
ਜੁਲਾਈ 2022-ਜੂਨ 2023 ’ਚ 3.2 ਫ਼ੀ ਸਦੀ ’ਤੇ ਪੁੱਜੀ ਬੇਰੁਜ਼ਗਾਰੀ ਦਰ
ਨਵੀਂ ਦਿੱਲੀ: ਦੇਸ਼ ’ਚ ਜੁਲਾਈ 2022 ਤੋਂ ਜੂਨ 2023 ਵਿਚਕਾਰ 15 ਸਾਲ ਅਤੇ ਉਸ ਤੋਂ ਵੱਧ ਉਮਰ ਦੀ ਬੇਰੁਜ਼ਗਾਰੀ ਦਰ ਛੇ ਸਾਲਾਂ ਦੇ ਸਭ ਤੋਂ ਹੇਠਲੇ ਪੱਧਰ 3.2 ਫ਼ੀ ਸਦੀ ’ਤੇ ਰਹੀ। ਸਰਕਾਰੀ ਸਰਵੇਖਣ ’ਚ ਇਹ ਗੱਲ ਸਾਹਮਣੇ ਆਈ ਹੈ। ਬੇਰੁਜ਼ਗਾਰੀ ਜਾਂ ਬੇਰੁਜ਼ਗਾਰੀ ਦਰ ਨੂੰ ਕਿਰਤ ਬਲ ’ਚ ਬੇਰੁਜ਼ਗਾਰ ਲੋਕਾਂ ਦੇ ਫ਼ੀ ਸਦੀ ਦੇ ਰੂਪ ’ਚ ਪਰਿਭਾਸ਼ਿਤ ਕੀਤਾ ਗਿਆ ਹੈ।
ਕੌਮੀ ਨਮੂਨਾ ਸਰਵੇਖਣ ਦਫ਼ਤਰ (ਐਨ.ਐਸ.ਐਸ.ਓ.) ਵਲੋਂ ਜਾਰੀ ਮਿਆਦੀ ਕਿਰਤ ਬਲ ਸਰਵੇਖਣ ਸਾਲਾਨਾ ਰੀਪੋਰਟ 2022-2023 ਅਨੁਸਾਰ ਜੁਲਾਈ 2022 ਤੋਂ ਜੂਨ 2023 ਵਿਚਕਾਰ ਕੌਮੀ ਪੱਧਰ ’ਤੇ 15 ਸਾਲ ਅਤੇ ਉਸ ਤੋਂ ਵੱਧ ਉਮਰ ਦੇ ਲੋਕਾਂ ਲਈ ਆਮ ਸਥਿਤੀ ’ਚ ਬੇਰੁਜ਼ਗਾਰੀ ਦਰ (ਯੂ.ਆਰ.) 2021-22 ’ਚ 4.1 ਫ਼ੀ ਸਦੀ ਤੋਂ ਘਟ ਕੇ 2022-23 ’ਚ 3.2 ਫ਼ੀ ਸਦੀ ਹੋ ਗਈ।
ਆਮ ਸਥਿਤੀ ਦਾ ਮਤਲਬ ਹੈ ਕਿ ਰੁਜ਼ਗਾਰ (ਕਿਸੇ ਵਿਅਕਤੀ ਦੀ ਸਥਿਤੀ) ਸਰਵੇਖਣ ਦੀ ਮਿਤੀ ਤੋਂ ਪਹਿਲਾਂ ਦੇ 365 ਦਿਨਾਂ ਦੇ ਆਧਾਰ ’ਤੇ ਮਿੱਥਿਆ ਗਿਆ ਹੈ। ਮਿਆਦੀ ਕਿਰਤ ਬਲ ਸਰਵੇਖਣ (ਪੀ.ਐਲ.ਐਫ਼.ਐੱਸ.) ਦੇ ਸੋਮਵਾਰ ਨੂੰ ਜਾਰੀ ਅੰਕੜਿਆਂ ਅਨੁਸਾਰ ਬੇਰੁਜ਼ਗਰੀ ਦਰ 2020-21 ’ਚ 4.2 ਫ਼ੀ ਸਦੀ, 2019-20 ’ਚ 4.8 ਫ਼ੀ ਸਦੀ, 2018-19 ’ਚ 5.8 ਫ਼ੀ ਸਦੀ ਅਤੇ 2017-18 ’ਚ ਛੇ ਫ਼ੀ ਸਦੀ ਸੀ।
ਸਮਾਂ ਅੰਤਰਾਲ ’ਤੇ ਕਿਰਤ ਬਲ ਅੰਕੜੇ ਮੁਹੱਈਆ ਹੋਣ ਦੇ ਮਹੱਤਵ ਨੂੰ ਧਿਆਨ ’ਚ ਰਖਦਿਆਂ ਐਨ.ਐੱਸ.ਐੱਸ.ਓ. ਨੇ ਅਪ੍ਰੈਲ 2017 ’ਚ ਮਿਆਦੀ ਕਿਰਤ ਬਲ ਸਰਵੇਖਣ (ਪੀ.ਐਲ.ਐਫ਼.ਐੱਸ.) ਦੀ ਸ਼ੁਰੂਆਤ ਕੀਤੀ ਸੀ। ਰੀਪੋਰਟ ਅਨੁਸਾਰ, ‘‘ਪੇਂਡੂ ਇਲਾਕਿਆਂ ’ਚ 2017-18 ’ਚ ਬੇਰੁਜ਼ਗਾਰੀ ਦਰ 5.3 ਫ਼ੀ ਸਦੀ ਤੋਂ ਘਟ ਕੇ 2022-23 ’ਚ 2.4 ਫ਼ੀ ਸਦੀ ਹੋ ਗਈ। ਸ਼ਹਿਰੀ ਇਲਾਕਿਆਂ ਲਈ ਇਹ 7.7 ਫ਼ੀ ਸਦੀ ਤੋਂ ਘਟ ਕੇ 5.4 ਫ਼ੀ ਸਦੀ ਹੋ ਗਈ।’’ ਸਰਵੇਖਣ ’ਚ ਸਾਹਮਣੇ ਆਇਆ, ‘‘ਭਾਰਤ ’ਚ ਮਰਦਾਂ ’ਚ ਬੇਰੁਜ਼ਗਾਰੀ ਦਰ 2017-18 ’ਚ 6.1 ਫ਼ੀ ਸਦੀ ਘਟ ਕੇ 2022-23 ’ਚ 3.3 ਫ਼ੀ ਸਦੀ ਹੋ ਗਈ। ਔਰਤਾਂ ’ਚ ਬੇਰੁਜ਼ਗਾਰੀ ਦਰ 5.6 ਫ਼ੀ ਸਦੀ ਤੋਂ ਘਟ ਕੇ 2.9 ਫ਼ੀ ਸਦੀ ਰਹੀ।’’