਿਣਗੇ।