ਹਿੱਸੇਦਾਰੀ ਨੂੰ ਲੈ ਹੋਣ ਵਾਲੇ ਝਗੜੇ ਹੋਣਗੇ ਖ਼ਤਮ
ਚੰਡੀਗੜ੍ਹ (ਸ਼ਾਹ): ਬੈਂਕ ਖਾਤੇ ਵਿਚ ਨਾਮਿਨੀ ਬਣਾਏ ਜਾਣ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿਸ ਵਿਚ ਹੁਣ ਇਕ ਨਵੰਬਰ ਤੋਂ ਵੱਡਾ ਬਦਲਾਅ ਹੋਣ ਜਾ ਰਿਹਾ ਹੈ। ਜਾਣਕਾਰੀ ਮਿਲ ਰਹੀ ਹੈ ਕਿ ਬੈਂਕ ਖਾਤੇ ਵਿਚ ਹੁਣ ਇਕ ਦੀ ਥਾਂ ਚਾਰ ਲੋਕਾਂ ਨੂੰ ਨਾਮਿਨੀ ਬਣਾਇਆ ਜਾ ਸਕੇਗਾ। ਹੋਰ ਕੀ ਕੀ ਹੋਣ ਜਾ ਰਿਹਾ ਬਦਲਾਅ, ਦੇਖੋ ਪੂਰੀ ਖ਼ਬਰ।
ਸਰਕਾਰ ਵੱਲੋਂ ਬੈਂਕਿੰਗ ਸਿਸਟਮ ਵਿਚ ਇਕ ਨਵੰਬਰ ਤੋਂ ਇਕ ਵੱਡਾ ਬਦਲਾਅ ਕੀਤਾ ਜਾਵੇਗਾ, ਜਿਸ ਨਾਲ ਲੋਕਾਂ ਨੂੰ ਹੁਣ ਇਕ ਹੋਰ ਵੱਡੀ ਸਹੂਲਤ ਮਿਲਣ ਜਾ ਰਹੀ ਹੈ। ਦਰਅਸਲ ਬੈਂਕ ਅਕਾਊਂਟ ਵਿਚ ਹੁਣ ਇਕ ਦੀ ਬਜਾਏ ਚਾਰ ਨਾਮਿਨੀ ਬਣਾਏ ਜਾ ਸਕਣਗੇ। ਹੋਰ ਤਾਂ ਹੋਰ ਅਕਾਊਂਟ ਹੋਲਡਰ ਇਹ ਵੀ ਤੈਅ ਕਰ ਸਕੇਗਾ ਕਿ ਕਿਸ ਨਾਮਿਨੀ ਦਾ ਕਿੰਨਾ ਹਿੱਸਾ ਹੋਵੇਗਾ। ਬੈਂਕ ਖਾਤਾ ਧਾਰਕ ਨੂੰ ਇਹ ਤੈਅ ਕਰਨ ਦਾ ਵੀ ਅਧਿਕਾਰ ਹੋਵੇਗਾ ਕਿ ਚਾਰੇ ਨਾਮਿਨੀ ਵਿਚੋਂ ਹਿੱਸੇ ਦੇ ਲਈ ਪਹਿਲ ਕਿਸ ਨੂੰ ਮਿਲੇਗੀ। ਯਾਨੀ ਕਿ ਜੇਕਰ ਪਹਿਲੇ ਨੰਬਰ ਦਾ ਨਾਮਿਨੀ ਨਾ ਰਹੇ ਤਾਂ ਦੂਜੇ ਦਾ ਨੰਬਰ ਆਪਣੇ ਆਪ ਹੀ ਆ ਜਾਵੇਗਾ। ਇਸੇ ਤਰ੍ਹਾਂ ਤੀਜੇ ਅਤੇ ਚੌਥੇ ਨਾਮਿਨੀ ਵੀ ਆਪੋ ਆਪਣੇ ਦਾਅਵੇਦਾਰੀ ਕਰ ਸਕਣਗੇ।
ਨਾਮਿਨੀ ਦਾ ਮਤਲਬ ਹੁੰਦਾ ਹੈ, ਖਾਤਾਧਾਰਕ ਦੀ ਮੌਤ ਹੋਣ ਤੋਂ ਬਾਅਦ ਖਾਤੇ ਵਿਚ ਪਈ ਰਕਮ ਨੂੰ ਕਲੇਮ ਕਰਨ ਦਾ ਅਧਿਕਾਰ ਰੱਖਣ ਵਾਲਾ। ਹਾਲੇ ਤੱਕ ਇਸ ਵਿਚ ਇਕ ਹੀ ਨਾਮ ਹੁੰਦਾ ਸੀ। ਖਾਤਾ ਧਾਰਕ ਦੀ ਮੌਤ ਤੋਂ ਬਾਅਦ ਜੇਕਰ ਕੋਈ ਵਿਵਾਦ ਨਹੀਂ ਹੈ, ਤਾਂ ਬੈਂਕ ਨਾਮਿਨੀ ਦੇ ਖਾਤੇ ਵਿਚ ਪੈਸਾ ਟ੍ਰਾਂਸਫਰ ਕਰ ਦਿੰਦਾ ਹੈ। ਹੁਣ ਇਸ ਵਿਚ ਤਿੰਨ ਲੋਕ ਹੋਰ ਜੋੜੇ ਜਾ ਸਕਣਗੇ। ਯਾਨੀ ਕਿ ਖਾਤਾਧਾਰਕ ਆਪਣੀ ਜਮ੍ਹਾਂ ਰਾਸ਼ੀ ਨੂੰ ਬਰਾਬਰ ਰੂਪ ਨਾਲ ਪਤਨੀ, ਬੇਟੇ, ਬੇਟੀ ਜਾਂ ਮਾਤਾ ਨੂੰ ਵੰਡ ਸਕੇਗਾ। ਜੇਕਰ ਅਜਿਹਾ ਨਹੀਂ ਕਰਨਾ ਤਾਂ ਜਿੰਨਾ ਮਨ ਕਰੇ, ਓਨਾ ਹਿੱਸਾ ਵੀ ਤੈਅ ਕੀਤਾ ਜਾ ਸਕੇਗਾ।
ਜੇਕਰ ਸੇਫ ਕਸਟੱਡੀ ਅਤੇ ਲਾਕਰ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਵੀ ਹੁਣ ਚਾਰ ਨਾਮਿਨੀ ਜੋੜੇ ਜਾ ਸਕਦੇ ਹਨ, ਪਰ ਹਿੱਸੇਦਾਰੀ ਵਾਲਾ ਕੋਈ ਸੀਨ ਨਹੀਂ ਹੋਵੇਗਾ। ਇਸ ਦੇ ਨਾਲ ਇਕ ਹੋਰ ਬਦਲਾਅ ਹੋਣ ਵਾਲਾ ਹੈ। ਜੇਕਰ ਬੈਂਕ ਵਿਚ ਪਿਆ ਪੈਸਾ ਸ਼ੇਅਰ, ਵਿਆਜ, ਸੱਤ ਸਾਲ ਤੱਕ ਕੋਈ ਕਲੇਮ ਨਹੀਂ ਕਰਦਾ ਤਾਂ ਉਸ ਨੂੰ ਇਨਵੈਸਟਰ ਐਜੂਕੇਸ਼ਨ ਐਂਡ ਪ੍ਰੋਟੈਕਸ਼ਨ ਫੰਡ ਵਿਚ ਭੇਜ ਦਿੱਤਾ ਜਾਵੇਗਾ।
ਦਰਅਸਲ ਪਹਿਲਾਂ ਇਕ ਨਾਮਿਨੀ ਹੋਣ ਕਰਕੇ ਅਕਸਰ ਹੀ ਬਹੁਤ ਝਗੜੇ ਪੈਦਾ ਹੁੰਦੇ ਸੀ, ਪਰ ਹੁਣ ਨਵੇਂ ਬਦਲਾਅ ਤੋਂ ਬਾਅਦ ਹਿੱਸੇਦਾਰੀ ਨੂੰ ਲੈ ਕੇ ਹੋਣ ਵਾਲੇ ਝਗੜੇ ਜਾਂ ਕੋਰਟ ਕੇਸ ਘੱਟ ਹੋਣਗੇ। ਖਾਤੇ ਵਿਚ ਹੋਰ ਨਾਮਿਨੀ ਦਾ ਨਾਮ ਜੋੜਨ ਲਈ ਤੁਸੀਂ ਬੈਂਕ ਦੀ ਬ੍ਰਾਂਚ ਵਿਚ ਜਾ ਸਕਦੇ ਹੋ। ਇੱਥੇ ਡੀਏ-1 ਫਾਰਮ ਭਰ ਕੇ ਪ੍ਰਕਿਰਿਆ ਪੂਰੀ ਹੋ ਜਾਵੇਗੀ। ਆਨਲਾਈਨ ਵੀ ਅਜਿਹਾ ਕੀਤਾ ਜਾ ਸਕਦਾ ਹੈ। ਇਹ ਪ੍ਰਕਿਰਿਆ ਪੁਰਾਣੇ ਖਾਤਿਆਂ ਲਈ ਹੈ, ਕਿਉਂਕਿ ਨਵਾਂ ਖਾਤਾ ਖੋਲ੍ਹਦੇ ਸਮੇਂ ਤਾਂ ਨਾਮਿਨੀ ਭਰਨਾ ਹੀ ਪੈਂਦਾ ਹੈ। ਸੋ ਜੇਕਰ ਤੁਸੀਂ ਵੀ ਆਪਣੇ ਖਾਤੇ ਵਿਚ ਹੋਰ ਨਾਮਿਨੀ ਦੇ ਨਾਮ ਜੋੜਨਾ ਚਾਹੁੰਦੇ ਹੋ ਤਾਂ ਇਕ ਨਵੰਬਰ ਤੋਂ ਬਾਅਦ ਵਿਚ ਬੈਂਕ ਵਿਚ ਜਾ ਕੇ ਇਹ ਕੰਮ ਕਰਵਾ ਸਕਦੇ ਹੋ।
