
ਚਾਲੂ ਮਹੀਨੇ ਦੇ ਪਹਿਲੇ 10 ਦਿਨਾਂ ’ਚ FPI ਨੇ ਪੂਰੇ ਅਪ੍ਰੈਲ ਮਹੀਨੇ ਤੋਂ ਜ਼ਿਆਦਾ ਪੈਸੇ ਕਢਵਾਏ ਹਨ
ਨਵੀਂ ਦਿੱਲੀ: ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫ.ਪੀ.ਆਈ.) ਨੇ ਮਈ ਦੇ ਪਹਿਲੇ 10 ਦਿਨਾਂ ’ਚ ਭਾਰਤੀ ਸ਼ੇਅਰ ਬਾਜ਼ਾਰਾਂ ਤੋਂ 17,000 ਕਰੋੜ ਰੁਪਏ ਤੋਂ ਜ਼ਿਆਦਾ ਦੀ ਨਿਕਾਸੀ ਕੀਤੀ ਹੈ। ਆਮ ਚੋਣਾਂ ਦੇ ਨਤੀਜਿਆਂ ਨੂੰ ਲੈ ਕੇ ਬੇਯਕੀਨੀ ਵਿਚਕਾਰ ਵਿਦੇਸ਼ੀ ਨਿਵੇਸ਼ਕ ਉੱਚ ਮੁਲਾਂਕਣ ਅਤੇ ਮੁਨਾਫਾ ਕਮਾਉਣ ਲਈ ਭਾਰਤੀ ਸ਼ੇਅਰ ਬਾਜ਼ਾਰਾਂ ਤੋਂ ਪਿੱਛੇ ਹਟ ਰਹੇ ਹਨ।
ਇਸ ਤੋਂ ਪਹਿਲਾਂ ਪਿਛਲੇ ਸਾਲ ਅਪ੍ਰੈਲ ’ਚ ਐੱਫ.ਪੀ.ਆਈ. ਨੇ ਮਾਰੀਸ਼ਸ ਨਾਲ ਭਾਰਤ ਦੀ ਟੈਕਸ ਸੰਧੀ ’ਚ ਬਦਲਾਅ ਅਤੇ ਅਮਰੀਕਾ ’ਚ ਬਾਂਡ ਪ੍ਰਤੀਫ਼ਲ ’ਚ ਵਾਧੇ ਕਾਰਨ ਸ਼ੇਅਰ ਬਾਜ਼ਾਰਾਂ ਤੋਂ 8,700 ਕਰੋੜ ਰੁਪਏ ਦੀ ਸ਼ੁੱਧ ਨਿਕਾਸੀ ਕੀਤੀ ਸੀ। ਇਸ ਤਰ੍ਹਾਂ ਚਾਲੂ ਮਹੀਨੇ ਦੇ ਪਹਿਲੇ 10 ਦਿਨਾਂ ’ਚ ਐੱਫ.ਪੀ.ਆਈ. ਨੇ ਅਪ੍ਰੈਲ ਤੋਂ ਜ਼ਿਆਦਾ ਪੈਸੇ ਕਢਵਾਏ ਹਨ।
ਇਸ ਤੋਂ ਪਹਿਲਾਂ ਐੱਫ.ਪੀ.ਆਈ. ਨੇ ਮਾਰਚ ’ਚ ਸ਼ੇਅਰਾਂ ’ਚ 35,098 ਕਰੋੜ ਰੁਪਏ ਅਤੇ ਫ਼ਰਵਰੀ ’ਚ 1,539 ਕਰੋੜ ਰੁਪਏ ਦਾ ਸ਼ੁੱਧ ਨਿਵੇਸ਼ ਕੀਤਾ ਸੀ। ਮੰਨਿਆ ਜਾ ਰਿਹਾ ਹੈ ਕਿ ਆਮ ਚੋਣਾਂ ਤੋਂ ਬਾਅਦ ਭਾਰਤੀ ਕੰਪਨੀਆਂ ਦੇ ਮਜ਼ਬੂਤ ਵਿੱਤੀ ਨਤੀਜਿਆਂ ਕਾਰਨ ਐੱਫ.ਪੀ.ਆਈ. ਭਾਰਤੀ ਬਾਜ਼ਾਰ ’ਚ ਨਿਵੇਸ਼ ਵਧਾਉਣਗੇ।
ਟ੍ਰੇਡਜਿਨੀ ਦੇ ਸੀ.ਓ.ਓ. ਤ੍ਰਿਵੇਸ਼ ਡੀ ਨੇ ਕਿਹਾ ਕਿ ਐਫ.ਪੀ.ਆਈ. ਚੋਣ ਨਤੀਜੇ ਆਉਣ ਤਕ ਸਾਵਧਾਨ ਹੋ ਸਕਦੇ ਹਨ, ਪਰ ਜੇ ਨਤੀਜੇ ਅਨੁਕੂਲ ਹੁੰਦੇ ਹਨ ਅਤੇ ਸਿਆਸੀ ਸਥਿਰਤਾ ਹੁੰਦੀ ਹੈ, ਤਾਂ ਉਹ ਭਾਰਤੀ ਬਾਜ਼ਾਰਾਂ ’ਚ ਮਹੱਤਵਪੂਰਨ ਨਿਵੇਸ਼ ਕਰ ਸਕਦੇ ਹਨ। ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫ.ਪੀ.ਆਈ.) ਨੇ ਇਸ ਮਹੀਨੇ (10 ਮਈ) ਹੁਣ ਤਕ ਸ਼ੇਅਰ ਬਾਜ਼ਾਰਾਂ ਤੋਂ 17,083 ਕਰੋੜ ਰੁਪਏ ਦੀ ਸ਼ੁੱਧ ਨਿਕਾਸੀ ਕੀਤੀ ਹੈ।
ਮਾਰਨਿੰਗਸਟਾਰ ਇਨਵੈਸਟਮੈਂਟ ਰੀਸਰਚ ਇੰਡੀਆ ਦੇ ਐਸੋਸੀਏਟ ਡਾਇਰੈਕਟਰ-ਮੈਨੇਜਰ ਰੀਸਰਚ ਹਿਮਾਂਸ਼ੂ ਸ਼੍ਰੀਵਾਸਤਵ ਨੇ ਕਿਹਾ, ‘‘ਹਮਲਾਵਰ ਐਫ.ਪੀ.ਆਈ. ਵਿਕਰੀ ਦੇ ਕਈ ਕਾਰਨ ਹਨ। ਆਮ ਚੋਣਾਂ ਦੇ ਨਤੀਜਿਆਂ ਬਾਰੇ ਬੇਯਕੀਨੀ ਕਾਰਨ ਐਫ.ਪੀ.ਆਈ. ਚੌਕਸ ਹਨ। ਉਹ ਚੋਣ ਨਤੀਜਿਆਂ ਤੋਂ ਪਹਿਲਾਂ ਬਾਜ਼ਾਰ ਆਉਣ ਤੋਂ ਝਿਜਕ ਰਹੇ ਹਨ।’’
ਸ਼ੇਅਰਾਂ ਤੋਂ ਇਲਾਵਾ ਐੱਫ.ਪੀ.ਆਈ. ਨੇ ਸਮੀਖਿਆ ਅਧੀਨ ਮਿਆਦ ਦੌਰਾਨ ਕਰਜ਼ਾ ਜਾਂ ਬਾਂਡ ਬਾਜ਼ਾਰ ਤੋਂ 1,602 ਕਰੋੜ ਰੁਪਏ ਕੱਢੇ ਹਨ। ਇਸ ਤੋਂ ਪਹਿਲਾਂ ਐੱਫ.ਪੀ.ਆਈ. ਨੇ ਮਾਰਚ ’ਚ ਬਾਂਡ ਬਾਜ਼ਾਰ ’ਚ 13,602 ਕਰੋੜ ਰੁਪਏ, ਫ਼ਰਵਰੀ ’ਚ 22,419 ਕਰੋੜ ਰੁਪਏ ਅਤੇ ਜਨਵਰੀ ’ਚ 19,836 ਕਰੋੜ ਰੁਪਏ ਦਾ ਨਿਵੇਸ਼ ਕੀਤਾ ਸੀ। ਕੁਲ ਮਿਲਾ ਕੇ ਐੱਫ.ਪੀ.ਆਈ. ਨੇ 2024 ’ਚ ਹੁਣ ਤਕ ਸ਼ੇਅਰਾਂ ਤੋਂ 14,860 ਕਰੋੜ ਰੁਪਏ ਕੱਢੇ ਹਨ। ਹਾਲਾਂਕਿ ਉਨ੍ਹਾਂ ਨੇ ਕਰਜ਼ਾ ਜਾਂ ਬਾਂਡ ਬਾਜ਼ਾਰ ’ਚ 14,307 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ।