
ਵਾਹਨਾਂ ਦੀ ਵਿਕਰੀ ’ਚ 31.57 ਫ਼ੀਸਦੀ ਗਿਰਾਵਟ
ਨਵੀਂ ਦਿੱਲੀ: ਦੇਸ਼ ਦੇ ਆਟੋਮੋਬਾਈਲ ਸੈਕਟਰ ਵਿਚ ਇਸ ਸਮੇਂ ਹਾਹਾਕਾਰ ਮਚੀ ਹੋਈ ਹੈ। ਦੇਸ਼ ਦਾ ਆਟੋਮੋਬਾਈਲ ਬਾਜ਼ਾਰ ਲਗਾਤਾਰ ਮੰਦੀ ਦੇ ਦਲਦਲ ਵਿਚ ਧਸਦਾ ਜਾ ਰਿਹਾ ਹੈ। ਤਾਜ਼ਾ ਅੰਕੜਿਆਂ ਮੁਤਾਬਕ ਲਗਾਤਾਰ 10ਵੇਂ ਮਹੀਨੇ ਅਗਸਤ ਵਿਚ ਪੈਸੰਜਰ ਕਾਰਾਂ ਦੀ ਵਿਕਰੀ ਵਿਚ 31.57 ਫ਼ੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ ਜੋ ਪਿਛਲੇ 20 ਸਾਲਾਂ ਯਾਨੀ 1997-98 ਤੋਂ ਬਾਅਦ ਸਭ ਤੋਂ ਘੱਟ ਪੱਧਰ ’ਤੇ ਆ ਪਹੁੰਚੀ ਹੈ।
Auto sector
ਪਿਛਲੇ ਦੋ ਦਹਾਕਿਆਂ ਵਿਚ ਵਿਕਰੀ ਵਿਚ ਇੰਨੀ ਭਿਆਨਕ ਗਿਰਾਵਟ ਪਹਿਲੀ ਵਾਰ ਦੇਖਣ ਨੂੰ ਮਿਲੀ ਹੈ। ਵਾਹਨ ਨਿਰਮਾਤਾਵਾਂ ਦੇ ਸੰਗਠਨ ਸਿਆਮ ਦੇ ਅੰਕੜਿਆਂ ਮੁਤਾਬਕ ਅਗਸਤ ਵਿਚ ਯਾਤਰੀ ਵਾਹਨਾਂ ਦੀ ਵਿਕਰੀ ਇਕ ਸਾਲ ਪਹਿਲਾਂ ਇਸੇ ਮਹੀਨੇ ਦੀ ਤੁਲਨਾ ਵਿਚ 31.57 ਫ਼ੀਸਦੀ ਘਟ ਕੇ 1 ਲੱਖ 96 ਹਜ਼ਾਰ 524 ਰਹਿ ਗਈ ਜਦਕਿ ਇਕ ਸਾਲ ਪਹਿਲਾਂ ਅਗਸਤ ਵਿਚ 2 ਲੱਖ 87 ਹਜ਼ਾਰ 198 ਵਾਹਨਾਂ ਦੀ ਵਿਕਰੀ ਹੋਈ ਸੀ।
SIAM
ਸਿਆਮ ਵੱਲੋਂ ਸੋਮਵਾਰ ਨੂੰ ਜਾਰੀ ਕੀਤੇ ਅੰਕੜਿਆਂ ਮੁਤਾਬਕ ਅਗਸਤ 2019 ਵਿਚ ਘਰੇਲੂ ਬਾਜ਼ਾਰ ਵਿਚ ਕਾਰਾਂ ਦੀ ਵਿਕਰੀ 41.09 ਫ਼ੀਸਦੀ ਘਟ ਕੇ 1 ਲੱਖ 15 ਹਜ਼ਾਰ 957 ਕਾਰਾਂ ਰਹਿ ਗਈ ਹੈ। ਜਦਕਿ ਇਕ ਸਾਲ ਪਹਿਲਾਂ ਅਗਸਤ ਵਿਚ 1 ਲੱਖ 96 ਹਜ਼ਾਰ 847 ਕਾਰਾਂ ਵਿਕੀਆਂ ਸਨ। ਇਸੇ ਤਰ੍ਹਾਂ ਜੇਕਰ ਦੁਪਹੀਆ ਵਾਹਨਾਂ ਦੀ ਗੱਲ ਕੀਤੀ ਜਾਵੇ ਤਾਂ ਇਨ੍ਹਾਂ ਦੀ ਵਿਕਰੀ 22.24 ਫ਼ੀਸਦੀ ਘਟ ਕੇ 15 ਲੱਖ 14 ਹਜ਼ਾਰ 196 ਇਕਾਈ ਰਹਿ ਗਈ ਹੈ। ਜਦਕਿ ਇਕ ਸਾਲ ਪਹਿਲਾਂ ਇਸੇ ਮਹੀਨੇ ਵਿਚ ਦੇਸ਼ ਵਿਚ 19 ਲੱਖ 47 ਹਜ਼ਾਰ 304 ਦੁਪਹੀਆ ਵਾਹਨਾਂ ਦੀ ਵਿਕਰੀ ਹੋਈ ਸੀ।
Automobile industry
ਇਸ ਵਿਚ ਮੋਟਰਸਾਈਕਲਾਂ ਦੀ ਵਿਕਰੀ 22.33 ਫ਼ੀਸਦੀ ਘਟ ਕੇ 9 ਲੱਖ 37 ਹਜ਼ਾਰ 486 ਮੋਟਰਸਾਈਕਲ ਰਹਿ ਗਈ ਜਦਕਿ ਇਕ ਸਾਲ ਪਹਿਲਾਂ ਇਸੇ ਮਹੀਨੇ ਵਿਚ 12 ਲੱਖ 7 ਹਜ਼ਾਰ ਪੰਜ ਮੋਟਰਸਾਈਕਲਾਂ ਵਿਕੀਆਂ ਸਨ। ਸਿਆਮ ਦੇ ਅੰਕੜਿਆਂ ਮੁਤਾਬਕ ਅਗਸਤ ਮਹੀਨੇ ਵਿਚ ਮਾਲ ਵਾਹਕ ਵਾਹਨਾਂ ਦੀ ਵਿਕਰੀ 38.71 ਫ਼ੀਸਦੀ ਘਟ ਕੇ 51 ਹਜ਼ਾਰ 897 ਰਹੀ। ਕੁੱਲ ਮਿਲਾ ਕੇ ਜੇਕਰ ਸਾਰੇ ਤਰ੍ਹਾਂ ਦੇ ਵਾਹਨਾਂ ਦੀ ਗੱਲ ਕੀਤੀ ਜਾਵੇ ਤਾਂ ਅਗਸਤ 2019 ਵਿਚ ਕੁੱਲ ਵਾਹਨ ਵਿਕਰੀ 23.55 ਫ਼ੀਸਦੀ ਘਟ ਕੇ 18 ਲੱਖ 21 ਹਜ਼ਾਰ 490 ਵਾਹਨ ਰਹਿ ਗਈ ਜਦਕਿ ਇਕ ਸਾਲ ਪਹਿਲਾਂ ਇਸੇ ਮਹੀਨੇ ਵਿਚ ਕੁੱਲ 23 ਲੱਖ 82 ਹਜ਼ਾਰ 436 ਵਾਹਨਾਂ ਦੀ ਵਿਕਰੀ ਹੋਈ ਸੀ।
GST
ਆਟੋ ਸੈਕਟਰ ਵਿਚ ਆਈ ਇਸ ਮੰਦੀ ਕਾਰਨ ਕੁੱਝ ਵਾਹਨ ਨਿਰਮਾਤਾ ਕੰਪਨੀਆਂ ਨੇ ਅਪਣੇ ਵਾਹਨਾਂ ਦਾ ਪ੍ਰੋਡਕਸ਼ਨ ਵੀ ਘੱਟ ਕਰ ਦਿੱਤਾ ਹੈ। ਮਾਰੂਤੀ ਸੁਜ਼ੂਕੀ ਨੇ ਇਸ ਸਤੰਬਰ ਮਹੀਨੇ ਵਿਚ 7 ਅਤੇ 9 ਤਰੀਕ ਨੂੰ ਮਾਨੇਸਰ ਅਤੇ ਗੁਰੂਗ੍ਰਾਮ ਦੇ ਪਲਾਂਟ ’ਤੇ ਕੰਮ ਬੰਦ ਕਰਨ ਦਾ ਐਲਾਨ ਕੀਤਾ ਸੀ, ਉਥੇ ਹੀ ਟਾਟਾ ਮੋਟਰਜ਼, ਮਹਿੰਦਰਾ ਅਤੇ ਹੌਂਡਾ ਨੇ ਵੀ ਕੁੱਝ ਦਿਨਾਂ ਲਈ ਪ੍ਰੋਡਕਸ਼ਨ ਬੰਦ ਕੀਤਾ ਸੀ। ਵਾਹਨਾਂ ਦੀ ਵਿਕਰੀ ਵਿਚ ਆਈ ਇਸ ਗਿਰਾਵਟ ਦਾ ਅਸਰ ਦੇਸ਼ ਦੀ ਅਰਥਵਿਵਸਥਾ ’ਤੇ ਵੀ ਸਾਫ਼ ਤੌਰ ’ਤੇ ਦੇਖਣ ਨੂੰ ਮਿਲੀ ਹੈ।
GST
ਦਰਅਸਲ ਕੁੱਝ ਅਰਥ ਸਾਸ਼ਤਰੀਆਂ ਵੱਲੋਂ ਇਸ ਮੰਦੀ ਨੂੰ ਨੋਟਬੰਦੀ ਕਰਨ ਅਤੇ ਜੀਐਸਟੀ ਲਗਾਏ ਜਾਣ ਦਾ ਨਤੀਜਾ ਦੱਸਿਆ ਜਾ ਰਿਹਾ ਹੈ, ਹੁਣ ਦੇਸ਼ ਦੀਆਂ ਦਿੱਗਜ਼ ਵਾਹਨ ਨਿਰਮਾਤਾ ਕੰਪਨੀਆਂ ਨੇ ਸਰਕਾਰ ਕੋਲੋਂ ਜੀਐਸਟੀ ਰੇਟ ਵਿਚ ਸੋਧ ਦੀ ਮੰਗ ਕੀਤੀ ਹੈ। ਵਰਤਮਾਨ ਸਮੇਂ ਪੈਟਰੌਲ ਅਤੇ ਡੀਜ਼ਲ ਵਾਹਨਾਂ ’ਤੇ 28 ਫ਼ੀਸਦੀ ਜੀਐਸਟੀ ਲਾਗੂ ਹੈ। ਕੁੱਝ ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਆਟੋ ਸੈਕਟਰ ਵਿਚ ਆਈ ਮੰਦੀ ਤੋਂ ਉਭਰਨਾ ਹੈ ਤਾਂ ਸਰਕਾਰ ਨੂੰ ਜੀਐਸਟੀ ਰੇਟ ਨੂੰ ਘੱਟ ਕਰਨਾ ਹੋਵੇਗਾ ਅਤੇ ਅਪਣੀਆਂ ਹੋਰ ਨੀਤੀਆਂ ਵਿਚ ਸੁਧਾਰ ਕਰਨਾ ਹੋਵੇਗਾ।
ਦੇਖੋ ਵੀਡੀਓ :
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।