ਖਾਣ-ਪੀਣ ਦੀਆਂ ਚੀਜ਼ਾਂ ’ਚ ਵਾਧੇ ਦੇ ਬਾਵਜੂਦ 4 ਮਹੀਨੇ ਦੇ ਸਭ ਤੋਂ ਹੇਠਲੇ ਪੱਧਰ 5.09 ਫੀ ਸਦੀ ’ਤੇ ਪੁੱਜੀ
ਨਵੀਂ ਦਿੱਲੀ: ਅਰਥਵਿਵਸਥਾ ਦੇ ਮੋਰਚੇ 'ਤੇ ਮੰਗਲਵਾਰ ਨੂੰ ਸਥਿਤੀ ਰਲਵੀਂ-ਮਿਲਵੀਂ ਰਹੀ। ਨਿਰਮਾਣ, ਖਣਨ ਅਤੇ ਬਿਜਲੀ ਖੇਤਰਾਂ ਦੇ ਮਾੜੇ ਪ੍ਰਦਰਸ਼ਨ ਕਾਰਨ ਇਸ ਸਾਲ ਜਨਵਰੀ 'ਚ ਉਦਯੋਗਿਕ ਉਤਪਾਦਨ ਦੀ ਵਾਧਾ ਦਰ ਘੱਟ ਕੇ 3.8 ਫੀਸਦੀ ਰਹਿ ਗਈ, ਜਦੋਂ ਕਿ ਪ੍ਰਚੂਨ ਮਹਿੰਗਾਈ ਫਰਵਰੀ 'ਚ ਮਾਮੂਲੀ ਘੱਟ ਕੇ ਚਾਰ ਮਹੀਨਿਆਂ ਦੇ ਹੇਠਲੇ ਪੱਧਰ 5.09 ਫੀਸਦੀ 'ਤੇ ਆ ਗਈ।
ਅੰਕੜਾ ਅਤੇ ਪ੍ਰੋਗਰਾਮ ਲਾਗੂ ਕਰਨ ਦੇ ਮੰਤਰਾਲੇ ਦੇ ਬਿਆਨ ਮੁਤਾਬਕ ਉਦਯੋਗਿਕ ਉਤਪਾਦਨ ਸੂਚਕ ਅੰਕ (IIP) ਦੇ ਹਿਸਾਬ ਨਾਲ ਮਾਪਿਆ ਗਿਆ ਉਦਯੋਗਿਕ ਉਤਪਾਦਨ ਵਾਧਾ ਜਨਵਰੀ 2023 'ਚ 5.8 ਫੀ ਸਦੀ ਰਿਹਾ। ਜਦੋਂ ਕਿ ਦਸੰਬਰ 2023 'ਚ ਇਹ 4.2 ਫੀਸਦੀ ਅਤੇ ਨਵੰਬਰ 'ਚ 2.4 ਫੀਸਦੀ ਸੀ।
ਦੂਜੇ ਪਾਸੇ ਪ੍ਰਚੂਨ ਮਹਿੰਗਾਈ ਦਰ ਫ਼ਰਵਰੀ ’ਚ ਮਾਮੂਲੀ ਗਿਰਾਵਟ ਨਾਲ ਚਾਰ ਮਹੀਨਿਆਂ ਦੇ ਹੇਠਲੇ ਪੱਧਰ 5.09 ਫੀ ਸਦੀ ’ਤੇ ਆ ਗਈ। ਇਸ ਦੇ ਨਾਲ ਹੀ ਇਹ ਲਗਾਤਾਰ ਛੇਵੇਂ ਮਹੀਨੇ ਦੋ ਤੋਂ ਛੇ ਫੀ ਸਦੀ ਦੇ ਆਰਾਮ ਰੇਂਜ ’ਚ ਬਣਿਆ ਹੋਇਆ ਹੈ। ਮੰਗਲਵਾਰ ਨੂੰ ਜਾਰੀ ਅਧਿਕਾਰਤ ਅੰਕੜਿਆਂ ਮੁਤਾਬਕ ਖੁਰਾਕੀ ਵਸਤਾਂ ਦੀਆਂ ਕੀਮਤਾਂ ’ਚ ਵਾਧੇ ਦੇ ਬਾਵਜੂਦ ਖਪਤਕਾਰ ਮੁੱਲ ਸੂਚਕ ਅੰਕ (ਸੀ.ਪੀ.ਆਈ.) ਮਹਿੰਗਾਈ ਜਨਵਰੀ ’ਚ ਲਗਭਗ 5.1 ਫੀ ਸਦੀ ਦੇ ਲਗਭਗ ਬਰਾਬਰ ਰਹੀ।
ਕੌਮੀ ਅੰਕੜਾ ਦਫਤਰ (ਐੱਨ.ਐੱਸ.ਓ.) ਵਲੋਂ ਜਾਰੀ ਅੰਕੜਿਆਂ ਮੁਤਾਬਕ ਫ਼ਰਵਰੀ ’ਚ ਖੁਰਾਕੀ ਵਸਤਾਂ ’ਚ ਮਹਿੰਗਾਈ ਦਰ 8.66 ਫੀ ਸਦੀ ਰਹੀ, ਜੋ ਇਸ ਤੋਂ ਪਿਛਲੇ ਮਹੀਨੇ ਦੇ 8.3 ਫੀ ਸਦੀ ਤੋਂ ਮਾਮੂਲੀ ਜ਼ਿਆਦਾ ਹੈ। ਮਹੀਨੇ-ਦਰ-ਮਹੀਨੇ ਆਧਾਰ ’ਤੇ ਸਬਜ਼ੀਆਂ, ਫਲਾਂ, ਤੇਲ ਅਤੇ ਚਰਬੀ, ਦਾਲਾਂ ਅਤੇ ਇਸ ਦੇ ਉਤਪਾਦਾਂ ਦੀ ਮਹਿੰਗਾਈ ’ਚ ਮਾਮੂਲੀ ਕਮੀ ਆਈ ਹੈ। ਹਾਲਾਂਕਿ, ਅਨਾਜ ਅਤੇ ਇਸ ਦੇ ਉਤਪਾਦਾਂ, ਮੀਟ ਅਤੇ ਮੱਛੀ, ਅਤੇ ਦੁੱਧ ਅਤੇ ਇਸ ਦੇ ਉਤਪਾਦਾਂ ਦੇ ਖੇਤਰ ’ਚ ਕੀਮਤਾਂ ’ਚ ਵਾਧੇ ਦੀ ਦਰ ਵਧੇਰੇ ਸੀ। ਖਪਤਕਾਰ ਮੁੱਲ ਸੂਚਕ ਅੰਕ ’ਚ ਖਾਣ ਪੀਣ ਦੀਆਂ ਚੀਜ਼ਾਂ ਦੀ ਹਿੱਸੇਦਾਰੀ ਲਗਭਗ 50 ਫ਼ੀ ਸਦੀ ਹੈ।
ਐਨ.ਐਸ.ਓ. ਨੇ ਕਿਹਾ ਕਿ ਫ਼ਰਵਰੀ ’ਚ ਪੇਂਡੂ ਖੇਤਰਾਂ ’ਚ ਮਹਿੰਗਾਈ ਦਰ ਵੱਧ ਕੇ 5.34 ਫ਼ੀ ਸਦੀ ਰਹੀ, ਜਦਕਿ ਸ਼ਹਿਰੀ ਖੇਤਰਾਂ ’ਚ ਇਹ 4.78 ਫ਼ੀ ਸਦੀ ਸੀ। ਸੂਬਿਆਂ ’ਚ ਓਡੀਸ਼ਾ ’ਚ ਮਹਿੰਗਾਈ ਦਰ ਸੱਭ ਤੋਂ ਵੱਧ 7.55 ਫੀ ਸਦੀ ਅਤੇ ਦਿੱਲੀ ’ਚ ਸੱਭ ਤੋਂ ਘੱਟ 2.42 ਫੀ ਸਦੀ ਰਹੀ।
ਭਾਰਤੀ ਰਿਜ਼ਰਵ ਬੈਂਕ ਨੂੰ ਪ੍ਰਚੂਨ ਮਹਿੰਗਾਈ ਨੂੰ 2 ਫ਼ੀ ਸਦੀ ਦੇ ਮਾਰਜਨ ਨਾਲ 4 ਫ਼ੀ ਸਦੀ ’ਤੇ ਰਖਣਾ ਲਾਜ਼ਮੀ ਹੈ। ਕੇਂਦਰੀ ਬੈਂਕ ਨੇ ਪਿਛਲੇ ਮਹੀਨੇ ਅਪਣੀ ਮੁਦਰਾ ਨੀਤੀ ਸਮੀਖਿਆ ’ਚ 2023-24 ’ਚ ਮਹਿੰਗਾਈ ਦਰ 5.4 ਫੀ ਸਦੀ ਅਤੇ ਜਨਵਰੀ-ਮਾਰਚ ਤਿਮਾਹੀ ’ਚ 5.0 ਫੀ ਸਦੀ ਰਹਿਣ ਦਾ ਅਨੁਮਾਨ ਲਗਾਇਆ ਸੀ।
ਸੀ.ਪੀ.ਆਈ. ਦੇ ਅੰਕੜਿਆਂ ’ਤੇ ਟਿਪਣੀ ਕਰਦਿਆਂ ਆਈ.ਸੀ.ਆਰ.ਏ. ਦੀ ਮੁੱਖ ਅਰਥਸ਼ਾਸਤਰੀ ਅਦਿਤੀ ਨਾਇਰ ਨੇ ਕਿਹਾ ਕਿ ਭੋਜਨ ਅਤੇ ਪੀਣ ਵਾਲੇ ਪਦਾਰਥਾਂ ਨੂੰ ਛੱਡ ਕੇ ਸਾਰੇ ਉਪ-ਸਮੂਹਾਂ ਨੇ ਫ਼ਰਵਰੀ ’ਚ ਮਹਿੰਗਾਈ ’ਚ ਕਮੀ ਵੇਖੀ। ਇਹ ਦਰਸਾਉਂਦਾ ਹੈ ਕਿ ਗੈਰ-ਭੋਜਨ ਪਦਾਰਥਾਂ ਦੀ ਸ਼੍ਰੇਣੀ ਨਰਮ ਹੁੰਦੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਮੁੱਖ ਮਹਿੰਗਾਈ ਦਰ ਇਸ ਸਾਲ ਫ਼ਰਵਰੀ ’ਚ ਘੱਟ ਕੇ 3.5 ਫੀ ਸਦੀ ਰਹਿ ਗਈ, ਜੋ ਜਨਵਰੀ 2024 ’ਚ 3.7 ਫੀ ਸਦੀ ਸੀ। ਜਨਵਰੀ 2015 ਤੋਂ ਬਾਅਦ ਉਪਲਬਧ ਅੰਕੜਿਆਂ ਦੇ ਮਾਮਲੇ ’ਚ ਇਹ ਸੱਭ ਤੋਂ ਘੱਟ ਹੈ।
ਐਨਐਸਓ ਨੇ 1,114 ਸ਼ਹਿਰੀ ਬਾਜ਼ਾਰਾਂ ਅਤੇ 1,181 ਪਿੰਡਾਂ ਤੋਂ ਕੀਮਤਾਂ ਦੇ ਅੰਕੜੇ ਇਕੱਠੇ ਕੀਤੇ। ਇਸ ’ਚ ਸਾਰੇ ਰਾਜ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਸ਼ਾਮਲ ਹਨ। ਆਰ.ਬੀ.ਆਈ. ਦੀ ਮੁਦਰਾ ਨੀਤੀ ਕਮੇਟੀ ਨੀਤੀਗਤ ਦਰਾਂ ਨਿਰਧਾਰਤ ਕਰਦੇ ਸਮੇਂ ਮੁੱਖ ਤੌਰ ’ਤੇ ਪ੍ਰਚੂਨ ਮਹਿੰਗਾਈ ਨੂੰ ਧਿਆਨ ’ਚ ਰਖਦੀ ਹੈ। (ਪੀਟੀਆਈ)