
ਸਰਕਾਰੀ ਬੀਮਾ ਕੰਪਨੀਆਂ ਦੀ ਪ੍ਰੀਮੀਅਮ ਆਮਦਨ ਇਕ ਫੀ ਸਦੀ ਘੱਟ ਕੇ 34,203 ਕਰੋੜ ਰੁਪਏ ਰਹਿ ਗਈ
ਮੁੰਬਈ: ਜਨਤਕ ਖੇਤਰ ਦੀਆਂ ਆਮ ਬੀਮਾ ਕੰਪਨੀਆਂ ਦਾ ਉਦਯੋਗ ਦੇ ਪ੍ਰੀਮੀਅਮ ’ਚ ਹਿੱਸਾ ਪਹਿਲੀ ਵਾਰੀ ਇਕ-ਤਿਹਾਈ ਤੋਂ ਘੱਟ ਹੋ ਕੇ 32.5 ਫ਼ੀ ਸਦੀ ਰਹਿ ਗਿਆ ਹੈ। ਆਮ ਬੀਮਾ ਕੌਂਸਲ (ਜਨਰਲ ਇੰਸ਼ੋਅਰੈਂਸ ਕੌਂਸਲ) ਅਨੁਸਾਰ ਚਾਲੂ ਵਿੱਤੀ ਵਰ੍ਹੇ ਦੇ ਪਹਿਲੇ ਪੰਜ ਮਹੀਨਿਆਂ ’ਚ ਵੱਡੀਆਂ ਨਿਜੀ ਗ਼ੈਰ-ਜੀਵਨ ਬੀਮਾ ਕੰਪਨੀਆਂ ਨੇ ਅਪਣੀ ਸਥਿਤੀ ਮਜ਼ਬੂਤ ਕਰ ਲਈ ਹੈ।
ਚਾਲੂ ਵਿੱਤੀ ਸਾਲ ਦੇ ਪਹਿਲੇ ਪੰਜ ਮਹੀਨਿਆਂ ’ਚ ਸਰਕਾਰੀ ਬੀਮਾ ਕੰਪਨੀਆਂ ਦੀ ਪ੍ਰੀਮੀਅਮ ਆਮਦਨ ਇਕ ਫੀ ਸਦੀ ਘੱਟ ਕੇ 34,203 ਕਰੋੜ ਰੁਪਏ ਰਹਿ ਗਈ ਹੈ। ਇਸ ਕਾਰਨ ਉਨ੍ਹਾਂ ਦੀ ਬਾਜ਼ਾਰ ਹਿੱਸੇਦਾਰੀ 33.4 ਫੀ ਸਦੀ ਤੋਂ ਘਟ ਕੇ 32.5 ਫੀ ਸਦੀ ਰਹਿ ਗਈ ਹੈ। ਪਿਛਲੇ ਸਾਲ ਇਸੇ ਮਿਆਦ ’ਚ ਉਨ੍ਹਾਂ ਦੀ ਪ੍ਰੀਮੀਅਮ ਆਮਦਨ 37,100 ਕਰੋੜ ਰੁਪਏ ਸੀ।
ਜਦਕਿ ਸਿਹਤ ਖੇਤਰ ’ਚ ਇਕਹਿਰੀਆਂ ਸਿਹਤ ਬੀਮਾ ਕੰਪਨੀਆਂ ਦੀ ਬਾਜ਼ਾਰ ’ਚ ਹਿੱਸੇਦਾਰੀ ਵੀ ਦੋਹਰੇ ਅੰਕਾਂ ’ਚ 10.4 ਫੀ ਸਦੀ ਤਕ ਪਹੁੰਚ ਗਈ ਹੈ, ਜੋ ਪਿਛਲੇ ਵਿੱਤੀ ਸਾਲ ਦੇ ਪਹਿਲੇ ਪੰਜ ਮਹੀਨਿਆਂ ’ਚ 9.2 ਫੀ ਸਦੀ ਸੀ।
ਹਾਲਾਂਕਿ ਸੈਗਮੈਂਟ ਅਨੁਸਰ ਅੰਕੜੇ ਅਜੇ ਜਾਰੀ ਨਹੀਂ ਕੀਤੇ ਗਏ ਹਨ, ਪਰ ਵਿਅਕਤੀਗਤ ਸਿਹਤ ਬੀਮਾ ਕੰਪਨੀਆਂ ਦੀ ਕਾਰਗੁਜ਼ਾਰੀ ’ਚ ਸੁਧਾਰ ਹੋਇਆ ਹੈ।
ਆਮ ਬੀਮਾ ਕੌਂਸਲ ਦੇ ਅੰਕੜਿਆਂ ਅਨੁਸਾਰ, ਗੈਰ-ਜੀਵਨ ਬੀਮਾ ਖੇਤਰ ਵਿੱਤੀ ਸਾਲ ਦੇ ਪਹਿਲੇ ਪੰਜ ਮਹੀਨਿਆਂ ’ਚ 11.7 ਫ਼ੀ ਸਦੀ ਵਧ ਕੇ 1.14 ਲੱਖ ਕਰੋੜ ਰੁਪਏ ਹੋ ਗਿਆ, ਜੋ ਪਿਛਲੇ ਵਿੱਤੀ ਸਾਲ ਦੇ ਸਮਾਨ ਸਮੇਂ ’ਚ 1.02 ਲੱਖ ਕਰੋੜ ਰੁਪਏ ਸੀ।
ਦੇਸ਼ ’ਚ 26 ਜਨਰਲ ਬੀਮਾ ਕੰਪਨੀਆਂ ਹਨ, ਜਿਨ੍ਹਾਂ ’ਚੋਂ ਛੇ ਕੇਂਦਰ ਸਰਕਾਰ ਦੀ ਮਲਕੀਅਤ ਵਾਲੀਆਂ ਹਨ। ਜਨਤਕ ਖੇਤਰ ਦੀਆਂ ਬੀਮਾ ਕੰਪਨੀਆਂ ’ਚ ਨੈਸ਼ਨਲ ਇੰਸ਼ੋਰੈਂਸ ਕੰਪਨੀ, ਨਿਊ ਇੰਡੀਆ ਅਸ਼ੋਰੈਂਸ, ਓਰੀਐਂਟਲ ਇੰਸ਼ੋਰੈਂਸ, ਯੂਨਾਈਟਿਡ ਇੰਡੀਆ ਇੰਸ਼ੋਰੈਂਸ ਦੇ ਨਾਲ-ਨਾਲ ਭਾਰਤ ਦੀ ਖੇਤੀਬਾੜੀ ਬੀਮਾ ਕੰਪਨੀ ਅਤੇ ਈ.ਸੀ.ਜੀ.ਸੀ. (ਐਕਸਪੋਰਟ ਕ੍ਰੈਡਿਟ ਗਾਰੰਟੀ ਕਾਰਪੋਰੇਸ਼ਨ) ਵਰਗੀਆਂ ਵਿਸ਼ੇਸ਼ ਕੰਪਨੀਆਂ ਸ਼ਾਮਲ ਹਨ।
ਇਨ੍ਹਾਂ ਤੋਂ ਇਲਾਵਾ ਬੀਮਾ ਉਦਯੋਗ ’ਚ ਪੰਜ ਇਕਹਿਰੀਆਂ ਸਿਹਤ ਬੀਮਾ ਕੰਪਨੀਆਂ ਹਨ - ਆਦਿਤਿਆ ਬਿਰਲਾ ਹੈਲਥ ਇੰਸ਼ੋਰੈਂਸ, ਕੇਅਰ ਹੈਲਥ ਇੰਸ਼ੋਰੈਂਸ (ਪਹਿਲਾਂ ਰੇਲੀਗੇਰ ਹੈਲਥ ਇੰਸ਼ੋਰੈਂਸ), ਮਨੀਪਾਲ ਸਿਗਨਾ ਹੈਲਥ ਇੰਸ਼ੋਰੈਂਸ ਕੰਪਨੀ, ਨਿਵਾ ਬੂਪਾ ਹੈਲਥ ਇੰਸ਼ੋਰੈਂਸ ਅਤੇ ਸਟਾਰ ਹੈਲਥ ਐਂਡ ਅਲਾਈਡ ਇੰਸ਼ੋਰੈਂਸ।